ਬਲਾਕ ਸਿੱਖਿਆ ਅਧਿਕਾਰੀ ਤੇ ਗਰਾਂਟ ਜਾਰੀ ਕਰਨ ਬਦਲੇ ਰਿਸ਼ਵਤ ਮੰਗਣ ਅਤੇ ਅਧਿਆਪਕਾਂ ਨਾਲ ਦੁਰਵਿਹਾਰ ਕਰਨ ਦਾ ਦੋਸ਼
- ਸਕੂਲ ਵਿੱਚ ਅਚਨਚੇਤ ਚੈਕਿੰਗ ਕਰਨ ਗਿਆ ਤਾਂ ਅਧਿਆਪਕਾਂ ਨੇ ਬੰਦੀ ਬਣਾ ਕੇ ਕੀਤੀ ਮਾਰ ਕੁਟਾਈ_ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ
ਰੋਹਿਤ ਗੁਪਤਾ
ਗੁਰਦਾਸਪੁਰ 6 ਦਸੰਬਰ 2023 - ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਦੀਆਂ ਦੇ ਇੱਕ ਸਰਕਾਰੀ ਸਕੂਲ ਅਧਿਆਪਕਾਂ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀ ਦਰਮਿਆਨ ਵੱਡਾ ਵਿਵਾਦ ਖੜਾ ਹੋ ਗਿਆ ਹੈ।ਬਲਾਕ ਕਾਦੀਆਂ-2 ਦੇ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਵੀਰਾਂ ਦੇ ਅਧਿਆਪਕ ਜਿੱਥੇ ਬੀਪੀਈਓ ’ਤੇ ਸਕੂਲ ਨੂੰ ਮਿਲੀ ਗ੍ਰਾਂਟ ਪਾਸ ਕਰਨ ਬਦਲੇ ਰਿਸ਼ਵਤ ਮੰਗਣ, ਮਹਿਲਾ ਅਧਿਆਪਕਾ ਨਾਲ ਬਦਸਲੂਕੀ ਕਰਨ ਅਤੇ ਹਾਜ਼ਰੀ ਰਜਿਸਟਰ ਪਾੜਨ ਦੇ ਦੋਸ਼ ਲਾ ਰਹੇ ਹਨ, ਉੱਥੇ ਹੀ ਬੀਪੀਈਓ ਪੋਹਲਾ ਸਿੰਘ ਦੋਸ਼ ਲਗਾ ਰਹੇ ਹਨ ਕਿ ਉਹ ਸਕੂਲ ਦੀ ਅਚਨਚੇਤ ਚੈਕਿੰਗ ਤੇ ਗਏ ਤਾਂ ਸਕੂਲ ਵਿੱਚ ਦੋ ਅਧਿਆਪਕ ਹਾਜ਼ਰ ਨਹੀਂ ਸਨ ਅਤੇ ਉਨ੍ਹਾਂ ਦੀ ਨਾ ਤਾਂ ਹਾਜ਼ਰੀ ਅਤੇ ਨਾ ਹੀ ਗੈਰਹਾਜ਼ਰੀ ਹਾਜ਼ਰੀ ਰਜਿਸਟਰ ਵਿੱਚ ਦਰਜ ਸੀ।
ਜਦੋਂ ਉਹ ਹਾਜ਼ਰੀ ਰਜਿਸਟਰ ਵਿੱਚ ਇਹਨਾਂ ਅਧਿਆਪਕਾਂ ਦੀ ਗੈਰਹਾਜ਼ਰੀ ਬਾਰੇ ਟਿੱਪਣੀ ਕਰਨ ਲੱਗੇ ਤਾਂ ਸਕੂਲ ਦੇ ਅਧਿਆਪਕਾਂ ਨੇ ਨਾ ਸਿਰਫ਼ ਉਨ੍ਹਾਂ ਤੋਂ ਰਜਿਸਟਰ ਖੋਹ ਲਿਆ ਸਗੋਂ ਉਨ੍ਹਾਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ, ਕੁੱਟਮਾਰ ਕੀਤੀ ਅਤੇ ਜਾਤੀ ਸੂਚਕ ਸ਼ਬਦ ਵੀ ਵਰਤੇ। ਦੋਵਾਂ ਧੜਿਆਂ ਨੇ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਹੀ ਅਧਿਆਪਕਾਂ ਦੇ ਹੱਕ ਵਿੱਚ ਅਧਿਆਪਕ ਯੂਨੀਅਨ ਵੀ ਖੜੀ ਹੋ ਗਈ ਹੈ। ਦੋਵੇਂ ਧਿਰ ਇੱਕ ਦੂਜੇ ਤੇ ਕਾਰਵਾਈ ਦੀ ਮੰਗ ਕਰ ਰਹੇ ਹਨ।
ਸਰਕਾਰੀ ਪ੍ਰਾਇਮਰੀ ਸਕੂਲ ਧੀਰਾ ਦੇ ਮੁੱਖ ਅਧਿਆਪਕ ਬਰਿੰਦਰ ਸਿੰਘ ਅਤੇ ਹੋਰ ਸਟਾਫ਼ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਬਲਾਕ ਸਿੱਖਿਆ ਅਫ਼ਸਰ ਕਾਦੀਆਂ-2 ਪੋਹਲਾ ਸਿੰਘ ਨੇ ਸਕੂਲ ਵਿੱਚ ਆ ਕੇ ਅਧਿਆਪਕਾਂ ਦੇ ਇੱਕ ਗਰੁੱਪ ਨਾਲ ਬਦਸਲੂਕੀ ਕੀਤੀ, ਜਿਸ ਵਿੱਚ ਮਹਿਲਾ ਅਧਿਆਪਕਾ ਪਲਵਿੰਦਰ ਕੌਰ ਅਤੇ ਕਮਲਜੀਤ ਕੌਰ ਨਾਲ ਵੀ ਮਾੜਾ ਵਿਵਹਾਰ ਕੀਤਾ ਗਿਆ।
ਉਹਨਾਂ ਦੋਸ਼ ਲਗਾਇਆ ਕੀ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪੋਹਲਾ ਸਿੰਘ ਨੇ ਸਕੂਲ ਦੇ ਮੁੱਖ ਅਧਿਆਪਕ ਬਰਿੰਦਰ ਸਿੰਘ ਨਾਲ ਝਗੜਾ ਕੀਤਾ ਅਤੇ ਸਕੂਲ ਸਟਾਫ਼ ਦੇ ਹਾਜ਼ਰੀ ਰਜਿਸਟਰ ’ਤੇ ਨਾਜਾਇਜ਼ ਤੌਰ ’ਤੇ ਗਲਤ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਸਕੂਲ ਸਟਾਫ਼ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਰਜਿਸਟਰ ਖੋਹ ਲਿਆ ਅਤੇ ਉਸ ਦਾ ਪੰਨਾ ਪਾੜ ਦਿੱਤਾ। ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪੋਹਲਾ ਸਿੰਘ ਨੇ ਸਕੂਲ ਵਿੱਚ ਚੱਲ ਰਹੀ ਚਾਰਦੀਵਾਰੀ ਦੀ ਗਰਾਂਟ ਜੋ 9 ਲੱਖ ਰੁਪਏ ਤੋਂ ਵੱਧ ਦੀ ਬਣਦੀ ਹੈ ਨੂੰ ਜਾਰੀ ਕਰਨ ਲਈ 1 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਜਦੋਂ ਸਕੂਲ ਸਟਾਫ਼ ਨੇ ਇਸ ਸਬੰਧੀ ਸਥਾਨਕ ਵਿਧਾਇਕ ਨੂੰ ਸੂਚਿਤ ਕੀਤਾ ਤਾਂ ਪੋਹਲਾ ਸਿੰਘ ਗੁੱਸੇ ਵਿੱਚ ਆ ਗਿਆ ਅਤੇ ਸਕੂਲ ਵਿੱਚ ਆ ਕੇ ਸਮੂਹ ਅਧਿਆਪਕਾਂ ਨਾਲ ਬਦਸਲੂਕੀ ਕੀਤੀ।
ਦੂਜੇ ਪਾਸੇ ਬੀਪੀਈਓ ਪੋਹਲਾ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਧੀਰਾ ਦੇ ਮੁੱਖ ਅਧਿਆਪਕ ਬਰਿੰਦਰ ਸਿੰਘ ਅਤੇ ਉਸ ਦੀ ਪਤਨੀ ਪਲਵਿੰਦਰ ਕੌਰ ਦੋਵੇਂ ਇੱਕੋ ਸਕੂਲ ਵਿੱਚ ਪੜ੍ਹਾਉਂਦੇ ਹਨ। ਉਹਨਾਂ ਦੋਸ਼ ਲਗਾਇਆ ਕਿ ਪ੍ਰਿੰਸੀਪਲ ਅਤੇ ਸਕੂਲ ਦੇ ਹੋਰ ਅਧਿਆਪਕ ਆਪਸੀ ਰਜ਼ਾਮੰਦੀ ਨਾਲ ਬਿਨਾਂ ਛੁੱਟੀ ਲਏ ਸਕੂਲ ਤੋਂ ਵਾਰੀ ਵਾਰੀ ਨਾਲ ਬੰਕ ਮਾਰਦੇ ਹਨ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਤੇ ਮਾੜਾ ਅਸਰ ਪੈਂਦਾ ਹੈ। 5 ਦਸੰਬਰ ਨੂੰ ਜਦੋਂ ਉਹ ਸਵੇਰੇ 11 ਵਜੇ ਸਕੂਲ ਵਿੱਚ ਚੈਕਿੰਗ ਕਰਨ ਲਈ ਪਹੁੰਚੇ ਤਾਂ ਸਕੂਲ ਵਿੱਚੋਂ ਦੋ ਅਧਿਆਪਕ ਗੈਰ ਹਾਜ਼ਰ ਸਨ।
ਜਦੋਂ ਉਨ੍ਹਾਂ ਹਾਜ਼ਰੀ ਰਜਿਸਟਰ ਦੀ ਜਾਂਚ ਕੀਤੀ ਤਾਂ ਉਥੇ ਨਾ ਤਾਂ ਉਕਤ ਅਧਿਆਪਕਾਂ ਦੀ ਹਾਜ਼ਰੀ ਅਤੇ ਨਾ ਹੀ ਗੈਰਹਾਜ਼ਰੀ ਦਰਜ ਸੀ। ਜਦੋਂ ਉਨ੍ਹਾਂ ਰਜਿਸਟਰ ’ਤੇ ਉਕਤ ਅਧਿਆਪਕਾਂ ਬਾਰੇ ਟਿੱਪਣੀ ਲਿਖਣੀ ਸ਼ੁਰੂ ਕੀਤੀ ਤਾਂ ਸਕੂਲ ਦੇ ਮੁੱਖ ਅਧਿਆਪਕ ਬਰਿੰਦਰ ਸਿੰਘ ਨੇ ਉਨ੍ਹਾਂ ਕੋਲੋਂ ਰਜਿਸਟਰ ਖੋਹ ਲਿਆ। ਉਹਨਾਂ ਦੋਸ਼ ਲਗਾਇਆ ਕਿ ਅਧਿਆਪਕਾਂ ਨੇ ਮਿਲ ਕੇ ਉਨ੍ਹਾਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ, ਕੁੱਟਮਾਰ ਕੀਤੀ ਅਤੇ ਜਾਤੀ ਸੂਚਕ ਸ਼ਬਦ ਵੀ ਕਹੇ। ਇਸ ਸਬੰਧੀ ਜਦੋਂ ਉਨ੍ਹਾਂ ਪੁਲਿਸ ਵਿਭਾਗ ਦੇ ਨੰਬਰ 112 'ਤੇ ਸ਼ਿਕਾਇਤ ਕੀਤੀ ਤਾਂ ਚੌਕੀ ਉਦੋਵਾਲ ਦੇ ਪੁਲਿਸ ਮੁਲਾਜ਼ਮਾਂ ਨੇ ਆ ਕੇ ਉਨ੍ਹਾਂ ਨੂੰ ਛੁਡਵਾਇਆ | ਇਸ ਸਬੰਧੀ ਉਨ੍ਹਾਂ ਨੇ ਉਦੋਵਾਲ ਥਾਣੇ ਵਿੱਚ ਸ਼ਿਕਾਇਤ ਦਿੱਤੀ , ਜਿਸ ਤੋਂ ਬਾਅਦ ਅਧਿਆਪਕਾਂ ਵਲੋਂ ਵੀ ਅਧਿਆਪਕ ਯੂਨੀਅਨ ਦੀ ਸ਼ਹਿ ਤੇ ਉਹਨਾਂ ਖਿਲਾਫ ਝੂਠੇ ਦੋਸ਼ ਲਗਾਏ ਜਾ ਰਹੇ ਹਨ।
ਜਦੋਂ ਇਸ ਬਾਰੇ ਡੀਈਓ ਪ੍ਰਾਇਮਰੀ ਮਮਤਾ ਖੁਰਾਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬੀਪੀਈਓ ਪੋਹਲਾ ਸਿੰਘ ਵੱਲੋਂ ਫੋਨ ’ਤੇ ਸੂਚਿਤ ਕੀਤਾ ਗਿਆ ਸੀ ਕਿ ਪ੍ਰਾਇਮਰੀ ਸਕੂਲ ਧੀਰਾ ਦੇ ਅਧਿਆਪਕਾਂ ਨੇ ਉਸ ਨੂੰ ਬੰਦੀ ਬਣਾ ਲਿਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਡਿਪਟੀ ਡੀਈਓ ਪ੍ਰਕਾਸ਼ ਜੋਸ਼ੀ ਨੂੰ ਮਾਮਲੇ ਦੀ ਜਾਂਚ ਲਈ ਡਿਊਟੀ ’ਤੇ ਲਾਇਆ ਹੈ। ਦੋਹਾਂ ਧੀਰਾਂ ਨੂੰ ਆਹਮਣੇ ਸਾਹਮਣੇ ਬਿਠਾ ਕੇ ਸੱਚ ਸਾਹਮਣੇ ਲਿਆਂਦਾ ਜਾਏਗਾ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ।