ਨਿਊਜ਼ੀਲੈਂਡ: ਚੌਥੇ ਪੰਜਾਬੀ ਭਾਸ਼ਾ ਹਫ਼ਤੇ ਸਬੰਧੀ ਹੋਏ ਸਮਾਗਮ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਰਹੀ ਜ਼ਿੰਦਾਬਾਦ
- ਅਕਾਲ ਰਾਈਡਰਜ਼ ਅਤੇ ਸਿੰਘ ਸਪੋਰਟਸ ਵਾਲਿਆਂ ਦੇ ਸਾਂਝੇ ਉਦਮ ਨੇ ਹੇਸਿੰਟਗ ਵਾਸੀ ਕੀਤੇ ਇਕੱਠ
- ਸਾਂਸਦ ਕੈਥਰੀਨ, ਮੇਅਰ ਸਾਂਡਰਾ, ਨੇਪੀਅਰ ਕੌਂਸਲਰ ਗ੍ਰੈਗ ਤੇ ਪੁਲਿਸ ਅਫ਼ਸਰ ਡੈਮਿਨ, ਔਕਲੈਂਡ ਤੋਂ ਪਰਮਿੰਦਰ ਸਿੰਘ, ਸ. ਹਰਜਿੰਦਰ ਸਿੰਘ ਪਹੁੰਚੇ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 03 ਦਸੰਬਰ 2023 - ਔਕਲੈਂਡ ਸਿਟੀ ਦੀ ਸ਼ਾਨ ਜੇਕਰ ਸਕਾਈ ਸਿਟੀ ਹੈ ਤਾਂ ਹੇਸਟਿੰਗਜ਼ ਦੀ ਸ਼ਾਨ ਅਸੈਂਬਲੀ ਹਾਲ (ਮਿਊਂਸਪਲ ਬਿਲਡਿੰਗ) ਹੈ। ਇਸ ਸ਼ਹਿਰ ਦਾ ਨਾਂਅ ਵੀ ਕਿਸੇ ਵੇਲੇ ਭਾਰਤ ਵਿਚ ਬੰਗਾਲ ਦੇ ਪਹਿਲੇ ਗਵਰਨਰ ਸ੍ਰੀ ਵਾਰਨ ਹੇਸਟਿੰਗਜ਼ ਦੇ ਨਾਂ ਉਤੇ ਪਿਆ ਹੈ। ਇਸ ਸ਼ਹਿਰ ਨਾਲ ਹੁਣ ਭਾਰਤੀਆਂ ਖਾਸ ਕਰ ਪੰਜਾਬੀਆਂ ਦੀ ਐਨੀ ਗੂੜੀ ਸਾਂਝ ਬਣ ਗਈ ਹੈ ਕਿ ਇਥੇ ਦੋ-ਦੋ ਗੁਰਦੁਆਰਾ ਸਾਹਿਬਾਨ ਹਨ ਅਤੇ ਹੁਣ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਦੇ ਲਈ ਵੀ ਭਵਿੱਖ ਦੀ ਪਨੀਰੀ ਤਿਆਰ ਕੀਤੀ ਜਾ ਰਹੀ ਹੈ। ਇਸ ਪਨੀਰੀ ਨੂੰ ਸਿੰਜਣ ਦੇ ਲਈ ਅਕਾਲ ਰਾਈਡਰਜ਼ ਅਤੇ ਸਿੰਘ ਸਪੋਰਟਸ ਵਾਲੇ ਵੀਰ ਸ. ਸੁਖਦੀਪ ਸਿੰਘ ਖਹਿਰਾ, ਮਨਜੀਤ ਸੰਧੂ, ਜਸਵੀਰ ਸਿੰਘ ਅਤੇ ਰੋਹਿਤ ਚੌਹਾਨ ਹੋਰਾਂ ਦੇ ਉਦਮ ਸਦਕਾ ਇਕ ਵੱਡਾ ਪੰਜਾਬੀ ਪ੍ਰੋਗਰਾਮ ਸ਼ਹਿਰ ਦੀ ਸ਼ਾਨ ਮਿਊਂਸਪਲ ਬਿਲਡਿੰਗ ਦੇ ਵਿਚ ਆਯੋਜਿਤ ਕੀਤਾ ਗਿਆ।
ਇਹ ਸਮਾਗਮ ਚੌਥੇ ਪੰਜਾਬੀ ਭਾਸ਼ਾ ਹਫ਼ਤੇ ਨੂੰ ਸਮਰਪਿਤ ਸੀ। ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਲਿਪੀ ਦੇ ਸਾਗਰ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰਬਾਣੀ ਦੇ ਮੂਲ ਮੰਤਰ ਨਾਲ ਹੋਈ। ਆਯੋਜਿਕ ਸ. ਸੁਖਦੀਪ ਸਿੰਘ ਖਹਿਰਾ ਨੇ ਰਸਮੀ ਤੌਰ ਉਤੇ ਆਏ ਸਾਰੇ ਮਹਿਮਾਨਾਂ, ਰਾਜਸੀ ਸਖਸ਼ੀਅਤਾਂ, ਸਥਾਨਿਕ ਕਲਾਕਾਰਾਂ ਅਤੇ ਦਰਸ਼ਕਾ ਨੂੰ ਜੀ ਆਇਆਂ ਆਖਿਆ। ਸੰਖੇਪ ਪਰ ਪ੍ਰਭਾਵੀ ਸਮਾਗਮ ਦੇ ਵਿਚ ਉਨ੍ਹਾਂ ਪੰਜਾਬੀ ਭਾਸ਼ਾ ਪ੍ਰਤੀ ਇਕ ਸਾਂਝਾ ਸੁਨੇਹਾ ਦੇ ਕੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਪਈ ਹੋਈ ਗੰਢ ਨੂੰ ਹੋਰ ਪੀਡਾ ਕਰਨ ਦਾ ਸੁਨੇਹਾ ਦਿੱਤਾ। ਇਸ ਉਪਰੰਤ ਮੇਅਰ ਸਾਂਡਰਾ ਹੈਜ਼ਲਹਰਸਟ, ਸਾਂਸਦ ਟੁਕੀਟੁਕੀ ਕੈਥਰੀਨ ਵੈਡ, ਨੇਪੀਅਰ ਨਗਰ ਨਿਗਮ ਤੋਂ ਕੌਂਸਲਰ ਗ੍ਰੈਗ, ਮਨਿਸਟਰੀ ਆਫ ਸ਼ੋਸ਼ਲ ਡਿਵੈਲਪਮੈਂਟ ਤੇ ਸਿਵਲ ਡਿਫੈਂਸ ਤੋਂ ਅਧਿਕਾਰੀ, ਨਿਊਜ਼ੀਲੈਂਡ ਪੁਲਿਸ ਤੋਂ ਇੰਸਪੈਕਟਰ ਡੈਮਿਨ ਵਾਰੋ-ਵਾਰੀ ਸੰਬੋਧਨ ਹੋਏ ਅਤੇ ਚੌਥੇ ਪੰਜਾਬੀ ਭਾਸ਼ਾ ਹਫਤੇ ਲਈ ਵਧਾਈਆਂ ਦਿੱਤੀਆਂ।
ਰਸਮੀ ਉਦਘਾਟਨ ਤੋਂ ਸਭਿਆਚਾਰਕ ਸਟੇਜ ਦਾ ਵੀ ਆਗਾਜ਼ ਹੋ ਗਿਆ ਅਤੇ ਕੁੜੀ ਐਂਬਰ ਨੇ ਗਿੱਧੇ ਦੀ ਪੇਸ਼ਕਾਰੀ ਕੀਤੀ।। ਹੈਰੀ ਘੋਤਰਾ ਗੀਤ ਨੇ ਪੇਸ਼ ਕੀਤਾ। ਔਕਲੈਂਡ ਤੋਂ ਵਿਸ਼ੇਸ਼ ਤੌਰ ਉਤੇ ਪਹੁੰਚੇ ਪੰਜਾਬੀ ਹੈਰਲਡ ਅਖਬਾਰ ਦੇ ਸੰਪਾਦਕ ਅਤੇ ਨਿਊਜ਼ੀਲੈਂਡ ਦੇ ਵਿਚ ਚੌਥੇ ਪੰਜਾਬੀ ਭਾਸ਼ਾ ਹਫਤੇ ਦੀ ਸ਼ੁਰੂਆਤ ਕਰਨ ਵਾਲੇ ਸ. ਹਰਜਿੰਦਰ ਸਿੰਘ ਨੇ ਪੰਜਾਬੀ ਭਾਸ਼ਾ ਦੇ ਇਤਿਹਾਸ ਉਤੇ ਹਲਕੀ ਝਾਤ ਪਵਾਈ। ਰਹਿਮਤ ਕੌਰ ਅਤੇ ਜਪਜੀ ਕੌਰ ਨੇ ਧਾਰਮਿਕ ਵੰਨਗੀ ਪੇਸ਼ ਕੀਤੀ। ਰੇਡੀਓ ਸਪਾਈ ਤੋਂ ਪਹੁੰਚੇ ਸ. ਪਰਮਿੰਦਰ ਸਿੰਘ ਨੇ ਪੰਜਾਬੀ ਭਾਸ਼ਾ ਸਬੰਧੀ ਇਕ ਪ੍ਰਜੈਂਟੇਸ਼ਨ ਪੇਸ਼ ਕੀਤੀ। ਰਿੱਚੀਜ਼ ਬੱਸਾਂ ਦੇ ਸਾਊਥ ਔਕਲੈਂਡ ਦੇ ਮੈਨੇਜਰ ਸ .ਕਮਲਦੀਪ ਸਿੰਘ ਨੇ ਕੰਮ ਵਾਲੇ ਸਥਾਨਾਂ ਉਤੇ ਪੰਜਾਬੀ ਕਾਮਿਆਂ ਦੇ ਲਈ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਸੰਖੇਪ ਚਾਨਣਾ ਪਾਇਆ।
ਪੰਜਾਬੀ ਸਕੂਲ ਦੇ ਬੱਚਿਆਂ ਦੀ ਪੇਸ਼ਕਾਰੀ ਖੁਬ ਰਹੀ। ਹੇਸਟਿੰਜ਼ ਭੰਗੜਾ ਗਰੁੱਪ ਨੇ ਮਾਂ ਬੋਲੀ ਉਤੇ ਗੀਤ ਪੇਸ਼ ਕੀਤਾ। ਹਮਿਲਟਨ ਤੋਂ ਪਹੁੰਚੇ ਸ. ਜਰਨੈਲ ਸਿੰਘ ਰਾਹੋਂ ਹੋਰਾਂ ਸੰਖੇਪ ਸੰਬੋਧਨ ਦੇ ਵਿਚ ਜੋਸ਼ ਭਰੇ ਲਫ਼ਜਾ ਨਾਲ ਸਮਾਗਮ ਦੇ ਵਿਚ ਖਿੱਚ ਪੈਦਾ ਕਰ ਦਿੱਤੀ। ਹੇਸਟਿੰਗਜ਼ ਸਕੂਲ ਗਰਲਜ਼, ਗੁਰਪ੍ਰੀਤ ਸਿੰਘ, ਰਾਜਾ ਝਿੰਗਰ, ਕਸ਼ਮੀਰ ਕੌਰ ਵੱਲੋਂ ਲੋਕ ਰੰਗ, ਬੀਬੀਆਂ ਨੇ ਸੰਧਾਰਾ ਪੇਸ਼ ਕਰਕੇ 50 ਸਾਲ ਪਿੱਛਲੇ ਸਭਿਆਚਾਰਕ ਦਾ ਰੰਗ ਲੈ ਆਂਦਾ। ਮਲਟੀਕਲਚਰਲ ਐਸੋਸੀਏਸ਼ਨ ਵੱਲੋਂ ਧੰਨਵਾਦ, ਮੁਖਤਾਰ ਸੰਧੂ ਵੱਲੋਂ ਸੰਖੇਪ ਭਾਸ਼ਣ ਦਿੱਤਾ ਗਿਆ। ਆਏ ਸਾਰੇ ਮਹਿਮਾਨਾਂ ਦਾ ਮਾਨ-ਸਨਮਾਨ ਵੀ ਕੀਤਾ ਗਿਆ।
ਇਸ ਸਮਾਗਮ ਦੇ ਹੇਸਟਿੰਗਜ਼ ਦੇ ਲਾਗੇ ਤੋਂ ਵੱਡੀ ਗਿਣਤੀ ਦੇ ਵਿਚ ਲੋਕ ਪਹੁੰਚੇ। ਦਰਸ਼ਕਾਂ ਦੇ ਲਈ ਪੰਜਾਬੀ ਪੈਂਤੀ ਅੱਖਰੀ ਦਾ ਕੈਲੰਡਰ ਪੰਜਾਬੀ ਮੀਡੀਆ ਅਤੇ ਅਕਾਲ ਰਾਈਡਰਜ਼ ਵੱਲੋਂ ਛਪਵਾ ਕੇ ਰੱਖਿਆ ਗਿਆ। ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਤੋਂ ਚਾਹ-ਪਾਣੀ ਦਾ ਲੰਗਰ ਤਿਆਰ ਹੋ ਕੇ ਪਹੁੰਚਿਆ। ਕੇ. ਐਂਡ. ਐਸ. ਫਿਲਮ ਪ੍ਰੋਡਕਸ਼ਨ ਵਾਲਿਆਂ ਨੇ ਫੋਟੋਗ੍ਰਾਫੀ ਅਤੇ ਲਾਈਵ ਪ੍ਰਸਾਰਣ ਕੀਤਾ। ਧੰਨਵਾਦ: ਅਕਾਲ ਰਾਈਡਰਜ਼ ਅਤੇ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਆਏ ਸਾਰੇ ਦਰਸ਼ਕਾਂ, ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।