ਮੈਰੀਟੋਰੀਅਸ ਸਕੂਲ ਘਾਬਦਾਂ ਦੇ ਸੈਂਕੜੇ ਬੱਚੇ ਹੋਏ ਬਿਮਾਰ; 200 ਦੇ ਕਰੀਬ ਬੱਚੇ ਹਸਪਤਾਲਾਂ 'ਚ ਦਾਖਲ
ਹੋਸਟਲ ਦਾ ਖਾਣਾ ਖਾ ਕੇ ਬਿਮਾਰ ਹੋਏ ਬੱਚੇ: ਮਾਪੇ
ਵਿਦਿਆਰਥੀ ਪਿਛਲੇ ਇੱਕ ਹਫ਼ਤੇ ਤੋਂ ਖਾਣੇ ਨੂੰ ਲੈਕੇ ਚੁੱਕ ਰਹੇ ਸਨ ਸੁਆਲ, ਪਰ ਉਨ੍ਹਾਂ ਦੀ ਕਿਸੇ ਨੇ ਵੀ ਨਹੀਂ ਸੁਣੀ ਗੱਲ
ਠੇਕੇਦਾਰ ਤੇ ਕਾਰਵਾਈ ਦੇ ਸੰਕੇਤ; ਕਈ ਸਕੂਲ਼ਾਂ ਦੇ ਖਾਣੇ ਦਾ ਠੇਕਾ ਇੱਕ ਬੰਦੇ ਕੋਲ
ਦਲਜੀਤ ਕੌਰ
ਸੰਗਰੂਰ, 2 ਦਸੰਬਰ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ਦੇ ਨੇੜਲੇ ਪਿੰਡ ਘਾਬਦਾ ਵਿਖੇ ਸਥਿਤ ਸਰਕਾਰੀ ਮੈਰੀਟੋਰੀਅਸ ਸਕੂਲ ਘਾਬਦਾਂ ਦੇ ਸੈਂਕੜੇ ਬੱਚੇ ਹੋਸਟਲ ਦਾ ਖਾਣਾ ਖਾਣ ਕਾਰਨ ਬਿਮਾਰ ਹੋਣ ਕਾਰਨ ਸਕੂਲ ਦੇ 200 ਦੇ ਕਰੀਬ ਬੱਚਿਆਂ ਦੀ ਹਾਲਤ ਵਿਗੜ ਗਈ ਹੈ। ਉਲਟੀਆਂ ਅਤੇ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਨ੍ਹਾਂ ਵਿਦਿਆਰਥੀਆਂ ਨੂੰ ਪੀਜੀਆਈ ਹਸਪਤਾਲ ਘਾਬਦਾਂ ਵਿੱਚ ਅਤੇ ਜ਼ਿਲ੍ਹੇ ਦੇ ਸਰਕਾਰੀ ਸਿਵਲ ਹਸਪਤਾਲ ਸੰਗਰੂਰ ਵਿਖੇ ਦੋ ਵੱਖ-ਵੱਖ ਥਾਵਾਂ ਤੇ ਦਾਖਲ ਕਰਵਾਇਆ ਗਿਆ ਹੈ। ਸਕੂਲ ਦੇ ਜਮਾਤ ਇੰਚਾਰਜ਼ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੈਸੇਜ ਅਤੇ ਫੋਨ ਕਾਲ ਕਰਕੇ ਬੱਚਿਆਂ ਦੀ ਸਿਹਤ ਨੂੰ ਖਰਾਬ ਕਹਿ ਕੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਜਲਦੀ ਘਰ ਲੈ ਕੇ ਜਾਣ ਲਈ ਕਿਹਾ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਕਿ ਮੈਰੀਟੋਰੀਅਸ ਸਕੂਲ ਘਾਬਦਾਂ ਵਿੱਚ 900 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ ਅਤੇ ਸਰਕਾਰ ਵੱਲੋਂ ਬੱਚਿਆਂ ਲਈ 80 ਰੁਪਏ ਪ੍ਰਤੀ ਬੱਚੇ ਪ੍ਰਤੀ ਦਿਨ ਖਾਣੇ ਲਈ ਦਿੱਤੇ ਜਾ ਰਹੇ ਹਨ, ਪਰ ਬੱਚਿਆਂ ਦਾ ਕਹਿਣਾ ਹੈ ਕਿ ਵੈਂਡਰ ਵੱਲੋਂ ਉਨ੍ਹਾਂ ਨੂੰ ਖਾਣਾ ਸਹੀ ਨਹੀਂ ਦਿੱਤਾ ਜਾ ਰਿਹਾ ਹੈ। ਪਿਛਲੇ ਹਫ਼ਤੇ ਤੋਂ ਵਿਦਿਆਰਥੀ ਖਾਣੇ ਨੂੰ ਲੈਕੇ ਕੇ ਸੁਆਲ ਚੁੱਕ ਰਹੇ ਸਨ ਕਿ ਉਨਾਂ ਨੂੰ ਸੁੰਡੀਆਂ ਵਾਲਾ ਘਟੀਆ ਕਿਸਮ ਦਾ ਖਾਣਾ ਦਿੱਤਾ ਜਾ ਰਿਹਾ ਹੈ, ਪਰ ਉਨ੍ਹਾਂ ਦੀ ਗੱਲ ਕਿਸੇ ਨੇ ਵੀ ਨਹੀਂ ਸੁਣੀ। ਕਈ ਅਧਿਆਪਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਇਹ ਵੈਂਡਰ ਜਿਸ ਕੋਲ 5-6 ਹੋਰ ਸਕੂਲਾਂ ਦੇ ਖਾਣੇ ਦਾ ਠੇਕਾ ਵੀ ਹੈ, ਉਸ ਵੱਲੋਂ ਬੱਚਿਆਂ ਨੂੰ ਖਾਣਾ ਘਟੀਆ ਕੁਆਲਿਟੀ ਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੂਲ ਦਾ ਪ੍ਰਿੰਸੀਪਲ ਜੋ ਕਿ ਪਿਛਲੇ 5-6 ਸਾਲਾਂ ਤੋਂ ਲਗਾਤਾਰ ਇੱਥੇ ਹੀ ਡੈਪੂਟੇਸ਼ਨ ਤੇ ਕੰਮ ਕਰ ਰਿਹਾ ਹੈ, ਉਸ ਨੂੰ ਸਭ ਕੁੱਝ ਪਤਾ ਹੋਣ ਦੇ ਬਾਵਜੂਦ ਉਹ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ। ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨੂੰ ਫੋਨ ਤੱਕ ਨਹੀਂ ਕਰਨ ਦਿੱਤਾ ਜਾ ਰਿਹਾ ਹੈ। ਮਾਪਿਆਂ ਦਾ ਦੋਸ਼ ਹੈ ਕਿ ਬੱਚਿਆਂ ਨੂੰ ਮਿਲਾਵਟੀ ਤੇ ਖਰਾਬ ਖਾਣਾ ਖੁਆਇਆ ਜਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦੀ ਇਹ ਹਾਲਤ ਹੋਈ ਹੈ। ਬੱਚੇ ਪਿਛਲੇ 5 ਦਿਨਾਂ ਤੋਂ ਪੇਟ ਦਰਦ ਦੀ ਸ਼ਿਕਾਇਤ ਕਰ ਰਹੇ ਸਨ ਪਰ ਕਿਸੇ ਨੇ ਉਨ੍ਹਾਂ ਦੀ ਸ਼ਿਕਾਇਤ ਵੱਲ ਧਿਆਨ ਨਹੀਂ ਦਿੱਤਾ। ਰਾਤ ਨੂੰ ਕੁਝ ਬੱਚਿਆਂ ਦੀ ਹਾਲਤ ਖਰਾਬ ਹੋਣ ਲੱਗੀ। ਉਲਟੀਆਂ ਅਤੇ ਪੇਟ ਵਿਚ ਤੇਜ਼ ਦਰਦ ਹੋਣ 'ਤੇ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ। ਜਦੋਂ ਤੱਕ ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਨ੍ਹਾਂ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਬੱਚਿਆਂ ਦੇ ਬਿਮਾਰ ਹੋਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਜ਼ਿਲ੍ਹੇ ਦੇ ਉੱਚ ਅਧਿਕਾਰੀ ਵੀ ਸਰਕਾਰੀ ਹਸਪਤਾਲ ਪੁੱਜਣ ਲੱਗੇ ਹਨ। ਇਸ ਮੌਕੇ ਸੰਗਰੂਰ ਤੋਂ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਮੌਕੇ ’ਤੇ ਪਹੁੰਚ ਗਏ ਹਨ। ਫਿਲਹਾਲ ਸਾਰੇ ਬੱਚਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਸਾਰੇ ਬੱਚੇ ਖਤਰੇ ਤੋਂ ਬਾਹਰ ਹਨ। ਜਦੋਂ ਬੱਚੇ ਉਨ੍ਹਾਂ ਕੋਲ ਆਏ ਤਾਂ ਉਨ੍ਹਾਂ ਨੇ ਉਲਟੀਆਂ ਅਤੇ ਪੇਟ ਦਰਦ ਦੀ ਸ਼ਿਕਾਇਤ ਕੀਤੀ। ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ ਹੈ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਬੱਚਿਆਂ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਬੱਚਿਆਂ ਦੀ ਹਾਲਤ ਵਿਗੜਨ ਤੋਂ ਬਾਅਦ ਮਾਪਿਆਂ ਨੇ ਸਕੂਲ ਪ੍ਰਸ਼ਾਸਨ 'ਤੇ ਦੋਸ਼ ਲਾਏ ਹਨ। ਇਸ ਦੇ ਨਾਲ ਹੀ ਹਰਜੋਤ ਬੈਂਸ ਨੇ ਕੰਟੀਨ ਦਾ ਠੇਕਾ ਵੀ ਰੱਦ ਕਰ ਦਿੱਤਾ ਹੈ।
ਸਿੱਖਿਆ ਮੰਤਰੀ ਵੱਲੋਂ ਐਕਸ਼ਨ
ਘਟਨਾ ਦੀ ਸੂਚਨਾ ਮਿਲਦੇ ਹੀ ਸਿੱਖਿਆ ਮੰਤਰੀ ਹਰਜੋਤ ਬੈਂਸ ਹਰਕਤ ਵਿੱਚ ਆ ਗਏ। ਉਨ੍ਹਾਂ ਹੋਸਟਲ ਮੈੱਸ ਕੰਟੀਨ ਦਾ ਠੇਕਾ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। ਜਾਂਚ ਦੇ ਆਦੇਸ਼ ਵੀ ਦਿੱਤੇ ਗਏ ਹਨ। ਜ਼ਿਲ੍ਹਾ ਪੱਧਰ ’ਤੇ ਜਾਂਚ ਕਮੇਟੀ ਬਣਾਈ ਗਈ ਹੈ। ਜਿਸ ਨੂੰ 24 ਘੰਟਿਆਂ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਸਿੱਖਿਆ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਦੇ ਨਾਲ ਹੀ ਡਾਕਟਰਾਂ ਦੀ ਟੀਮ ਵੀ ਹੋਸਟਲ ਵਿੱਚ ਭੇਜੀ ਗਈ ਹੈ, ਤਾਂ ਜੋ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਉਸ ਦਾ ਤੁਰੰਤ ਇਲਾਜ ਕੀਤਾ ਜਾ ਸਕੇ। ਇਸ ਦੇ ਨਾਲ ਹੀ ਪਿਛਲੇ ਪੰਜ ਦਿਨਾਂ ਤੋਂ ਬੱਚਿਆਂ ਦੀਆਂ ਸ਼ਿਕਾਇਤਾਂ ਦੇ ਮੁੱਦੇ 'ਤੇ ਮੰਤਰੀ ਬੈਂਸ ਨੇ ਕਿਹਾ ਹੈ ਕਿ ਪੜਤਾਲ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।