ਜਗਤਾਰ ਸਿੰਘ ਹਵਾਰਾ ਇੱਕ ਹੋਰ ਕੇਸ ਚੋਂ ਬਰੀ
ਚੰਡੀਗੜ੍ਹ, 1 ਦਸੰਬਰ 2023 - ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਜ਼ਿਲਾ ਅਦਾਲਤ ਨੇ ਇਕ ਹੋਰ ਮਾਮਲੇ 'ਚੋਂ ਬਰੀ ਕਰ ਦਿੱਤਾ ਗਿਆ ਹੈ। ਪੁਲੀਸ ਇਸ ਮਾਮਲੇ ਵਿੱਚ ਵੀ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ। ਪੁਲਿਸ ਵੱਲੋਂ ਨਾਮਜ਼ਦ ਗਵਾਹ ਦੀ ਮੌਤ ਹੋ ਗਈ ਹੈ। ਇਸ ਕਾਰਨ ਹਵਾਰਾ ਨੂੰ ਬਰੀ ਕਰ ਦਿੱਤਾ ਗਿਆ ਹੈ।
ਹਵਾਰਾ ਖ਼ਿਲਾਫ਼ 2005 ਵਿੱਚ ਚੰਡੀਗੜ੍ਹ ਦੇ ਸੈਕਟਰ 17 ਵਿੱਚ ਦੇਸ਼ ਖ਼ਿਲਾਫ਼ ਸਾਜ਼ਿਸ਼ ਰਚਣ, ਅਸਲਾ ਐਕਟ ਅਤੇ ਵਿਸਫੋਟਕ ਪਦਾਰਥ ਰੱਖਣ ਦਾ ਕੇਸ ਦਰਜ ਕੀਤਾ ਗਿਆ ਸੀ।
ਹਵਾਰਾ ਇਸ ਸਮੇਂ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਬੰਦ ਹੈ। ਹਵਾਰਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ 'ਚ ਸ਼ਾਮਿਲ ਸੀ। ਇਸ ਮਾਮਲੇ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਜਗਤਾਰ ਸਿੰਘ ਹਵਾਰਾ ਨੂੰ ਚੰਡੀਗੜ੍ਹ ਪੁਲਿਸ ਨੇ 11 ਜੁਲਾਈ 2005 ਨੂੰ ਉਸਦੇ ਸਾਥੀ ਸਮੀਰ ਮੱਲ੍ਹਾ ਉਰਫ ਟੋਨੀ ਸਮੇਤ ਗ੍ਰਿਫਤਾਰ ਕੀਤਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਸਮੇਂ ਦੋਵਾਂ ਕੋਲੋਂ ਆਰਡੀਐਕਸ ਬਰਾਮਦ ਕੀਤਾ ਸੀ। ਉਹ ਭਾਰਤ ਸਰਕਾਰ ਖਿਲਾਫ ਕਾਰਵਾਈ ਕਰਦੇ ਹੋਏ ਖਾਲਿਸਤਾਨੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰ ਰਹੇ ਸਨ। ਪੁਲਸ ਨੇ ਖੁਫੀਆ ਸੂਤਰਾਂ ਤੋਂ ਸੂਚਨਾ ਮਿਲਣ 'ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਵਿੱਚ ਮੁਲਜ਼ਮ ਸਮੀਰ, ਜੋਗਦਾਸ ਉਰਫ ਜੋਗਾ ਅਤੇ ਜੋਗਿੰਦਰ ਸਿੰਘ ਨੂੰ ਪਹਿਲਾਂ ਹੀ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ।
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦੋਸ਼ੀ ਜਗਤਾਰ ਸਿੰਘ ਹਵਾਰਾ 'ਤੇ ਸੀਆਰਪੀਸੀ ਦੀ ਧਾਰਾ 268 ਲਗਾਈ ਗਈ ਸੀ। ਇਸ ਤਹਿਤ ਮੁਲਜ਼ਮ ਨੂੰ ਜੇਲ੍ਹ ਤੋਂ ਬਾਹਰ ਲਿਜਾਣ ਅਤੇ ਅਦਾਲਤ ਵਿੱਚ ਪੇਸ਼ ਕਰਨ ’ਤੇ ਪਾਬੰਦੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਕਮਲਦੀਪ ਸਿੰਘ ਸਿੱਧੂ ਨੇ ਕਿਹਾ ਕਿ ਸੀਆਰਪੀਸੀ ਦੀ ਧਾਰਾ 268 ਤਹਿਤ ਕਿਸੇ ਵੀ ਸਰਕਾਰ ਕੋਲ ਕਿਸੇ ਵੀ ਦੋਸ਼ੀ ਨੂੰ ਜੇਲ੍ਹ ਤੋਂ ਬਾਹਰ ਆਉਣ ਤੋਂ ਰੋਕਣ ਦਾ ਅਧਿਕਾਰ ਹੈ।