ਉਗਰਾਹਾਂ ਗਰੁੱਪ 24 ਤੋਂ ਲਾਵੇਗਾ ਚੰਡੀਗੜ੍ਹ ’ਚ ’ਪੱਕਾ ਮੋਰਚਾ’, ਲੱਖੋਵਾਲ ਗਰੁੱਪ ਵੱਲੋਂ 16 ਨੂੰ ਭਾਰਤ ਬੰਦ ਦਾ ਸੱਦਾ
ਚੰਡੀਗੜ੍ਹ, 11 ਫਰਵਰੀ, 2024: ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਜਥੇਬੰਦੀ ਸੂਬਾ ਸਰਕਾਰ ਵੱਲੋਂ ਕਿਸਾਨ ਪੱਖੀ ਖੇਤੀਬਾੜੀ ਨੀਤੀ ਘੜਨ ਵਿਚ ਨਾਕਾਮ ਰਹਿਣ ਤੇ ਉਹਨਾਂ ਦੇ ਕਰਜ਼ੇ ਮੁਆਫ ਨਾ ਕਰਨ ਖਿਲਾਫ 24 ਫਰਵਰੀ ਤੋਂ ਚੰਡੀਗੜ੍ਹ ਵਿਚ ’ਪੱਕਾ ਮੋਰਚਾ’ ਸ਼ੁਰੂ ਕਰੇਗੀ।
ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸੂਬਾ ਸਰਕਾਰ ਕਿਸਾਨ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਕਿਸਾਨ 60 ਸਾਲ ਅਤੇ ਵੱਧ ਦੇ ਕਿਸਾਨਾਂ ਵਾਸਤੇ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਅਤੇ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਲਈ 60 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਮੰਗ ਰਹੀ ਹੈ।
ਉਧਰ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਨੇ 16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ 16 ਫਰਵਰੀ ਨੂੰ 12.00 ਵਜੇ ਦੁਪਹਿਰ ਤੋਂ ਸ਼ਾਮ 4.00 ਵਜੇ ਤੱਕ ਮੁਕੰਮਲ ਭਾਰਤ ਬੰਦ ਰੱਖਿਆ ਜਾਵੇਗਾ। ਰੇਲਾਂ ਰੋਕੀਆਂ ਜਾਣਗੀਆਂ, ਸੜਕਾਂ ਠੱਪ ਕੀਤੀਆਂ ਜਾਣਗੀਆਂ ਪਰ ਐਂਬੂਲੈਂਸਾਂ ਤੇ ਹੋਰ ਜ਼ਰੂਰੀ ਸੇਵਾਵਾਂ ਲਈ ਆਗਿਆ ਹੋਵੇਗੀ।