"ਥਾਣੇ ਮੂਹਰੇ ਨਾਹਰੇਬਾਜ਼ੀ" ਪੱਕਾ ਮੋਰਚਾ 600ਵੇਂ ਦਿਨ 'ਚ ਸ਼ਾਮਿਲ !
ਨਿਆਂ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ- ਝੋਰੜਾਂ/ਧਾਲੀਵਾਲ
ਜਗਰਾਉਂ 4 ਦਸੰਬਰ 2023 : ਸੰਘਰਸ਼ ਕਮੇਟੀ ਦੇ ਕਨਵੀਨਰ ਤੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਦੀ ਅਗਵਾਈ ਵਿੱਚ ਪੇਂਡੂ ਮਜ਼ਦੂਰ ਯੂਨੀਅਨ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, 'ਸੀਟੂ' ਭਵਨ ਨਿਰਮਾਣ, ਯੂਥ ਵਿੰਗ ਕੇਕੇਯੂ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਆਦਿ ਧਰਨਾਕਾਰੀਆਂ ਵਰਕਰਾਂ ਅਤੇ ਪੀੜ੍ਹਤਾਂ ਨੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਮੁਆਵਜ਼ੇ ਜਾਰੀ ਕਰਨ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ਼ ਅੱਜ ਫਿਰ ਥਾਣੇ ਮੂਹਰੇ ਨਾਹਰੇਬਾਜ਼ੀ ਕੀਤੀ ਅਤੇ ਗਲ਼ਤ ਤਫਤੀਸ਼ ਕਰਨ ਵਾਲੇ ਤਫਤੀਸ਼ੀ ਅਧਿਕਾਰੀ ਖਿਲਾਫ਼ ਧਾਰਾ 166-ਏ ਅਤੇ ਪੀਓਏ ਅੈਕਟ-1989 ਅਧੀਨ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਤਰਲੋਚਨ ਸਿੰਘ ਝੋਰੜਾਂ, ਨਿਰਮਲ ਸਿੰਘ ਧਾਲੀਵਾਲ, ਸਾਧੂ ਸਿੰਘ ਅੱਚਰਵਾਲ ਨੇ ਦੋਸ਼ ਲਗਾਇਆ ਕਿ ਅਧਿਕਾਰੀ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਆਦੇਸ਼ਾਂ ਅਨੁਸਾਰ ਮੁਕੱਦਮੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਪੀੜ੍ਹਤਾਂ ਨੂੰ ਮੁਆਵਜ਼ਾ ਜਾਰੀ ਕਰਨ ਵਿੱਚ ਜਾਣਬੁੱਝ ਕੇ ਢਿੱਲ਼ ਮੰਠ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪੀੜ੍ਹਤਾਂ ਨੂੰ ਨਿਆਂ ਦਿਵਾਉਣ ਲਈ ਜਨਤਕ ਜੱਥੇਬੰਦੀਆਂ ਦੇ ਨੁਮਾਇੰਦੇ 20 ਮਹੀਨਿਆਂ ਤੋਂ ਥਾਣੇ ਮੂਹਰੇ ਅਣਮਿਥੇ ਸਮੇਂ ਦੇ ਪੱਕੇ ਧਰਨੇ ਤੇ ਬੈਠੇ ਹਨ। ਇਸ ਮੌਕੇ ਪੀੜ੍ਹਤ ਅਤੇ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ ਨੇ ਦੋਸ਼ ਲਗਾਇਆ ਕਿ ਪੁਲਿਸ ਅਤੇ ਸਿਵਲ਼ ਅਧਿਕਾਰੀ ਕੌਮੀ ਕਮਿਸ਼ਨ ਦੇ ਹੁਕਮਾਂ ਦੀ ਅਵੱਗਿਆ ਕਰ ਰਹੇ ਹਨ।