ਅਦਾਲਤ ਫਰੀਦਕੋਟ ਨੇ ਵਿਅਕਤੀ ਨੂੰ 10 ਸਾਲ ਦੀ ਕੈਦ, ਇੱਕ ਲੱਖ ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ
ਦੀਪਕ ਗਰਗ
ਕੋਟਕਪੂਰਾ, 11 ਫ਼ਰਵਰੀ 2024 :- ਨਸ਼ੀਲੀਆਂ ਗੋਲੀਆਂ ਰੱਖਣ ਦੇ ਦੋਸ਼ਾਂ ਵਿੱਚ ਐਡੀਸ਼ਨਲ ਸੈਸ਼ਨ ਜੱਜ ਰਾਜੀਵ ਕਾਲੜਾ ਦੀ ਅਦਾਲਤ ਫਰੀਦਕੋਟ ਨੇ ਇੱਕ ਵਿਅਕਤੀ ਨੂੰ 10 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜੁਰਮਾਨੇ ਦਾ ਹੁਕਮ ਸੁਣਾਇਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ 3 ਸਾਲ ਹੋਰ ਵਾਧੂ ਜੇਲ ਵਿੱਚ ਰਹਿਣਾ ਪਵੇਗਾ। ਮਿਲੀ ਜਾਣਕਾਰੀ ਅਨੁਸਾਰ ਸਿਟੀ ਫਰੀਦਕੋਟ ਦੀ ਪੁਲਿਸ ਨੇ 9 ਮਈ 2019 ਨੂੰ ਇੰਦਰਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਫਰੀਦਕੋਟ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਜਿਸ ਵਿੱਚ ਪੁਲਿਸ ਨੇ ਦੋਸ਼ ਲਾਇਆ ਸੀ ਕਿ ਘਟਨਾ ਵਾਲੇ ਦਿਨ ਸਿਟੀ ਫਰੀਦਕੋਟ ਦੇ ਏਐਸਆਈ ਚਰਨਜੀਤ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਜਿਸ ਵਿੱਚ ਏਐਸਆਈ ਹਰਚਰਨ ਸਿੰਘ, ਐਚ.ਸੀ. ਗੁਰਬਚਨ ਸਿੰਘ, ਸਿਪਾਹੀ ਅਮਨਦੀਪ ਸਿੰਘ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਮੁਤਾਬਿਕ ਚੈਕਿੰਗ ਲਈ ਨਾਕਾਬੰਧੀ ਪੁਲਿਸ ਲਾਈਨ ਦੇ ਗੇਟ ਦੇ ਸਾਹਮਣੇ ਇਲਾਕਾ ਸਿਟੀ ਫਰੀਦਕੋਟ ਕਰਨ ਲਈ ਐਟੀ ਨਾਰਕੋਟਿਕ ਸੱੈਲ ਫਰੀਦਕੋਟ ਤੋ ਚੱਲ ਕੇ ਪੁਲੀਸ ਲਾਈਨ ਫਰੀਦਕੋਟ ਦੇ ਗੇਟ ਸਾਹਮਣੇ ਨਾਕਾ ਲਾ ਕੇ ਕੋਟਕਪੂਰਾ ਦੀ ਤਰਫੋ ਆਉਣ ਜਾਣ ਵਾਲੇ ਵਾਹਨਾ ਦੀ ਚੈਕਿੰਗ ਸਾਥੀਆਂ ਦੀ ਮੱਦਦ ਨਾਲ ਕੀਤੀ ਜਾ ਰਹੀ ਸੀ ਤਾਂ ਇੱਕ ਮੋਨਾ ਨੋਜਵਾਨ ਵਿਅਕਤੀ ਕੋਟਕਪੂਰਾ ਦੀ ਤਰਫੋਂ ਪੈਦਲ ਆਉਦਾ ਦਿਖਾਈ ਦਿੱਤਾ, ਜਿਸ ਦੇ ਹੱਥ ਵਿੱਚ ਇੱਕ ਲਿਫਾਫਾ ਪਲਾਸਟਿਕ ਫੜਿਆ ਹੋਇਆ ਸੀ, ਜੋ ਪੁਲਿਸ ਨਾਕਾ ਦੇਖ ਕੇ ਪਿੱਛੇ ਮੁੜ ਕੇ ਖਿਸਕਣ ਲੱਗਾ। ਜਿਸ ਨੂੰ ਏਐਸਆਈ ਨੇ ਆਪਣੇ ਸਾਥੀਆਂ ਦੀ ਮੱਦਦ ਨਾਲ ਕਾਬੂ ਕੀਤਾ। ਪੁਲਿਸ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਪਾਸੋ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਇਸ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕਰਕੇ ਗਿ੍ਰਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਨਸ਼ੀਲਆਂ ਗੋਲੀਆਂ ਰੱਖਣ ਦੇ ਮੁਕੱਦਮੇ ਦੀ ਪੂਰੀ ਤਨਦੇਹੀ ਨਾਲ ਸਰਕਾਰੀ ਵਕੀਲ ਸੁਰਿੰਦਰ ਸਚਦੇਵਾ ਵੱਲੋਂ ਪੈਰਵੀ ਕਰਦਿਆਂ ਮੁਕੱਦਮੇ ਦਾ ਚਲਾਨ ਪੇਸ਼ ਕਰਨ ਉਪਰੰਤ ਗਵਾਹੀਆਂ ਮੁਕੰਮਲ ਕਰਵਾਈਆਂ ਗਈਆਂ, ਜਿਸ ਦੇ ਆਧਾਰ ’ਤੇੇ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਰਾਜੀਵ ਕਾਲੜਾ ਨੇ ਇੰਦਰਜੀਤ ਸਿੰਘ ਪੁੱਤਰ ਗੁਰਬਚਨ ਸਿੰਘ ਨੂੰ ਐਡਵੋਕੇਟ ਸੁਰਿੰਦਰ ਸਚਦੇਵਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ 10 ਦੀ ਕੈਦ ਸੁਣਾਈ ਅਤੇ 1 ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ।