ਖੰਨਾ: ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਸਮੇਂ ਦੋ ਨੌਜਵਾਨ ਜ਼ਖ਼ਮੀ
100 ਫੁੱਟ ਤੋਂ ਆ ਰਹੇ ਆਪਣੇ ਦੋਸਤ ਨੂੰ ਬਚਾਉਣ ਲਈ ਦੋਸਤ ਨੇ ਆਪਣੀ ਜਾਨ ਨੂੰ ਪਾਇਆ ਸੀ ਜੋਖ਼ਮ ਚ
ਰਵਿੰਦਰ ਸਿੰਘ ਢਿੱਲੋਂ
ਖੰਨਾ 28 ਨਵੰਬਰ 2023- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੇਖ ਰੇਖ ਹੇਠ ਚੱਲ ਰਿਹਾ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਿੰਡ ਭੌਰਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰਖਦਿਆਂ ਨਿਸ਼ਾਨ ਸਾਹਿਬ ਜੀ ਦਾ ਚੋਲਾ ਬਦਲਣ ਸਮੇਂ ਅਚਾਨਕ ਤਾਰ ਟੁੱਟਣ ਦੇ ਕਾਰਨ ਦੀ ਸ਼ਰਧਾਲੂਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਹ ਖ਼ਬਰ ਸੁਣ ਕੇ ਇਲਾਕੇ ਅੰਦਰ ਸਨਸਨੀ ਫੈਲ ਗਈ।
ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ 9 ਵਜੇ ਦੇ ਕਰੀਬ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਲਈ ਸੰਗਤਾਂ ਗੁਰੂ ਘਰ ਇਕੱਠੀਆਂ ਹੋਈਆਂ ਤਾਂ ਇੱਕ 22 ਸਾਲਾਂ ਦੇ ਕਰੀਬ ਦਾ ਨੌਂਜਵਾਨ ਅਸਮੀਤ ਸਿੰਘ ਪੁੱਤਰ ਸਵ ਬਲਜਿੰਦਰ ਸਿੰਘ ਰਿੰਕੂ ਪੰਜਾਬ ਪੁਲਸ 100 ਫੁੱਟ ਦੇ ਕਰੀਬ ਉੱਚੇ ਨਿਸ਼ਾਨ ਸਾਹਿਬ ਦੇ ਸਿਖ਼ਰ ਤੇ ਚੋਲਾ ਬਦਲਣ ਲਈ ਲੋਹੇ ਦੀ ਕੁਰਸੀ -(ਵਹਿੰਗੀ) ਤੇ ਬੈਠ ਕੇ ਪੁੱਜਾ ਤਾਂ ਅਚਾਨਕ ਹੀ ਕੁਰਸੀ ਵਾਲੀ ਤਾਰ ਟੁੱਟ ਗਈ ਤਾਂ ਸੰਗਤਾਂ ਇੱਕ ਦਮ ਸਹਿਮ ਨਾਲ ਡਰ ਗਈਆਂ ਤਾਂ ਬਹੁਤ ਹੀ ਤੇਜ ਰਫ਼ਤਾਰ ਨਾਲ ਥੈਲੇ ਆ ਰਹੇ ਨੌਂਜਵਾਨ ਨੂੰ ਬਚਾਉਣ ਲਈ ਉਸ ਦੇ ਜਿਗਰੀ ਦੋਸਤ ਅਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਬਿੰਦਾ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਆਪਣੀਆਂ ਬਾਹਾਂ ਨਾਲ ਬੜੀ ਹੀ ਫੁਰਤੀ ਨਾਲ ਬੁੱਚ ਕੇ ਉਸ ਦੀ ਜਾਨ ਨੂੰ ਬਚਾ ਲਿਆ।
ਪਰ ਉਸ ਦਾ ਹੱਥ ਲੋਹੇ ਦੀ ਕੁਰਸੀ ਲਗਣ ਕਾਰਨ ਗੁੱਟ ਟੁੱਟ ਗਿਆ ਜਦ ਕਿ ਨਿਸ਼ਾਨ ਸਾਹਿਬ ਤੋਂ ਥੱਲ੍ਹੇ ਆ ਰਹੇ ਨੌਂਜਵਾਨ ਦੇ ਸਿਰ ਤੇ ਮੋਢੇ ਤੇ ਸੱਟਾ ਵਜਣ ਨਾਲ ਜ਼ਖ਼ਮੀ ਹੋ ਗਿਆ। ਸੰਗਤਾਂ ਨੇ ਉਕਤ ਨੌਜਵਾਨਾਂ ਨੂੰ ਦੋਰਾਹੇ ਦੇ ਨਿੱਜੀ ਹਸਪਤਾਲ ਵਿਚ ਦਾਖਲਾ ਕਰਵਾ ਦਿੱਤਾ। ਸੰਗਤਾਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੀ ਕ੍ਰਿਪਾ ਸਦਕਾ ਹੀ ਇਸ ਨੌਂਜਾਵਨ ਦੀ ਜਾਨ ਬਚ ਗਈ ਹੈ। ਕੁੱਝ ਸਿਆਣੇ ਬੁਜਰਗਾਂ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਦਾ ਫ਼ਰਜ ਬਣਦਾ ਹੈ ਕਿ ਜਦੋਂ ਵੀ ਨਿਸ਼ਾਨ ਸਾਹਿਬ ਜੀ ਦਾ ਚੋਲਾ ਬਦਲਣ ਹੈ ਤਾਂ ਪਹਿਲਾ ਚੰਗੀ ਤਰ੍ਹਾਂ ਕੁਰਸੀ ਨਾਲ ਬੰਨ੍ਹੀ ਹੋਈ ਤਾਰ ਨੂੰ ਚੈੱਕ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਜੇਕਰ ਥੱਲ੍ਹੇ ਖੜ੍ਹਾ ਨੌਂਜਾਵਨ ਫੁਰਤੀ ਨਾ ਦਿਖਾਉਂਦਾ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ। ਇਲਾਕੇ ਤੇ ਨਗਰ ਅੰਦਰ ਇਸ ਨੌਜਾਵਨ ਦੀ ਬਹਾਦਰੀ ਦੀ ਚਰਚਾ ਚੱਲ ਰਹੀ ਹੈ। ਜ਼ਖ਼ਮੀ ਹੋਏ ਅਮਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਆਖਿਆ ਕਿ ਗੁਰੂ ਜੀ ਦੀ ਕ੍ਰਿਪਾ ਨਾਲ ਹੀ ਇੱਕ ਦਮ ਮੇਰੇ ਅੰਦਰ ਫੁਰਤੀ ਆਉਣ ਨਾਲ ਮੈਂ ਆਪਣੇ ਦੋਸਤ ਨੂੰ ਬਚਾਉਣ ਲਈ ਅੱਗੇ ਆਇਆ।