ਇਸ਼ਕ ਤੰਦੂਰ ਹੱਡਾਂ ਦਾ ਬਾਲਣ ਬਣੀ ਪੁਲਿਸ ਅਫਸਰਾਂ ਲਈ PM ਮੋਦੀ ਦੀ ਸੁਰੱਖਿਆ
ਅਸ਼ੋਕ ਵਰਮਾ
ਬਠਿੰਡਾ, 28 ਨਵੰਬਰ 2023: ਫ਼ਿਰੋਜ਼ਪੁਰ ਨੇੜੇ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ਦੀ ਸੁਰੱਖਿਆ ਵਿੱਚ ‘ਕੁਤਾਹੀ’ ਦੇ ਮਾਮਲੇ ਵਿੱਚ ਮੁਅੱਤਲ ਕੀਤੇ ਬਠਿੰਡਾ ਦੇ ਐੱਸਪੀ ਸਣੇ ਸੱਤ ਪੁਲਿਸ ਅਧਿਕਾਰੀਆਂ ਵੱਲੋਂ ਪੁਲਿਸ ਵਿਭਾਗ ਵਿੱਚ ਨਿਭਾਈਆਂ ਹੁਣ ਤੱਕ ਦੀਆਂ ਸੇਵਾਵਾਂ ਤੇ ਕੱਚੇ ਧਾਗੇ ਨਾਲ ਤਲਵਾਰ ਲਟਕਦੀ ਦਿਖਾਈ ਦੇ ਰਹੀ ਹੈ। ਪੰਜਾਬ ਸਰਕਾਰ ਦੇ ਗ੍ਰਹਿ ਅਤੇ ਨਿਆਂ ਵਿਭਾਗ ਵੱਲੋਂ 22 ਅਕਤੂਬਰ 2023 ਡੀਜੀਪੀ ਪੰਜਾਬ ਨੂੰ ਲਿਖੇ ਪੱਤਰ ਦੀ ਇਬਾਰਤ ਨੂੰ ਗਹੁ ਨਾਲ ਵਾਚੀਏ ਤਾਂ ਪੰਜਾਬ ਪੁਲਿਸ ਦੀ ਨਿਯਮਾਂਵਲੀ ਨੂੰ ਨੇੜਿਓਂ ਜਾਨਣ ਵਾਲਿਆਂ ਨੇ ਵੀ ਬੇਹੱਦ ਸਖਤ ਕਾਰਵਾਈ ਦੀ ਸੰਭਾਵਨਾ ਰੱਦ ਨਹੀਂ ਕੀਤੀ ਹੈ। ਇਸ ਮਾਮਲੇ ’ਚ ਉਲਝੇ ਅਫਸਰ ਵੀ ਕਿਸੇ ਅਣਹੋਣੀ ਨੂੰ ਲੈਕੇ ਕਾਫੀ ਫਿਕਰਮੰਦ ਦੱਸੇ ਜਾ ਰਹੇ ਹਨ।
ਜਿਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ ਉਨ੍ਹਾਂ ’ਚ ਐਸਪੀ (ਬਠਿੰਡਾ) ਗੁਰਵਿੰਦਰ ਸਿੰਘ ਸੰਘਾ ਜੋ ਕਿ ਘਟਨਾ ਵੇਲੇ ਫਿਰੋਜ਼ਪੁਰ ਦੇ ਐੱਸਪੀ ਸਨ, ਡੀਐਸਪੀ ਪ੍ਰਸਨ ਸਿੰਘ ਤੇ ਜਗਦੀਸ਼ ਕੁਮਾਰ, ਇੰਸਪੈਕਟਰ ਜਤਿੰਦਰ ਸਿੰਘ ਤੇ ਬਲਵਿੰਦਰ ਸਿੰਘ,ਸਬ ਇੰਸਪੈਕਟਰ ਜਸਵੰਤ ਸਿੰਘ ਅਤੇ ਏਐਸਆਈ ਰਮੇਸ਼ ਕੁਮਾਰ ਸ਼ਾਮਲ ਹਨ। ਪੱਤਰ ਦੇ ਪੰਜ ਨੰਬਰ ਨੁਕਤੇ ਵਿੱਚ ਇੰਨ੍ਹਾਂ ਸੱਤਾਂ ਅਧਿਕਾਰੀਆਂ ਨੂੰ ਵੱਡੀ ਸਜ਼ਾਵਾਂ ਦੇਣ ਦੇ ਮੰਤਵ ਨਾਲ ਪੰਜਾਬ ਸਿਵਲ ਸੇਵਾਵਾਂ (ਸਜ਼ਾ ਤੇ ਅਪੀਲ) 1970 ਦੇ ਨਿਯਮ 8 ਅਧੀਨ ਚਾਰਜਸ਼ੀਟ ਦੇ ਖਰੜੇ ਸਮੇਤ ਦਸਤਾਵੇਜ਼ ਅਤੇ ਗਵਾਹਾਂ ਦੀ ਸੂਚੀ ਤਿਆਰ ਕਰਕੇ ਸਰਕਾਰ ਨੂੰ ਭੇਜਣ ਦੀ ਹਦਾਇਤ ਕੀਤੀ ਗਈ ਹੈ। ਪੰਜਾਬ ਪੁਲਿਸ ਦੇ ਸੇਵਾਮੁਕਤ ਡੀਐਸਪੀ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਕਈ ਕੇਸਾਂ ਵਿੱਚ ਸਰਕਾਰ ਜਾਂ ਪੁਲਿਸ ਵਿਭਾਗ ਨੌਕਰੀ ਦੇ ਸਾਲ ਘੱਟ ਕਰ ਦਿੰਦਾ ਹੈ ।
ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਾਲ ਜੁੜਿਆ ਹੈ ਜਿਸ ਦੀ ਪੜਤਾਲ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋਈ ਸੀ ਜੋ ਸਖਤ ਕਾਰਵਾਈ ਦਾ ਅਧਾਰ ਬਣਦਾ ਹੈ। ਉਨ੍ਹਾਂ ਦੱਸਿਆ ਕਿ ਕੋਈ ਵੱਡੀ ਗੱਲ ਨਹੀਂ ਕਿ ਇਸ ਮਾਮਲੇ ’ਚ ਕਸੂਰਵਾਰ ਪਾਏ ਜਾਣ ਵਾਲੇ ਅਧਿਕਾਰੀਆਂ ਨੂੰ ਬਰਖਾਸਤਗੀ ਦਾ ਸਾਹਮਣਾ ਕਰਨਾ ਪਵੇ। ਦੱਸਣਯੋਗ ਹੈ ਕਿ ਇਸ ਕੇਸ ਦੀ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਈ ਸਿਖਰਲੇ ਅਧਿਕਾਰੀਆਂ ਨੂੰ ਵੀ ਇਸ ਕੁਤਾਹੀ ਲਈ ਜ਼ਿੰਮੇਵਾਰ ਠਹਿਰਾਇਆ ਹੈ ਜਿਨ੍ਹਾਂ ਵਿੱਚ ਤਤਕਾਲੀ ਗ੍ਰਹਿ ਸਕੱਤਰ ਤੇ ਡੀਜੀਪੀ ਸਣੇ ਐਡੀਸ਼ਨਲ ਡੀਜੀਪੀ ਤੇ ਐੱਸਐੱਸਪੀ ਰੈਂਕ ਦੇ ਆਈਪੀਐਸ ਅਧਿਕਾਰੀ ਸ਼ਾਮਲ ਹਨ। ਜਸਟਿਸ (ਸੇਵਾ-ਮੁਕਤ) ਇੰਦੂ ਮਲਹੋਤਰਾ ਦੀ ਪ੍ਰਧਾਨਗੀ ਵਾਲੀ ਜਾਂਚ ਕਮੇਟੀ ਵਿੱਚ ਤਿੰਨ ਵੱਡੇ ਪੁਲਿਸ ਅਧਿਕਾਰੀ ਸ਼ਾਮਲ ਕੀਤੇ ਗਏ ਸਨ।
ਰਿਪੋਰਟ ਵਿੱਚ ਸੂਬਾ ਸਰਕਾਰ ਨੂੰ ਇਸ ਕੁਤਾਹੀ ਵਿੱਚ ਪੰਜਾਬ ਪੁਲੀਸ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਲਈ ਕਿਹਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ 2022 ਦੀ ਪੰਜਾਬ ਫੇਰੀ ਮੌਕੇ ਕਿਸਾਨ ਜੱਥੇਬੰਦੀਆਂ ਨੇ ਵਿਰੋਧ ਜਤਾਉਣ ਦਾ ਐਲਾਨ ਕੀਤਾ ਸੀ। ਇਸ ਮੌਕੇ ਪੁਲਿਸ ਵੱਲੋਂ ਹੰਗਾਮੀ ਹਾਲਾਤਾਂ ਦੌਰਾਨ ਕਾਰਵਾਈ ਕਰਨ ਲਈ ਬਣਾਈ ਗਈ ਟੀਮ ਦੇ ਨੋਡਲ ਅਫਸਰ ਐਸ ਪੀ ਗੁਰਬਿੰਦਰ ਸਿੰਘ ਸੰਘਾ ਸਨ। ਇਸ ਦਿਨ ਪ੍ਰਧਾਨ ਮੰਤਰੀ ਹਵਾਈ ਜਹਾਜ ਰਾਹੀਂ ਬਠਿੰਡਾ ਪੁੱਜੇ ਸਨ ਜਿੱਥੋਂ ਹੈਲੀਕਾਪਟਰ ਰਾਹੀਂ ਫਿਰੋਜ਼ਪੁਰ ਜਾਣ ਦੀ ਯੋਜਨਾ ਸੀ। ਅਚਾਨਕ ਮੌਸਮ ਖਰਾਬ ਹੋਣ ਅਤੇ ਬਾਰਸ਼ ਕਾਰਨ ਪ੍ਰਧਾਨ ਮੰਤਰੀ ਨੂੰ ਸੜਕੀ ਰਸਤੇ ਫਿਰੋਜ਼ਪੁਰ ਲਿਜਾਣ ਦਾ ਪ੍ਰੋਗਰਾਮ ਬਣ ਗਿਆ।
ਜਦੋਂ ਉਹ ਸੜਕ ਰਸਤੇ ਬਠਿੰਡਾ ਤੋਂ ਫ਼ਿਰੋਜ਼ਪੁਰ ਜਾ ਰਹੇ ਸਨ ਤਾਂ ਫ਼ਿਰੋਜ਼ਪੁਰ ਦਾਖ਼ਲ ਹੋਣ ਤੋਂ ਪਹਿਲਾਂ ਇੱਕ ਫਲਾਈਓਵਰ ’ਤੇ ਕਿਸਾਨ ਯੂਨੀਅਨ ਨੇ ਧਰਨਾ ਲਾਇਆ ਹੋਇਆ ਸੀ। ਇਸ ਧਰਨੇ ਕਾਰਨ ਪ੍ਰਧਾਨ ਮੰਤਰੀ ਦੀਆਂ ਗੱਡੀਆਂ ਦਾ ਕਾਫ਼ਲਾ ਪੰਦਰਾਂ ਕੁ ਮਿੰਟ ਫਲਾਈਓਵਰ ’ਤੇ ਹੀ ਰੁਕਿਆ ਰਿਹਾ। ਪ੍ਰੋਟੋਕੋਲ ਮੁਤਾਬਕ ਪ੍ਰਧਾਨ ਮੰਤਰੀ ਵਰਗੀ ਵੀਵੀਆਈਪੀ ਸ਼ਖਸ਼ੀਅਤ ਦੇ ਲੰਘਣ ਵੇਲੇ ਰਸਤਾ ਪੂਰੀ ਤਰਾਂ ਸਾਫ ਰੱਖਣਾ ਹੁੰਦਾ ਹੈ। ਪੁਲਿਸ ਪ੍ਰਸ਼ਾਸ਼ਨ ਇਸ ਮੌਕੇ ਕਿਸਾਨਾਂ ਖਿਲਾਫ ਕਿਸੇ ਕਿਸਮ ਦੀ ਕਾਰਵਾਈ ਕਰਨ ਅਤੇ ਰਸਤਾ ਨਿਰਵਿਘਨ ਚਾਲੂ ਕਰਵਾਉਣ ’ਚ ਅਸਫਲ ਰਿਹਾ । ਰੈਲੀ ਵਾਲੀ ਥਾਂ ’ਤੇ ਪਹੁੰਚੇ ਬਗ਼ੈਰ ਹੀ ਪ੍ਰਧਾਨ ਮੰਤਰੀ ਦਿੱਲੀ ਪਰਤਣ ਲਈ ਫਲਾਈਓਵਰ ਤੋਂ ਵਾਪਸ ਸੜਕੀ ਮਾਰਗ ਰਾਹੀਂ ਬਠਿੰਡਾ ਹਵਾਈ ਅੱਡੇ ’ਤੇ ਪੁੱਜ ਗਏ।
ਹਵਾਈ ਅੱਡੇ ’ਤੇ ਉਨ੍ਹਾਂ ਪੰਜਾਬ ਦੇ ਸੁਰੱਖਿਆ ਕਰਮਚਾਰੀਆਂ ਨੂੰ ਕਥਿਤ ਤੌਰ ’ਤੇ ਕਿਹਾ ਸੀ ਕਿ ‘ਆਪਣੇ ਮੁੱਖ ਮੰਤਰੀ ਨੂੰ ਕਹਿ ਦੇਣਾ ਕਿ ਸ਼ੁਕਰ ਹੈ ਉਹ ਬਚ ਕੇ ਵਾਪਿਸ ਆ ਗਏ ਹਨ। ਇਸ ਮੁੱਦੇ ਨੂੰ ਲੈ ਕੇ ਤੱਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਿਚਕਾਰ ਤਕਰਾਰ ਵੀ ਹੋਈ ਸੀ। ਕੇਂਦਰੀ ਗ੍ਰਹਿ ਵਿਭਾਗ ਨੇ ਇਸ ਗੰਭੀਰ ਮਾਮਲੇ ਦੀ ਡੀਜੀਪੀ ਅਤੇ ਮੁੱਖ ਸਕੱਤਰ ਤੋਂ ਰਿਪੋਰਟ ਤਲਬ ਕੀਤੀ ਸੀ। ਤਤਕਾਲੀ ਡੀਜੀਪੀ ਤੋਂ ਲੈ ਕੇ ਪ੍ਰਧਾਨ ਮੰਤਰੀ ਦੌਰੇ ਲਈ ਤਾਇਨਾਤ ਪੁਲੀਸ ਅਧਿਕਾਰੀਆਂ ਖਿਲਾਫ ਚੱਲੀ ਕਰੀਬ ਪੌਣੇ ਦੋ ਸਾਲ ਲੰਮੀ ਪੜਤਾਲ ਉਪਰੰਤ ਸੱਤ ਅਧਿਕਾਰੀਆਂ ਖਿਲਾਫ ਕਾਰਵਾਈ ਸਾਹਮਣੇ ਆਈ ਹੈ।
ਹੋਰਾਂ ਖਿਲਾਫ ਵੀ ਕਾਰਵਾਈ ਦੀ ਸੰਭਾਵਨਾ
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੁਰੱਖਿਆ ਕੁਤਾਹੀ ਲਈ ਜ਼ਿੰਮੇਵਾਰ ਹੋਰ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਵਿਚਾਰ ਅਧੀਨ ਹੈ। ਪੜਤਾਲੀਆ ਕਮੇਟੀ ਨੇ ਤਿੰਨ ਹੋਰ ਉੱਚ ਅਧਿਕਾਰੀਆਂ ਤੱਤਕਾਲੀ ਇੱਕ ਡੀਜੀਪੀ , ਫਿਰੋਜ਼ਪਰ ਦੇ ਡੀਆਈਜੀ ਤੇ ਫਿਰੋਜ਼ਪੁਰ ਦੇ ਐੱਸਐੱਸਪੀ ਤੋਂ ਇਲਾਵਾ ਗ੍ਰਹਿ ਸਕੱਤਰ ਖਿਲਾਫ ਵੀ ਸਖਤ ਕਾਰਵਾਈ ਕਰਨ ਲਈ ਕਿਹਾ ਹੈ। ਸੂਤਰ ਦੱਸਦੇ ਹਨ ਕਿ ਆਉਣ ਵਾਲੇ ਦਿਨਾਂ ਦੌਰਾਨ ਗ੍ਰਹਿ ਵਿਭਾਗ ਪੰਜਾਬ ਇੰਨ੍ਹਾਂ ਅਧਿਕਾਰੀਆਂ ਦੇ ਮਾਮਲੇ ਵਿੱਚ ਵੀ ਫੈਸਲਾ ਲੈ ਸਕਦਾ ਹੈ।