ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਸ਼ੁਰੂ ਕੀਤੀ ਮੈਂਬਰਸ਼ਿਪ ਮੁਹਿੰਮ
- ਡਾ. ਐਸ.ਐਸ. ਆਹਲੂਵਾਲੀਆ ਨੇ ਮੈਂਬਰਸ਼ਿਪ ਮੁਹਿੰਮ ਲਈ 9888777248 ਨੰਬਰ ਕੀਤਾ ਜਾਰੀ
ਚੰਡੀਗੜ੍ਹ, 1 ਦਸੰਬਰ, 2023: ਲੋਕ ਸਭਾ ਚੋਣਾਂ ਜਿਵੇਂ–ਜਿਵੇਂ ਨੇੜੇ ਆ ਰਹੀਆਂ ਹਨ, ਆਮ ਆਦਮੀ ਪਾਰਟੀ (ਆਪ) ਨੇ ਚੰਡੀਗੜ੍ਹ ਦੇ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੇ ਤਹਿਤ ਅੱਜ ਆਪ ਵਲੋਂ ਚੰਡੀਗੜ੍ਹ ਦੇ ਵਿੱਚ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਦੇ ਲਈ ਪੰਜਾਬ ਜਲ ਸਪਲਾਈ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਵਲੋਂ 9888777248 ਨੰਬਰ ਅਤੇ ਮੋਬਾਇਲ ਐਪਲੀਕੇਸ਼ਨ ‘ਚੰਡੀਗੜ੍ਹ 2024’ ਜਾਰੀ ਕੀਤੀ ਗਈ। ਇਸ ਦੌਰਾਨ ਚੰਡੀਗੜ੍ਹ ਤੋਂ ਆਪ ਦੇ ਸੀਨੀਅਰ ਆਗੂ ਪ੍ਰੇਮ ਗਰਗ, ਕੌਂਸਲਰ ਦਮਨਪ੍ਰੀਤ ਸਿੰਘ, ਜਸਵੀਰ ਸਿੰਘ ਲਾਡੀ, ਸੁਮਨ ਅਮਿਤ ਸ਼ਰਮਾਂ, ਪੂਨਮ ਕੁਮਾਰੀ, ਨੇਹਾ ਮੁਸਾਵਤ, ਯੋਗੇਸ਼ ਢੀਂਗਰਾ, ਅੰਜੂ ਕਟਿਆਲ, ਜਸਵਿੰਦਰ ਕੌਰ, ਪ੍ਰੇਮ ਲਤਾ, ਰਾਮ ਚੰਦਰ ਯਾਦਵ, ਮੁਨਵਰ ਅਤੇ ਕੁਲਦੀਪ ਸਿੰਘ ਵੀ ਹਾਜ਼ਰ ਰਹੇ।
ਡਾ. ਆਹਲੂਵਾਲੀਆ ਨੇ ਇਸ ਮੌਕੇ ਉਤੇ ਕਿਹਾ ਕਿ 2021 ਦੇ ਵਿੱਚ ਚੰਡੀਗੜ੍ਹ ਵਾਸੀਆਂ ਨੇ ਨਗਰ ਨਿਗਮ ਚੋਣਾਂ ਦੇ ਵਿੱਚ ਹੋਰ ਪਾਰਟੀਆਂ ਦੇ ਵੱਡੇ ਦਿੱਗਜ਼ਾਂ, ਜਿਨ੍ਹਾਂ ਵਿੱਚ ਕਈਂ ਮੇਅਰ ਅਤੇ ਯੂਥ ਨੇਤਾ ਸ਼ਾਮਿਲ ਸਨ, ਨੂੰ ਨਕਾਰਦੇ ਹੋਏ ਆਮ ਆਦਮੀ ਪਾਰਟੀ ਦੇ ਸਭ ਤੋਂ ਜ਼ਿਆਦਾ ਕੌਂਸਲਰ ਜਿਤਾਏ ਸਨ। ਇਸ ਦਾ ਇਕੋ–ਇੱਕ ਕਾਰਨ ਹੈ, ਦੇਸ਼ ਦੀ ਰਾਜਧਾਨੀ ਦਿੱਲੀ। ਦਿੱਲੀ ਦੇ ਵਿੱਚ ਆਪ ਦੇ ਕੰਮਾਂ ਨੂੰ ਦੇਖਦੇ ਹੋਏ ਚੰਡੀਗੜ੍ਹ ਵਾਸੀਆਂ ਨੇ ਆਪ ਨੂੰ ਸਭ ਤੋਂ ਵੱਧ ਵੋਟਾਂ ਪਾ ਕੇ ਸਭ ਤੋਂ ਵੱਧ ਕੌਂਸਲਰ ਜਿਤਾਏ।
ਡਾ. ਆਹਲੂਵਾਲੀਆ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂਬਰਸ਼ਿਪ ਮੁਹਿੰਮ ਦੇ ਤਹਿਤ ਆਪ ਦੇ ਵਰਕਰ ਚੰਡੀਗੜ੍ਹ ਵਾਸੀਆਂ ਘਰ–ਘਰ ਜਾ ਕੇ ਮੀਟਿੰਗਾਂ ਕਰਨਗੇ, ਉਨ੍ਹਾਂ ਨੂੰ ਆਪ ਦਾ ਮੈਂਬਰ ਬਨਾਉਣਗੇ। ਇਸ ਦੇ ਤਹਿਤ ਵਾਰਡ ਪੱਧਰ ਦੇ ਵਰਕਰਾਂ ਨੂੰ ਇੱਕ ਮੈਂਬਰਸ਼ਿਪ ਪਰਚੀ ਦੀ ਕਿਤਾਬ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਇੱਕ ਵਲੰਟੀਅਰ ਮੈਂਪਿੰਗ ਸ਼ੀਟ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਲੋਕਾਂ ਨੂੰ ਆਪ ਦਾ ਮੈਂਬਰ ਬਣਨ ਦੇ ਲਈ 9888777248 ਮਿਸ ਕਾਲ ਕਰਨੀ ਹੋਵੇਗੀ। ਇਸ ਤੋਂ ਬਾਅਦ ਇੱਕ ਮੈਂਬਰਸ਼ਿਪ ਕੋਡ ਪ੍ਰਾਪਤ ਹੋਵੇਗਾ। ਪ੍ਰਾਪਤ ਹੋਏ ਕੋਡ ਨੂੰ ਆਪ ਦੇ ਵਰਕਰ ਦੁਆਰਾ ਪਰਚੀ ਉਤੇ ਦਰਜ ਕੀਤਾ ਜਾਵੇਗਾ, ਜਿਸ ਦੀ ਇੱਕ ਕਾਪੀ ਮੈਂਬਰ ਬਣਨ ਵਾਲੇ ਵਿਅਕਤੀ ਨੂੰ ਦਿੱਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਮੈਂਬਰਸ਼ਿਪ ਮੁਹਿੰਮ ਦੇ ਤਹਿਤ ਬਣਾਏ ਗਏ ਮੈਂਬਰਾਂ ਦੀ ਜਾਣਕਾਰੀ ਨੂੰ ਵਰਕਰਾਂ ਦੁਆਰਾ ‘ਚੰਡੀਗੜ੍ਹ 2024’ ਮੋਬਾਇਲ ਐਪਲੀਕੇਸ਼ਨ ਤੇ ਅਪਲੋਡ ਕੀਤਾ ਜਾਵੇਗਾ। ਜਿਸ ਦੇ ਵਿੱਚ ਮੈਂਬਰ ਦੀ ਸਾਰੀ ਜਾਣਕਾਰੀ ਹੋਵੇਗੀ। ਇਸ ਨਾਲ ਹੀ ਆਪ ਦੇ ਵਰਕਰਾਂ ਨੂੰ ਇੱਕ ਵਲੰਟੀਅਰ ਮੈਪਿੰਗ ਸ਼ੀਟ ਵੀ ਜਾਰੀ ਕੀਤੀ ਗਈ ਹੈ। ਜੇਕਰ ਕੋਈ ਵਿਅਕਤੀ ਵਲੰਟੀਅਰ ਦੇ ਤੌਰ ਉਤੇ ਆਪ ਦੇ ਨਾਲ ਜੁੜਨਾ ਚਾਹੁੰਦਾ ਹੈ ਤਾਂ ਉਹ ਆਪਣੀ ਜਾਣਕਾਰੀ ਇਸ ਸ਼ੀਟ ਵਿੱਚ ਦਰਜ ਕਰਵਾ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ 2021 ਨਗਰ ਨਿਗਮ ਚੋਣਾਂ ਵਿੱਚ ਚੰਡੀਗੜ੍ਹ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਵੋਟਾਂ ਪਾਈਆਂ ਸਨ, ਹੁਣ 2024 ਲੋਕ ਸਭਾ ਚੋਣਾਂ ਦੇ ਵਿੱਚ ਵੀ ਚੰਡੀਗੜ੍ਹ ਵਾਸੀ ਆਪ ਨੂੰ ਸਭ ਤੋਂ ਵੱਧ ਵੋਟਾਂ ਪਾ ਕੇ ਜਿਤਾਉਣਗੇ, ਕਿਉਂਕਿ ਆਪ ਨੇ ਦਿੱਲੀ ਅਤੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਲੋਕ ਭਲਾਈ ਦੇ ਕੰਮ ਕੀਤੇ ਹਨ।