ਪੁਲਿਸ ਦਾ ਡੰਡਾ: ਗਧੇ ਦੇ ਸਿਰ ਤੋਂ ਸਿੰਗਾਂ ਵਾਂਗ ਗਾਇਬ ਹੋਏ ਹਰਲ ਹਰਲ ਕਰਦੇ ਖਰੂਦੀ ਟੋਲੇ
ਅਸ਼ੋਕ ਵਰਮਾ
ਬਠਿੰਡਾ,2ਦਸੰਬਰ2023:ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਵੱਲੋਂ ਪ੍ਰਬੰਧਾਂ ਦੀ ਚੂੜੀ ਕਸਣ ਦਾ ਨਤੀਜਾ ਹੈ ਕਿ ਦਿਨ ਰਾਤ ਸੜਕਾਂ ਤੇ ਭਲਵਾਨੀ ਗੇੜੇ ਮਾਰਕੇ ਚੀਕਾਂ ਮਾਰਦੀ ਫਿਰਦੀ ਮੰਡੀਰ ਅਤੇ ਅਮਨ ਕਾਨੂੰਨ ਭੰਗ ਕਰਨ ਵਾਲਾ ਟੋਲਾ ਗਧੇ ਦੇ ਸਿਰ ਤੋਂ ਸਿੰਗਾਂ ਵਾਗ ਗਾਇਬ ਹੋ ਗਿਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਜਿਸ ਬਠਿੰਡਾ ’ਚ ਅੱਖ ਝਪਕਦਿਆਂ ਮੋਬਾਇਲ ਫੋਨ ਖੋਹਣ ਅਤੇ ਔਰਤਾਂ ਦੇ ਗਲਾਂ ਵਿੱਚੋਂ ਚੈਨੀਆਂ ਝਪਟਣ ਦੀ ਵਾਰਦਾਤ ਹੋ ਜਾਂਦੀ ਸੀ ਉੱੱਸੇ ਸ਼ਹਿਰ ’ਚ ਪਿਛਲੇ ਇੱਕ ਹਫਤੇ ਤੋਂ ਇੰਨ੍ਹਾਂ ਵਾਰਦਾਤਾਂ ਦੇ ਪੱਖ ਤੋਂ ਠੰਢ ਵਰਤੀ ਹੋਈ ਹੈ। ਇਹ ਤਬਦੀਲੀ ਲੰਘੀ 23 ਨਵੰਬਰ ਮਗਰੋਂ ਦੇਖਣ ਨੂੰ ਮਿਲੀ ਹੈ ਜਦੋਂ ਤੋਂ ਵੱਡੀ ਗਿਣਤੀ ਪੁਲਿਸ ਮੁਲਾਜਮਾਂ ਨੂੰ ਸੜਕਾਂ ਤੇ ਉਤਾਰਿਆ ਗਿਆ ਹੈ।
ਮਹੱਤਵਪੂਰਨ ਤੱਥ ਇਹ ਹੈ ਕਿ ਇਸ ਦੌਰਾਨ ਸ਼ਹਿਰ ਦੀਆਂ ਸੜਕਾਂ ਤੇ ਹੁੜਦੰਗ ਮਚਾਉਣ, ਜਨਤਕ ਤੌਰ ਤੇ ਟੱਲੀ ਹੋਕੇ ਖਰੂਦ ਪਾਉਣ ਅਤੇ ਬੁਲੇਟ ਦੇ ਪਟਾਕੇ ਮਾਰਨ ਦਾ ਵੀ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਇਲਾਵਾ ਪਿਛਲੇ 7-8 ਦਿਨਾਂ ਤੋਂ ਸ਼ਹਿਰ ਵਿਚਲੇ ਲੜਕੀਆਂ ਦੇ ਕਾਲਜ਼ਾਂ ਖਾਸ ਤੌਰ ਤੇ ਰਜਿੰਦਰਾ ਕਾਲਜ ਲਾਗੇ ਮਜਨੂੰਆਂ ਦੀ ਟੋਲੀ ਵੀ ਦਿਖਾਈ ਨਹੀਂ ਦਿੱਤੀ ਹੈ। ਬਠਿੰਡਾ ਦਾ ਬੱਸ ਅੱਡਾ ਵੀ ਇੰਨ੍ਹਾਂ ਦਿਨਾਂ ਦੌਰਾਨ ਪਹਿਲਾਂ ਨਾਲੋਂ ਸ਼ਾਂਤ ਰਿਹਾ ਹੈ ਜਿੱਥੇ ਅਕਸਰ ਲੜਾਈ ਝਗੜੇ ਸਧਾਰਨ ਜਿਹੀ ਗੱਲ ਹੁੰਦੀ ਸੀ। ਹਾਲਾਂਕਿ ਸ਼ਹਿਰ ’ਚ ਬਣਿਆ ਇਹ ਮਹੌਲ ਕਿਨਾਂ ਸਮਾਂ ਬਰਕਰਾਰ ਰਹਿੰਦਾ ਜਾਂ ਫਿਰ ਰੱਖਿਆ ਜਾਂਦਾ ਹੈ ਇਹ ਤਾਂ ਸਮਾਂ ਹੀ ਤੈਅ ਕਰੇਗਾ ਪਰ ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਬੰਧਾਂ ਕਾਰਨ ਇੱਕ ਵਾਰ ਰਾਹਤ ਜਰੂਰ ਮਹਿਸੂਸ ਕੀਤੀ ਹੈ।
ਦੱਸਣਯੋਗ ਹੈ ਕਿ ਲੰਘੇ ਨਵੰਬਰ ਮਹੀਨੇ ਦੇ ਪਹਿਲੇ 22 ਦਿਨਾਂ ਦੌਰਾਨ ਚੋਰੀਆਂ ਚਕਾਰੀਆਂ ਦੀਆਂ ਕਰੀਬ ਇੱਕ ਦਰਜਨ ਵਾਰਦਾਤਾਂ ਹੋਈਆਂ ਸਨ। ਇਸ ਮਹੀਨੇ ਦੌਰਾਨ ਬਠਿੰਡਾ ਸ਼ਹਿਰ ਵਿੱਚ ਚੋਰਾਂ ਅਤੇ ਲੁਟੇਰਿਆਂ ਦੀ ਸਰਦਾਰੀ ਨੇ ਪੁਲਿਸ ਨੂੰ ਵੱਡੀ ਚੁਣੌਤੀ ਦਿੱਤੀ ਰੱਖੀ ਸੀ। ਕਿਸੇ ਇਲਾਕੇ ’ਚ ਔਰਤ ਦੀ ਚੇਨੀ ਖੋਹੀ ਜਾਂਦੀ ਰਹੀ ਤੇ ਕਿਸੇ ਦਾ ਪਰਸ ਜਾਂ ਫਿਰ ਮੋਬਾਇਲ। ਨਵੇਂ ਐਸਐਸਪੀ ਨੇ ਅਹੁਦਾ ਸੰਭਾਲਦਿਆਂ ਅਮਨ ਕਾਨੂੰਨ ਕਾਇਮ ਕਰਨ ਲਈ ਪੁਲਿਸ ਢਾਂਚੇ ਵਿੱਚ ਕਈ ਅਹਿਮ ਤਬਦੀਲੀਆਂ ਕੀਤੀਆਂ ਜਿੰਨ੍ਹਾਂ ’ਚ ਪੁਲਿਸ ਦਾ ਐਂਟੀ ਨਾਰਕੋਟਿਕਸ ਸੈਲ, ਸਪੈਸ਼ਲ ਸਟਾਫ, ਪੀਓ ਸਟਾਫ ਅਤੇ ਜਿਲ੍ਹੇ ਦੇ ਵੱਖ ਵੱਖ ਸ਼ਹਿਰਾਂ ’ਚ ਕੰਮ ਕਰ ਰਹੇ ਟਰੈਫਿਕ ਵਿੰਗ ਖਤਮ ਕਰਕੇ ਦਫਤਰਾਂ ਅਤੇ ਵਿੰਗਾਂ ਵਿੱਚੋਂ ਪੁਰਸ਼ ਅਤੇ ਮਹਿਲਾ ਮੁਲਾਜਮਾਂ ਦੇ ਸਟਾਫ ਨੂੰ ਬਾਹਰ ਕੱਢਣਾ ਸੀ।
ਇਸ ਬਦਲਾਅ ਦਾ ਸਭ ਤੋਂ ਅਹਿਮ ਪਹਿਲੂ ਪੁਲਿਸ ਦੀਆਂ ਟੀਮਾਂ ਵਧਾਉਣਾ ਅਤੇ ਦਿਨ ਰਾਤ ਦੀ ਪੈਟਰੋÇਲੰਗ ਬਹਾਲ ਕਰਨਾ ਸੀ ਜਿਸ ਦੇ ਕੁੱਝ ਦਿਨਾਂ ਦੌਰਾਨ ਹੀ ਚੰਗੇ ਨਤੀਜੇ ਸਾਹਮਣੇ ਆਏ ਹਨ। ਦੂਸਰਾ ਮਹੱਤਵ ਵਾਲਾ ਪੱਖ ਇੱਕ ਦਰਜਨ ਮਹਿਲਾ ਪੁਲਿਸ ਮੁਲਾਜਮਾਂ ਨੂੰ ਔਰਤਾਂ ਅਤੇ ਵਿੱਦਿਅਕ ਅਦਾਰਿਆਂ ’ਚ ਪੜ੍ਹਨ ਵਾਲੀਆਂ ਕੁੜੀਆਂ ਦੀ ਸੁਰੱਖਿਆ ਲਈ ਬਣਾਈ ‘ਵੋਮੈਨ ਆਰਮਡ ਸਪੈਸ਼ਲ ਪ੍ਰੋਟੈਕਸ਼ਨ ਸਕੁਐਡ’ (ਵਾਸਪਸ) ਟੀਮ ਨੂੰ ਸੜਕਾਂ ਤੇ ਉਤਾਰਨਾ ਰਿਹਾ ਜਿਸ ਕਾਰਨ ਲੜਕੀਆਂ ਤੇ ਫਿਕਰੇ ਕਸਣ ਜਾਂ ਤੰਗ ਪ੍ਰੇਸ਼ਾਨ ਕਰਨ ਤੇ ਕਾਫੀ ਹੱਦ ਤੱਕ ਲਗਾਮ ਲੱਗੀ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਨਸ਼ੇੜੀਆਂ ਨੇ ਔਰਤਾਂ ਅਤੇ ਆਮ ਲੋਕਾਂ ’ਚ ਕਾਫੀ ਸਹਿਮ ਪਾ ਰੱਖਿਆ ਸੀ ਜਿਸ ਨੂੰ ਪੁਲਿਸ ਵੱਲੋਂ ਗਸ਼ਤ ਵਧਾਉਣ ਅਤੇ ਚੌਂਕ ਚੌਰਾਹਿਆਂ ’ਚ ਤਾਇਨਾਤੀ ਨਾਲ ਠੱਲ੍ਹ ਪਈ ਹੈ।
ਪੁਲਿਸ ਮੁਲਾਜਮ ਅੰਦਰੋ ਅੰਦਰੀ ਤੰਗ
ਐਸਐਸਪੀ ਵੱਲੋਂ ਪੁਲਿਸ ਢਾਂਚੇ ’ਚ ਤਬਦੀਲੀਆਂ ਕਈ ਪੁਲਿਸ ਮੁਲਾਜਮਾਂ ਨੂੰ ਰਾਸ ਨਹੀਂ ਆ ਰਹੀਆਂ ਹਨ। ਸੂਤਰ ਦੱਸਦੇ ਹਨ ਕਿ ਲਗਾਤਾਰ ਡਿਊਟੀ ਨੂੰ ਲੈਕੇ ਕਈ ਪੁਲਿਸ ਮੁਲਾਜਮ ਅੰਦਰੋ ਅੰਦਰੀ ਤੰਗ ਹਨ ਪਰ ਅਨੁਸ਼ਾਸ਼ਨ ਦਾ ਡੰਡਾ ਹੋਣ ਕਰਕੇ ਕੋਈ ਕੁੱਝ ਬੋਲਣ ਨੂੰ ਤਿਆਰ ਨਹੀਂ ਹੈ। ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇੱਕ ਪੁਲਿਸ ਮੁਲਾਜਮ ਨੇ ਦੱਸਿਆ ਕਿ ਸਭ ਤੋਂ ਵੱਧ ਔਖਿਆਈ ਕਲੋਲਾਂ ਕਰਨ ਵਾਲਿਆਂ ਨੂੰ ਆ ਰਹੀ ਹੈ ਜਦੋਂਕਿ ਬਿਨਾਂ ਨਖਰਿਆਂ ਤੋਂ ਡਿਊਟੀ ਦੇਣ ਵਾਲਿਆਂ ਲਈ ਤਾਂ ਸਭ ਦਿਨ ਇੱਕੋ ਜਿਹੇ ਹੁੰਦੇ ਹਨ।
ਥਾਣਿਆਂ ਦਾ ਮਹੌਲ ਬਦਲਿਆ
ਸਾਬ੍ਹ ਵੱਲੋਂ ਸਖਤੀ ਕਾਰਨ ਸ਼ਹਿਰ ਹੀ ਨਹੀਂ ਬਠਿੰਡਾ ਜਿਲ੍ਹੇ ਦੇ ਥਾਣਿਆਂ ’ਚ ਮਹੌਲ ਬਦਲਣ ਦੇ ਤੱਥ ਸਾਹਮਣੇ ਆਏ ਹਨ। ਸ਼ਹਿਰ ਦੇ ਜੁਝਾਰ ਨਗਰ ’ਚ ਫਰਜ਼ਾ ਕਾਗਜ਼ ਪੱਤਰ ਰਾਹੀਂ ਇੱਕ ਖਾਲੀ ਪਲਾਟ ਤੇ ਕਬਜਾ ਕਰਨ ਦੇ ਮਾਮਲੇ ’ਚ ਥਾਣਾ ਕੈਂਟ ਪੁਲਿਸ ਨੇ 11 ਨਾਮਜਦ ਦੋਸ਼ੀਆਂ ਵਿੱਚੋਂ 10 ਨੂੰ ਬਿਨਾਂ ਕਿਸੇ ਢਿੱਲ ਮੱਠ ਦੇ ਗ੍ਰਿਫਤਾਰ ਕਰ ਲਿਆ। ਬਠਿੰਡਾ ਪੁਲਿਸ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲਾ ਮਾਮਲਾ ਹੈ ਜਿਸ ’ਚ ਪੁਲਿਸ ਨੇ ਐਨੀ ਫੁਰਤੀ ਦਿਖਾਈ ਹੋਵੇ। ਦਿਲਚਸਪ ਗੱਲ ਇਹ ਵੀ ਹੈ ਕਿ ਗ੍ਰਿਫਤਾਰ ਮੁਲਜਮਾਂ ਵਿੱਚ ਦੋ ਚਮਕੌਰ ਸਾਹਿਬ ਅਤੇ ਆਨੰਦਪੁਰ ਸਾਹਿਬ ਦੇ ਰਹਿਣ ਵਾਲੇ ਹਨ। ਥਾਣਾ ਕੈਂਟ ਦੇ ਐਸਐਚਓ ਨੇ ਇਸ ਮਾਮਲੇ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਪੁਲਿਸ ਦਬਾਅ ਬਰਕਰਾਰ ਰੱਖੇ:ਜਲਾਲ
ਬਾਰ ਐਸੋਸੀਏਸ਼ਨ ਬਠਿੰਡਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਣਜੀਤ ਸਿੰਘ ਜਲਾਲ ਦਾ ਕਹਿਣਾ ਸੀ ਕਿ ਅਸਲ ’ਚ ਅਪਰਾਧੀਆਂ ਅਤੇ ਮਾੜੇ ਅਨਸਰਾਂ ਖਿਲਾਫ ਸ਼ਿਕੰਜਾ ਕਸਣਾ ਪੁਲਿਸ ਪ੍ਰਸ਼ਾਸ਼ਨ ਦੇ ਹੱਥ ਵਿੱਚ ਹੀ ਹੁੰਦਾ ਹੈ। ਉਨ੍ਹਾਂ ਆਖਿਆ ਕਿ ਬਹੁਤ ਵਧੀਆ ਗੱਲ ਹੈ ਕਿ ਨਵੇਂ ਐਸਐਸਪੀ ਵੱਲੋਂ ਅਮਨ ਕਾਨੂੰਨ ਬਣਾਕੇ ਰੱਖਣ ਲਈ ਕੀਤੀ ਗਈ ਪਹਿਲਕਦਮੀ ਦੇ ਚੰਗੇ ਸਿੱਟੇ ਨਜ਼ਰ ਆਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਨੂੰ ਚੋਰਾਂ ,ਲੁਟੇਰਿਆਂ ਅਤੇ ਨਸ਼ਾ ਤਸਕਰਾਂ ਤੇ ਦਬਾਅ ਬਣਾਕੇ ਰੱਖਣਾ ਚਾਹੀਦਾ ਹੈ ਤਾਂ ਜੋ ਲੋਕਾਂ ’ਚ ਸੁਰੱਖਿਆ ਦੀ ਭਾਵਨਾ ਬਰਕਰਾਰ ਰਹੇ ਅਤੇ ਆਮ ਨਾਗਰਿਕ ਚੈਨ ਦੀ ਨੀਂਦ ਸੌਂ ਸਕਣ।