ਰਾਜਪਾਲ ਨੇ "ਸਾਡਾ ਸੰਕਲਪ ਵਿਕਸਤ ਭਾਰਤ" ਅਧੀਨ ਲਗਾਏ ਕੈਂਪ 'ਚ ਸ਼ਿਰਕਤ ਕੀਤੀ
ਨੌਜਵਾਨਾਂ ਨੂੰ ਵਲੰਟੀਅਰ ਬਣ ਕੇ ਸਰਕਾਰੀ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ
ਕਿਸਾਨ ਭਾਗ ਸਿੰਘ ਵਲੋਂ ਡਰੋਨ ਰਾਹੀ ਨੈਨੋ ਫੋਰਟਾਈਲੇਜ਼ਸ਼ਨ ਸੰਬੰਧੀ ਹੋਰ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ
ਰੂਪਨਗਰ, 2 ਦਸੰਬਰ 2023 : "ਸਾਡਾ ਸੰਕਲਪ ਵਿਕਸਤ ਭਾਰਤ ਮੁਹਿੰਮ" ਅਧੀਨ ਪਿੰਡ ਰੋਡਮਾਜਰਾ ਵਿਖੇ ਲਗਾਏ ਕੈਂਪ ਵਿੱਚ ਅੱਜ ਰਾਜਪਾਲ ਪੰਜਾਬ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਖਾਸ ਤੌਰ ਉੱਤੇ ਸ਼ਿਰਕਤ ਕੀਤੀ ਜਿਸ ਵਿੱਚ ਉਨ੍ਹਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੇ ਲਾਭਪਾਤਰੀਆਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਰਾਜਪਾਲ ਨੇ ਨੌਜਵਾਨਾਂ ਨੂੰ ਵਲੰਟੀਅਰ ਬਣ ਕੇ ਸਾਰੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਪਿੰਡਾਂ ਅਤੇ ਸ਼ਹਿਰਾਂ ਦੇ ਆਮ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਉਜਵੱਲ ਯੋਜਨਾ ਅਧੀਨ 5 ਲਾਭਪਾਤਰੀਆਂ ਨੂੰ ਨਵੇਂ ਗੈਸ ਕੁਨੈਕਸ਼ਨ ਵੀ ਪ੍ਰਦਾਨ ਕੀਤੇ।
ਸਮਾਗਮ ਦੌਰਾਨ ਭਾਰਤ ਨੂੰ 2047 ਤੱਕ ਵਿਕਸਤ ਅਤੇ ਆਤਮ ਨਿਰਭਰ ਬਣਾਉਣ ਲਈ ਅਹਿਦ ਵੀ ਲਿਆ ਗਿਆ ਅਤੇ ਹਾਜ਼ਰੀਨ ਪਿੰਡ ਵਾਸੀਆਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ ਗਈ।
ਐਨ.ਐਫ.ਐਲ. ਰੂਪਨਗਰ ਵੱਲੋਂ ਡਰੋਨ ਰਾਹੀ ਇੱਕ ਡੈਮੋਸਟੇਸ਼ਨ ਦਿੱਤਾ ਗਿਆ ਜਿਸ ਬਾਰੇ 'ਮੇਰੀ ਜ਼ੁਬਾਨੀ ਮੇਰੀ ਕਹਾਣੀ' ਤਹਿਤ ਹੋਰ ਜਾਣਕਾਰੀ ਦਿੰਦਿਆਂ ਕਿਸਾਨ ਭਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਖੇਤਾਂ ਵਿੱਚ ਡਰੋਨ ਰਾਹੀ ਨੈਨੋ ਫੋਰਟਾਈਲੇਜ਼ਸ਼ਨ ਦਾ ਸਪਰੇਅ ਕੀਤਾ ਗਿਆ ਜਿਸ ਦੇ ਬਹੁਤ ਵਧੀਆਂ ਨਤੀਜੇ ਸਾਹਮਣੇ ਆਏ ਹਨ।
ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆ ਰਾਜਪਾਲ ਨੇ ਕਿਹਾ ਕਿ ਆਮ ਲੋਕਾਂ ਨੂੰ ਸਲਾਨਾ 5 ਲੱਖ ਰੁਪਏ ਤੱਕ ਦਾ ਇਲਾਜ ਆਯੁਸ਼ਮਾਨ ਭਾਰਤ ਸਕੀਮ ਤਹਿਤ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਆਮ ਲੋਕਾਂ ਨੂੰ ਸਸਤੀਆਂ ਦਵਾਈਆਂ ਤੋਂ ਲੈ ਕੇ ਪੱਕੇ ਮਕਾਨ, ਪਾਣੀ ਦੇ ਕੁਨੈਕਸ਼ਨ ਅਤੇ ਕਿਸਾਨਾਂ ਨੂੰ ਸਿੱਧੇ ਤੌਰ ਤੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
ਸਮਾਗਮ ਦੌਰਾਨ ਸਰਕਾਰੀ ਕਾਲਜ ਰੋਪੜ ਦੀਆਂ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਦਿੱਤੀ ਗਈ ਜਿਸ ਤੋਂ ਪਹਿਲਾ ਰਾਜਪਾਲ ਵੱਲੋਂ "ਸਾਡਾ ਸੰਕਲਪ ਵਿਕਸਤ ਭਾਰਤ" ਅਧੀਨ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਦੇਣ ਲਈ ਲਗਾਈਆਂ ਗਈਆਂ ਸਟਾਲਾਂ ਦਾ ਦੌਰਾ ਕੀਤਾ ਗਿਆ ਅਤੇ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਮ ਲੋਕਾਂ ਤੱਕ ਸਕੀਮਾਂ ਦਾ ਲਾਭ ਪਹੁੰਚਾਉਣ ਦੀ ਹਦਾਇਤ ਕੀਤੀ।