ਦਿਲ ਵੱਟੇ ਦਿਲ ਤੇ ਛੱਲੇ ਮੁੰਦੀਆਂ ਵਟਾਉਣ ਲਈ ਭਾਜਪਾ ਤੇ ਅਕਾਲੀ ਦਲ ਵੱਲੋਂ ਸਮਾਂ ਤੈਅ
ਅਸ਼ੋਕ ਵਰਮਾ
ਬਠਿੰਡਾ, 11 ਫਰਵਰੀ 2024: ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਗੱਠਜੋੜ ਦੇ ਐਲਾਨ ਲਈ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਦਿਨ ਤੈਅ ਕਰ ਲਿਆ ਹੈ। ਭਾਜਪਾ ਵਿਚਲੇ ਅਹਿਮ ਸੂਤਰਾਂ ਦੀ ਮੰਨੀਏ ਤਾਂ ਮਾਰਚ ਦੇ ਪਹਿਲੇ ਹਫਤੇ ਅਕਾਲੀ ਦਲ ਐਨ ਡੀ ਏ ’ਚ ਵਾਪਿਸੀ ਕਰਨ ਜਾ ਰਿਹਾ ਹੈ। ਉਂਜ ਇਹ ਵੀ ਸਾਹਮਣੇ ਆਇਆ ਹੈ ਕਿ ਗੱਠਜੋੜ ਦੀ ਭੇਲੀ ਤਿੰਨ ਮਾਰਚ ਨੂੰ ਭੰਨੀ ਜਾ ਸਕਦੀ ਹੈ ਜਿਸ ਦਿਨ ਰਾਜਸਥਾਨ ਕਾਂਗਰਸ ਦੇ ਇੱਕ ਚੋਟੀ ਦੇ ਨੇਤਾ ਵੱਲੋਂ ਭਾਜਪਾ ਦਾ ਕਮਲ ਫੜ੍ਹਨ ਦੀ ਚਰਚਾ ਹੈ। ਬੀਜੇਪੀ ਦੇ ਇੱਕ ਸੀਨੀਅਰ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਰਾਣੇ ਭਾਈਵਾਲਾਂ ਵਿਚਕਾਰ ਗਠਜੋੜ ਸਬੰਧੀ ਸਹਿਮਤੀ ਬਣ ਗਈ ਹੈ ਬੱਸ ਕੁੱਝ ਛੋਟੇ ਮੋਟੇ ਮਸਲਿਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਤੁਸੀਂ ਦੇਖਦੇ ਜਾਓ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਦੀ ਰਾਜਨੀਤੀ ’ਚ ਵੱਡੇ ਅਤੇ ਫੱਟੇ ਚੱਕ ਧਮਾਕੇ ਹੋਣ ਵਾਲੇ ਹਨ। ਸੂਤਰ ਦੱਸਦੇ ਹਨ ਕਿ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਪਹਿਲਾਂ ਨਾਲੋਂ ਜਿਆਦਾ ਹਲਕਿਆਂ ’ਚ ਚੋਣ ਲੜੇਗੀ ਜੋਕਿ 5 ਜਾਂ 6 ਹੋ ਸਕਦੇ ਹਨ। ਇਹੀ ਗੱਲ ਮੀਡੀਆ ਹਲਕਿਆਂ ਵਿੱਚ ਵੀ ਚੱਲ ਰਹੀ ਹੈ ਫਿਰ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਸੂਝਬੂਝ ਤੇ ਨਿਰਭਰ ਹੈ ਕਿ ਉਹ ਭਾਜਪਾ ਲੀਡਰਸ਼ਿਪ ਨੂੰ ਕਿਸ ਹੱਦ ਤੱਕ ਰੋਕ ਸਕਣ ਜਾਂ ਫਿਰ ਭਾਜਪਾ ਦੇ ਹਿੱਸੇ ਆਉਣ ਵਾਲੇ ਹਲਕਿਆਂ ਦੀ ਗਿਣਤੀ ਮਾਮਲੇ ਵਿੱਚ ਆਪਣੀ ਪੁਗਾਉਣ ’ਚ ਸਫਲ ਹੁੰਦੇ ਹਨ। ਸਾਲ 2014 ਅਤੇ 2019 ਦੌਰਾਨ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਚੋਂ ਅਕਾਲੀ ਦਲ ਨੇ 10 ਅਤੇ ਬੀਜੇਪੀ ਨੇ 3 ਹਲਕਿਆਂ ’ਚ ਚੋਣ ਲੜੀ ਸੀ।
ਸਾਲ 2019 ਦੀਆਂ ਸੰਸਦੀ ਚੋਣਾਂ ਮੌਕੇ ਪੰਜਾਬ ’ਚ ਨਿਵਾਣਾਂ ਦਾ ਸਾਹਮਣਾ ਕਰ ਰਹੇ ਗਠਜੋੜ ਨੇ ਭਾਈਵਾਲੀ ਤਹਿਤ ਦੋ ਦੋ ਹਲਕਿਆਂ ’ਚ ਜਿੱਤ ਹਾਸਲ ਕਰ ਲਈ ਸੀ। ਸਾਲ 2022 ਵਿੱਚ ਸੰਗਰੂਰ ਅਤੇ ਸਾਲ 2023 ਵਿੱਚ ਜਲੰਧਰ ਜਿਮਨੀ ਚੋਣ ਮੌਕੇ ਵੱਖ ਵੱਖ ਹੋਣ ਕਰਕੇ ਦੋਵਾਂ ਪਾਰਟੀਆਂ ਨੂੰ ਵੱਡਾ ਸਿਆਸੀ ਨੁਕਸਾਨ ਝੱਲਣਾ ਪਿਆ ਸੀ ਜੋਕਿ ਗਠਜੋੜ ਦਾ ਅਧਾਰ ਬਣਿਆ ਹੈ। ਮੋਟੇ ਤੌਰ ਤੇ ਹਾਸਲ ਹੋਈ ਜਾਣਕਾਰੀ ਅਨੁਸਾਰ ਭਾਜਪਾ ਦੇ ਕੌਮੀ ਅਤੇ ਮੁਕਾਮੀ ਆਗੂ ਇਸ ਗੱਲ ਤੇ ਸਹਿਮਤ ਹਨ ਕਿ ਪੁਰਾਣੇ ਗਿਲੇ ਸ਼ਿਕਵੇ ਭੁੱਲ ਕੇ ਅੱਗੇ ਵਧਣ ਦੀ ਜਰੂਰਤ ਹੈ। ਖਾਸ ਤੌਰ ਤੇ ਜਦੋਂ ਤੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਐਨਡੀਏ ’ਚ ਵਾਪਿਸੀ ਕੀਤੀ ਹੈ ਤਾਂ ਅਕਾਲੀ ਦਲ ਦੇ ਅੰਦਰ ਵੀ ਇਸ ਧਾਰਨਾ ਨੇ ਜੋਰ ਫੜਿਆ ਹੈ ਕਿ ਜੇਕਰ ਨਿਤੀਸ਼ ਐਨਡੀਏ ਨਾਲ ਟੁੱਟੀ ਗੰਢ ਸਕਦੇ ਹਨ ਤਾਂ ਫਿਰ ਅਕਾਲੀ ਦਲ ਕਿੳਂ ਨਹੀਂ।
ਸੂਤਰਾਂ ਮੁਤਾਬਕ ਦੋਵਾਂ ਧਿਰਾਂ ਨੇ ਉਮੀਦਵਾਰ ਦੀ ਚੋਣ ਦੌਰਾਨ ਖੁਦ ਜਿੱਤ ਸਕਣ ਅਤੇ ਪਾਰਟੀਆਂ ਨੂੰ ਜਿਤਾਉਣ ਦੀ ਸਮਰੱਥਾ ਨੂੰ ਅਧਾਰ ਬਨਾਉਣ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਤਾਂ ਇਹ ਵੀ ਦੱਸਿਆ ਹੈ ਕਿ ਅਕਾਲੀ ਦਲ ਤਰਫੋਂ ਇਸ ਵਾਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਚੋਣ ਲੜ ਸਕਦੇ ਹਨ ਅਤੇ ਸਰਕਾਰ ਆਉਣ ਦੀ ਸੂਰਤ ’ਚ ਉਨ੍ਹਾਂ ਨੂੰ ਵਜ਼ੀਰ ਬਨਾਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਕੇਂਦਰ ’ਚ ਦੋ ਵਾਰ ਮੰਤਰੀ ਰਹੀ ਹਰਸਿਮਰਤ ਕੌਰ ਬਾਦਲ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਦੀ ਜਿੰਮੇਵਾਰੀ ਅਤੇ ਅਕਾਲੀ ਦਲ ਦੀ ਪ੍ਰਧਾਨਗੀ ਸੰਭਾਲਣਗੇ। ਅੰਦਰੋ ਅੰਦਰੀਂ ਬੀਜੇਪੀ ਦੇ ਟਕਸਾਲੀ ਆਗੂ ਵੀ ਗਠਜੋੜ ਦੇ ਹੱਕ ਵਿਚ ਹਨ। ਇਹ ਨੇਤਾ ਆਖਦੇ ਹਨ ਕਿ ਅਕਾਲੀ ਦਲ ਨੇ ਉਸ ਵੇਲੇ ਭਾਜਪਾ ਦਾ ਹੱਥ ਛੱਡਿਆ ਸੀ ਜਦੋਂ ਪਾਰਟੀ ਔਖੇ ਦੌਰ ਵਿੱਚੋਂ ਦੀ ਲੰਘ ਰਹੀ ਸੀ ਫਿਰ ਵੀ ਵਕਤ ਦੀ ਜ਼ਰੂਰਤ ਹੈ ਕਿ ਮਿਲ ਕੇ ਚੱਲਿਆ ਜਾਵੇ।
ਇਨ੍ਹਾਂ ਆਗੂਆਂ ਦੀ ਸੋਚ ਹੈ ਜੇਕਰ ਭਾਈਵਾਲੀ ਕਾਇਮ ਹੋ ਜਾਂਦੀ ਹੈ ਤਾਂ ਦਲ-ਬਦਲੂਆਂ ਦਾ ਪੱਤਾ ਕੱਟਿਆ ਜਾ ਸਕਦਾ ਹੈ। ਮਾਲਵੇ ਦੇ ਇੱਕ ਸੀਨੀਅਰ ਭਾਜਪਾ ਆਗੂ ਦਾ ਕਹਿਣਾ ਸੀ ਕਿ ਦੋਵਾਂ ਧਿਰਾਂ ਨੇ ਵੱਖ ਹੋ ਕੇ ਗੁਆਇਆ ਹੀ ਹੈ ਖੱਟਿਆ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਗਠਜੋੜ ਲਈ ਇਹ ਵੀ ਰਾਹਤ ਵਾਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਹੁਣ ਆਪੋ ਆਪਣੇ ਦਮ ਤੇ ਚੋਣ ਮੈਦਾਨ ’ਚ ਉੱਤਰਨ ਜਾ ਰਹੀਆਂ ਹਨ। ਪਤਾ ਲੱਗਾ ਹੈ ਕਿ ਅਕਾਲੀ ਦਲ ਦੇ ਕਈ ਸੀਨੀਅਰ ਆਗੂਆਂ ਨੇ ਵੀ ਗੱਠਜੋੜ ਲਈ ਰਾਹ ਪੱਧਰਾ ਕੀਤਾ ਹੈ। ਇੰਨ੍ਹਾਂ ਲੀਡਰਾਂ ਦੀ ਦਲੀਲ ਹੈ ਕਿ ਕੌਮੀ ਪੱਧਰ ’ਤੇ ਭਾਜਪਾ ਦੀ ਚੜ੍ਹਤ ਹੈ ਜਦੋਂ ਕਿ ਅਕਾਲੀ ਦਲ ਨਿਵਾਣ ’ਚੋਂ ਉੱਭਰਨ ਲਈ ਯਤਨ ਕਰ ਰਿਹਾ ਹੈ। ਇਸ ਲਈ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਆਪਸੀ ਸਹਿਮਤੀ ਬਣਾ ਲੈਣ ਵਿੱਚ ਕੋਈ ਹਰਜ਼ ਨਹੀਂ ਹੈ।
ਸਾਲ 1996 ਵਿੱਚ ਬਣੇ ਭਾਈਵਾਲ
ਪੰਜਾਬ ਵਿੱਚ ਕਾਲੇ ਦਿਨਾਂ ਦੀ ਸਮਾਪਤੀ ਪਿੱਛੋਂ ਸਾਲ 1997 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੱਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਉਸ ਵੇਲੇ ਦੇ ਸਿਰਮੌਰ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਨੇ ਹਿੰਦੂ ਸਿੱਖ ਏਕਤਾ ਦੇ ਨਾਮ ਹੇਠ ਇਸ ਗਠਜੋੜ ਨੂੰ ਅਮਲੀ ਰੂਪ ਦਿੱਤਾ ਸੀ। ਉਸ ਮਗਰੋਂ ਗਠਜੋੜ ਲਗਾਤਾਰ ਭਾਈਵਾਲੀ ਤਹਿਤ ਹਰ ਤਰ੍ਹਾਂ ਦੀਆਂ ਚੋਣਾਂ ਲੜਦਾ ਆ ਰਿਹਾ ਸੀ। ਕੇਂਦਰ ਦੀਮੋਦੀ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਪਾਸ ਕਰਨ ਕਾਰਨ ਦੋਵਾਂ ਭਾਈਵਾਲਾਂ ’ਚ ਕੁੜੱਤਣ ਬਣ ਗਈ ਤਾਂ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਜਿਸ ਤੋਂ ਬਾਅਦ ਦੋਵਾਂ ਧਿਰਾਂ ਦੇ ਰਾਹ ਵੱਖੋ-ਵੱਖਰੇ ਚੱਲੇ ਆ ਰਹੇ ਹਨ।