ਪ੍ਰਮੁੱਖ ਏਅਰਲਾਈਨਾਂ ਨੇ 1,046 ਜਹਾਜ਼ਾਂ ਦੀ ਖਰੀਦ ਲਈ ਦਿੱਤੇ ਆਰਡਰ
- ਸ਼ਹਿਰੀ ਹਵਾਬਾਜ਼ੀ ਮੰਤਰੀ ਜਨਰਲ ਵੀ ਕੇ ਸਿੰਘ (ਸੇਵਾਮੁਕਤ) ਨੇ ਸੰਸਦ ਮੈਂਬਰ ਸੰਜੀਵ ਅਰੋੜਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਕੀਤਾ ਇਹ ਖੁਲਾਸਾ
ਲੁਧਿਆਣਾ, 5 ਦਸੰਬਰ, 2203 : ਰਾਜ ਸਭਾ ਦੇ ਚੱਲ ਰਹੇ ਸਰਦ ਰੁੱਤ ਇਜਲਾਸ ਦੌਰਾਨ ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਜਨਰਲ (ਡਾ.) ਵੀ.ਕੇ. ਸਿੰਘ (ਸੇਵਾਮੁਕਤ) ਨੇ ਕਿਹਾ ਹੈ ਕਿ ਦੇਸ਼ ਦੀਆਂ ਤਿੰਨ ਪ੍ਰਮੁੱਖ ਏਅਰਲਾਈਨਜ਼ ਏਅਰ ਇੰਡੀਆ, ਇੰਡੀਗੋ ਅਤੇ ਅਕਾਸਾ ਏਅਰ ਨੇ 1,046 ਜਹਾਜ਼ਾਂ ਦੀ ਖਰੀਦ ਲਈ ਆਰਡਰ ਦਿੱਤੇ ਹਨ।
ਅੱਜ ਇੱਕ ਬਿਆਨ ਵਿੱਚ, ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ ਪੁੱਛਿਆ ਸੀ ਕਿ ਕੀ ਸਰਕਾਰ ਨੂੰ ਪਤਾ ਹੈ ਕਿ ਹਵਾਈ ਯਾਤਰਾ ਦੀ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਭਾਰਤ ਵਿੱਚ ਕੰਮ ਕਰਨ ਵਾਲੀਆਂ ਏਅਰਲਾਈਨਾਂ ਦੁਆਰਾ ਕਿੰਨੇ ਜਹਾਜ਼ਾਂ ਦਾ ਆਰਡਰ ਦਿੱਤਾ ਗਿਆ ਹੈ। ਉਨ੍ਹਾਂ ਨੇ ਡਿਲੀਵਰੀ ਸਮੇਂ ਦੇ ਵੇਰਵੇ ਅਤੇ ਵੱਖ-ਵੱਖ ਏਅਰਲਾਈਨਾਂ ਦੁਆਰਾ ਦਿੱਤੇ ਗਏ ਆਰਡਰਾਂ ਦੇ ਵੇਰਵੇ ਵੀ ਮੰਗੇ ਸਨ।
ਜਵਾਬ ਦਿੰਦੇ ਹੋਏ, ਮੰਤਰੀ ਨੇ ਕਿਹਾ ਕਿ ਏਅਰ ਇੰਡੀਆ ਲਿਮਟਿਡ (ਏਅਰ ਇੰਡੀਆ) ਨੇ 470 ਜਹਾਜ਼ਾਂ (ਏਅਰਬੱਸ ਅਤੇ ਬੋਇੰਗ) ਦੀ ਖਰੀਦ ਲਈ ਆਰਡਰ ਦਿੱਤੇ ਹਨ, ਜੋ ਕਿ 10 ਸਾਲਾਂ ਦੀ ਮਿਆਦ ਵਿੱਚ ਪ੍ਰਦਾਨ ਕੀਤੇ ਜਾਣਗੇ। ਇਹ ਜਹਾਜ਼ ਏਅਰ ਇੰਡੀਆ ਸਮੂਹ ਕੰਪਨੀਆਂ ਦੁਆਰਾ ਸ਼ਾਮਲ/ਵਰਤੇ ਜਾਣਗੇ।
ਇੰਟਰਗਲੋਬ ਏਵੀਏਸ਼ਨ ਲਿਮਿਟੇਡ (ਇੰਡੀਗੋ) ਨੇ 19 ਜੂਨ, 2023 ਨੂੰ ਏਅਰਬੱਸ ਦੇ ਨਾਲ 500 ਜਹਾਜ਼ਾਂ ਦਾ ਖਰੀਦ ਆਰਡਰ ਦਿੱਤਾ ਹੈ। ਜਹਾਜ਼ਾਂ ਦੀ ਡਿਲਿਵਰੀ 2030 ਤੋਂ ਸ਼ੁਰੂ ਹੋਵੇਗੀ।
ਅਕਾਸਾ ਏਅਰ ਨੇ 76 ਬੋਇੰਗ 737-8 ਮੈਕਸ ਜਹਾਜ਼ਾਂ ਦਾ ਆਰਡਰ ਦਿੱਤਾ ਸੀ, ਜਿਨ੍ਹਾਂ ਵਿੱਚੋਂ 20 ਜਹਾਜ਼ ਪਹਿਲਾਂ ਹੀ ਉਨ੍ਹਾਂ ਦੇ ਬੇੜੇ ਵਿੱਚ ਸ਼ਾਮਲ ਹੋ ਚੁੱਕੇ ਹਨ। ਬਾਕੀ ਨੂੰ 2027 ਤੱਕ ਸ਼ਾਮਲ ਕੀਤਾ ਜਾਵੇਗਾ।
ਪ੍ਰਮੁੱਖ ਏਅਰਲਾਈਨਾਂ ਦੁਆਰਾ ਦਿੱਤੇ ਗਏ ਆਰਡਰਾਂ ਦੇ ਵੇਰਵੇ ਇਸ ਪ੍ਰਕਾਰ ਹਨ:
![](http://www.babushahi.com/punjabi/upload/cke/1701773741_Screenshot 2023-12-05 162258.png)