ਪ੍ਰਧਾਨ ਮੰਤਰੀ 'ਵਿਕਸਿਤ ਭਾਰਤ@ 2047 ਦਾ ਵਿਜ਼ਨ ਦਸਤਾਵੇਜ਼ ਤਿਆਰ ਕਰਨ ਲਈ ਕਰਨਗੇ ਪ੍ਰੋਗਰਾਮ ਦਾ ਉਦਘਾਟਨ
ਅਸ਼ੋਕ ਵਰਮਾ
ਬਠਿੰਡਾ, 10 ਦਸੰਬਰ 2023: ਅਜ਼ਾਦੀ ਦੇ ਸੋ ਸਾਲ ਪੂਰੇ ਹੋਣ ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਮਰਪਿਤ ਯਤਨਾਂ ਤਹਿਤ ਭਾਰਤ ਸਰਕਾਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ ‘ਵਿਕਸਿਤ ਭਾਰਤ@ 2047 ਦਾ ਵਿਜ਼ਨ ਦਸਤਾਵੇਜ਼ ਤਿਆਰ ਕਰਨ ਲਈ ਉੱਚ ਸਿੱਖਿਆ ਸੰਸਥਾਵਾਂ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ' ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ। ਇਹ ਪ੍ਰੋਗਰਾਮ ਵਿਕਸਤ ਭਾਰਤ@2047 ਲਈ ਇੱਕ ਵਿਜ਼ਨ ਦਸਤਾਵੇਜ਼ ਤਿਆਰ ਕਰਨ ਲਈ ਨਵੀਨਤਾਕਾਰੀ ਵਿਚਾਰਾਂ ਨੂੰ ਸਾਂਝਾ ਕਰਨ ਲਈ ਉੱਚ ਸਿੱਖਿਆ ਸੰਸਥਾਵਾਂ ਵਿੱਚ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ 'ਤੇ ਕੇਂਦਰਿਤ ਹੋਵੇਗਾ।
ਇਹ ਮੁਹਿੰਮ 11 ਦਸੰਬਰ, 2023 ਨੂੰ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਉਦਘਾਟਨੀ ਭਾਸ਼ਣ ਨਾਲ ਸ਼ੁਰੂ ਹੋਵੇਗੀ। ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਵਿੱਚ ਪੰਜਾਬ ਦੇ ਉੱਚ ਵਿਦਿਅਕ ਸੰਸਥਾਵਾਂ ਦੇ ਵਾਈਸ ਚਾਂਸਲਰ/ਮੁਖੀਆਂ ਅਤੇ ਸਰਕਾਰੀ/ਪ੍ਰਾਈਵੇਟ/ਡੀਮਡ ਯੂਨੀਵਰਸਿਟੀਆਂ ਦੇ ਅਧਿਆਪਕਾਂ ਨੂੰ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ ਅਤੇ ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀਲਾਲ ਪੁਰੋਹਿਤ ਦੀ ਮੌਜੂਦਗੀ ਵਿੱਚ ਪੰਜਾਬ ਰਾਜ ਭਵਨ ਵਿਖੇ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ।
ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ 11 ਦਸੰਬਰ, 2023 ਤੋਂ 25 ਦਸੰਬਰ, 2023 ਤੱਕ MyGov.in ਪੋਰਟਲ 'ਤੇ ਵਿਕਸਿਤ ਭਾਰਤ @2047 ਲਈ ਵਿਜ਼ਨ ਦਸਤਾਵੇਜ਼ ਤਿਆਰ ਕਰਨ ਲਈ ਡਿਜੀਟਲ ਰੂਪ ਵਿੱਚ ਆਪਣੇ ਸੁਝਾਅ ਦੇਣ ਦਾ ਮੌਕਾ ਮਿਲੇਗਾ।
ਇਸ ਮੌਕੇ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਪੰਜਾਬ ਦੇ ਸਮੂਹ ਉੱਚ ਵਿਦਿਅਕ ਅਦਾਰਿਆਂ ਦੇ ਸਿੱਖਿਆ ਸ਼ਾਸਤਰੀਆਂ ਅਤੇ ਵਿਦਿਆਰਥੀਆਂ ਨੂੰ 'ਵਿਕਸਿਤ ਭਾਰਤ@2047' ਦਾ ਵਿਜ਼ਨ ਦਸਤਾਵੇਜ਼ ਤਿਆਰ ਕਰਨ ਲਈ ਡਿਜ਼ੀਟਲ ਤਰੀਕੇ ਨਾਲ ਆਪਣੇ ਸੁਝਾਅ ਦੇਣ ਦੀ ਅਪੀਲ ਕੀਤੀ ਹੈ।
ਪ੍ਰੋ. ਤਿਵਾਰੀ ਨੇ ਦੱਸਿਆ ਕਿ ਭਾਰਤ ਇਸ ਸਮੇਂ ਵਿਸ਼ਵ ਪੱਧਰ 'ਤੇ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਦੇਸ਼ ਇਸ ਵੇਲੇ ਆਪਣੇ ਇਤਿਹਾਸ ਦੇ ਇੱਕ ਅਹਿਮ ਮੋੜ 'ਤੇ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੇ ਵਿਆਪਕ ਸ਼ਾਸਨ ਮਾਡਲ ਦੇ ਕਾਰਨ ਸਾਡੇ ਦੇਸ਼ ਨੇ ਖੇਡਾਂ, ਜਨ ਧਨ ਖਾਤੇ, ਕੋਵਿਡ-ਟੀਕਾ, ਚੰਦਰਯਾਨ, ਜਲਵਾਯੂ ਟੀਚਿਆਂ ਅਤੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਸਮੇਤ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਸਾਡੇ ਦੇਸ਼ ਵਾਸੀ ਭਾਰਤ ਨੂੰ 2027 ਤੱਕ 5 ਟ੍ਰਿਲੀਅਨ ਡਾਲਰ ਅਤੇ 2047 ਤੱਕ 30 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਤੱਕ ਲੈ ਜਾਣ ਦੀ ਸਮਰੱਥਾ ਰੱਖਦੇ ਹਨ।
ਪ੍ਰੋ. ਤਿਵਾੜੀ ਨੇ ਜਪਾਨ, ਜਰਮਨੀ, ਸਿੰਗਾਪੁਰ ਅਤੇ ਦੱਖਣੀ ਕੋਰੀਆ ਦੇ ਇਤਿਹਾਸ ਵਿੱਚ ਪਰਿਵਰਤਨਸ਼ੀਲ ਪਲਾਂ ਦੀ ਮਹੱਤਤਾ ਬਾਰੇ ਦੱਸਿਆ ਅਤੇ ਵਿਕਸਤ ਭਾਰਤ@2047 ਦੇ ਸੁਪਨੇ ਨੂੰ ਇੱਕ ਹਕੀਕਤ ਬਣਾਉਣ ਲਈ ਨੌਜਵਾਨਾਂ ਦੀ ਸ਼ਮੂਲੀਅਤ ਦੁਆਰਾ ਭਾਰਤ ਦੇ ਸਾਹਮਣੇ ਮੌਜੂਦਾ ਮੌਕੇ ਦਾ ਪੂਰੀ ਤਰ੍ਹਾਂ ਲਾਭ ਉਠਾਉਣ ਦੀ ਲੋੜ 'ਤੇ ਜ਼ੋਰ ਦਿੱਤਾ।
ਪ੍ਰੋ. ਤਿਵਾੜੀ ਨੇ ਕਿਹਾ ਕਿ ਵਿਕਸਿਤ ਭਾਰਤ@2047 ਦਾ ਰੋਡਮੈਪ ਸਮੂਹਿਕ ਯਤਨਾਂ ਨਾਲ ਹੀ ਤਿਆਰ ਕੀਤਾ ਜਾ ਸਕਦਾ ਹੈ। ਇਸ ਕਾਰਜ ਨੂੰ ਪੂਰਾ ਕਰਨ ਲਈ ਨੌਜਵਾਨਾਂ ਨੂੰ ਵਿਕਸਿਤ ਭਾਰਤ@2047 ਦੇ ਵੱਖ-ਵੱਖ ਪਹਿਲੂਆਂ ਲਈ ਟੀਚੇ ਤੈਅ ਕਰਨ ਅਤੇ ਉਨ੍ਹਾਂ ਟੀਚੇਆਂ ਨੂੰ ਪੂਰਾ ਕਰਨ ਲਈ ਨਵੇਂ ਸੁਝਾਅ ਸਾਂਝੇ ਕਰਦੇ ਹੋਏ ਇੱਕ ਵਿਜ਼ਨ ਦਸਤਾਵੇਜ਼ ਤਿਆਰ ਕਰਨ ਦੀ ਲੋੜ ਹੈ।