ਸ਼ੰਭੂ ਬੈਰੀਅਰ ਤੋਂ ਬਾਅਦ ਹਰਿਆਣਾ ਪੁਲਿਸ ਨੇ ਅੰਬਾਲਾ ਚੰਡੀਗੜ੍ਹ ਹਾਈਵੇ 'ਤੇ ਸਥਿਤ ਝਰਮੜੀ ਬਾਰਡਰ 'ਤੇ ਬੈਰੀਕੇਡਿੰਗ ਦਾ ਕੰਮ ਵੱਡੇ ਪੱਧਰ 'ਤੇ ਸ਼ੁਰੂ ਕੀਤਾ
ਮਲਕੀਤ ਸਿੰਘ ਮਲਕਪੁਰ
ਲਾਲੜੂ, 11 ਫਰਵਰੀ 2024: ਹਰਿਆਣਾ ਪੁਲਿਸ ਪ੍ਰਸ਼ਾਸਨ ਨੇ 13 ਫਰਵਰੀ ਨੂੰ ਦਿੱਲੀ ਵੱਲ ਕਿਸਾਨ ਮਾਰਚ ਕਰਨ ਦੇ ਐਲਾਨ ਨੂੰ ਲੈ ਕੇ ਕਾਰਵਾਈ ਕਰਦਿਆਂ ਅੰਬਾਲਾ- ਚੰਡੀਗੜ੍ਹ ਕੌਮੀ ਮਾਰਗ ’ਤੇ ਸਥਿਤ ਝਰਮੜੀ ਬਾਰਡਰ ’ਤੇ ਸ਼ੰਭੂ ਬੈਰੀਅਰ ਵਰਗੇ ਇਨ੍ਹਾਂ ਮਾਰਗਾਂ ਨੂੰ ਬੰਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਪੁਲਿਸ ਪ੍ਰਸ਼ਾਸਨ ਨੇ ਝਾਰਮੜੀ ਦੀ ਸਰਹੱਦ 'ਤੇ ਅੰਬਾਲਾ ਸਰਹੱਦ 'ਤੇ ਹਾਈਵੇ ਦੇ ਦੋਵੇਂ ਪਾਸੇ (ਚੰਡੀਗੜ੍ਹ ਅਤੇ ਅੰਬਾਲਾ ਵੱਲ) ਸੀਮਿੰਟ ਦੇ ਪੱਥਰਾਂ ਦੀ ਬੈਰੀਕੇਡ ਲਗਾ ਦਿੱਤੀ ਹੈ ਅਤੇ ਮਿਕਸਰ ਮਸ਼ੀਨ ਦੀ ਵਰਤੋਂ ਕਰਕੇ ਸੀਮਿੰਟ ਬੱਜਰੀ ਨਾਲ ਵਿਚਕਾਰੋਂ ਭਰ ਰਿਹਾ ਹੈ। ਜਦੋਂ ਕਿ ਇਸ ਦੇ ਪਿੱਛੇ ਕਰੀਬ ਪੰਜ ਫੁੱਟ ਦੀ ਦੂਰੀ 'ਤੇ ਸੀਮਿੰਟ ਦੀ ਇੱਕ ਹੋਰ ਛੋਟੀ ਜਿਹੀ ਬੈਰੀਕੇਡ ਬਣਾ ਦਿੱਤੀ ਗਈ ਹੈ ਅਤੇ ਉਸ ਨੂੰ ਵੀ ਸੀਮਿੰਟ ਦੀ ਬੱਜਰੀ ਨਾਲ ਭਰ ਦਿੱਤਾ ਗਿਆ ਹੈ ਅਤੇ ਇਨ੍ਹਾਂ ਨੂੰ ਮੋਟੀਆਂ ਰਾਡਾਂ ਦੇ ਕੋਣਾਂ ਨਾਲ ਜੋੜ ਕੇ ਸਹਾਰਾ ਦਿੱਤਾ ਗਿਆ ਹੈ। ਫਿਲਹਾਲ ਹਾਈਵੇਅ ਤੋਂ ਵਾਹਨਾਂ ਨੂੰ ਨਿਕਲਣ ਲਈ ਸਿਰਫ ਪੰਜ ਫੁੱਟ ਜਗ੍ਹਾ ਬਚੀ ਹੈ। ਇੱਥੇ ਵਾਹਨਾਂ ਲਈ ਥਾਂ ਘੱਟ ਹੋਣ ਕਾਰਨ ਹਾਈਵੇਅ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਹਾਈਵੇਅ ਦੀ ਬੈਰੀਕੇਡਿੰਗ ਲਈ ਹਰਿਆਣਾ ਪੁਲਿਸ ਨੇ ਦੋ ਜੇਸੀਬੀ ਮਸ਼ੀਨਾਂ, ਇੱਕ ਪੋਕਲੇਨ, ਦੋ ਬੁਲਡੋਜ਼ਰ ਅਤੇ ਇੱਕ ਮਿਕਸਰ ਮਸ਼ੀਨ ਮੌਕੇ 'ਤੇ ਕੰਮ ਕਰ ਰਹੀ ਸੀ। ਇਸ ਮੌਕੇ ਹਰਿਆਣਾ ਪੁਲੀਸ ਤੋਂ ਇਲਾਵਾ ਬੀਐਸਐਫ ਦੇ ਜਵਾਨ ਵੀ ਮੌਕੇ ’ਤੇ ਤਾਇਨਾਤ ਸਨ।
ਦੂਜੇ ਪਾਸੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਦਿੱਲੀ ਮਾਰਚ ਲਈ ਕਿਸਾਨ ਜਥੇਬੰਦੀਆਂ ਵੀ ਆਪਣੇ ਸਾਜ਼ੋ-ਸਾਮਾਨ ਨਾਲ ਪੂਰੀ ਤਰ੍ਹਾਂ ਤਿਆਰ ਹਨ।
ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਕਾਰਨ ਹਰਿਆਣਾ ਪ੍ਰਸ਼ਾਸਨ ਨੇ ਹਰਿਆਣਾ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਅੰਬਾਲਾ ਚੰਡੀਗੜ੍ਹ ਹਾਈਵੇ 'ਤੇ ਸਥਿਤ ਅੰਬਾਲਾ ਨੇੜੇ ਝਰਮੜੀ ਸਰਹੱਦੀ ਖੇਤਰ ਦੇ ਲਾਲੜੂ ਸਮੇਤ ਦਰਜਨਾਂ ਪਿੰਡਾਂ 'ਚ ਸਵੇਰ ਤੋਂ ਹੀ ਕਈ ਕੰਪਨੀਆਂ ਦੀਆਂ ਇੰਟਰਨੈੱਟ ਸੇਵਾਵਾਂ ਠੱਪ ਰਹੀਆਂ, ਇਥੋਂ ਤੱਕ ਕਿ ਘਰਾਂ ਵਿੱਚ ਲੱਗੇ ਬਰਾਡਬੈਂਡ ਕੁਨੈਕਸ਼ਨ ਚ ਵੀ ਇੰਨਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਲੋਕਾਂ ਦਾ ਜਨ-ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਜਦੋਂ ਕਿ ਦੱਪਰ ਤੋਂ ਡੇਰਾਬੱਸੀ ਵੱਲ ਇੰਟਰਨੈੱਟ ਸੇਵਾ ਚਾਲੂ ਸੀ।
ਕਿਸਾਨਾਂ ਦੇ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਹਰਿਆਣਾ-ਪੰਜਾਬ ਸਰਹੱਦ ਨੇੜੇ ਸਥਿਤ ਸ਼ਰਾਬ ਦੇ ਠੇਕਿਆਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੈਦਲ ਚੱਲਣ ਵਾਲੇ ਲੋਕ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਬਦਲਵੇਂ ਰਸਤਿਆਂ ਦੀ ਤਲਾਸ਼ ਕਰਦੇ ਹੋਏ ਖੱਜਲ-ਖੁਆਰ ਹੁੰਦੇ ਦੇਖੇ ਗਏ।
ਟਰੈਫਿਕ ਪੁਲੀਸ ਲੇਹਲੀ ਦੇ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਮੁੱਖ ਮਾਰਗ ’ਤੇ ਸਥਿਤ ਲੈਹਲੀ ਟੀ ਪੁਆਇੰਟ ਤੋਂ ਲੈ ਕੇ ਬਨੂੜ ਨੂੰ ਜਾਂਦੀ ਵਨ-ਵੇ ਲਿੰਕ ਸੜਕ ਦੀ ਚੌੜਾਈ ਘੱਟ ਹੋਣ ਕਾਰਨ ਕਰਾਸਿੰਗ ਸਮੇਂ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਰੋਕ ਲੱਗ ਗਈ ਸੀ ਅਤੇ ਜਾਮ ਦੀ ਸਥਿਤੀ ਬਣ ਗਈ ਸੀ। ਇਸ ਦੇ ਮੱਦੇਨਜ਼ਰ ਲੈਹਲੀ ਤੋਂ ਬਨੂੜ ਵੱਲ ਜਾਣ ਵਾਲੇ ਵੱਡੇ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਕੁਝ ਸਮੇਂ ਲਈ ਰੋਕ ਦਿੱਤੀ ਗਈ ਹੈ, ਜਦਕਿ ਛੋਟੇ ਵਾਹਨਾਂ ਨੂੰ ਕੱਢਿਆ ਜਾ ਰਿਹਾ ਹੈ।
ਕਾਬਿਲੇਗੌਰ ਹੈ ਕਿ 26 ਨਵੰਬਰ 2020 ਨੂੰ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਹਰਿਆਣਾ-ਪੰਜਾਬ ਸਰਹੱਦ 'ਤੇ ਸਥਿਤ ਝਾਮੜੀ ਬੈਰੀਅਰ 'ਤੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦਿੱਲੀ ਰੈਲੀ ਲਈ ਜਾ ਰਹੇ ਕਿਸਾਨਾਂ ਨੂੰ ਰੋਕਣ ਲਈ ਪੂਰੀ ਤਾਕਤ ਵਰਤੀ ਗਈ ਸੀ, ਜਿੱਥੇ ਹਰਿਆਣਾ ਪੁਲਿਸ ਨੇ ਵੱਡੀ ਗਿਣਤੀ ਵਿਚ ਪੁਲਿਸ ਬਲਾਂ ਦੇ ਨਾਲ ਥ੍ਰੀ ਲੇਅਰ ਬੈਰੀਕੇਡ ਬਣਾਉਣ ਤੋਂ ਇਲਾਵਾ ਜਲ ਤੋਪਾਂ ਦੀ ਵਰਤੋਂ ਕੀਤੀ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਸਨ, ਪਰ ਕਿਸਾਨਾਂ ਨੇ ਇੱਕ ਹੀ ਝਟਕੇ ਵਿੱਚ ਰੋਕਣ ਵਾਲੇ ਸਾਰੇ ਪ੍ਰਬੰਧ ਤੋੜ ਸੁੱਟੇ ਸਨ, ਜਿਸ ਨੂੰ ਦੇਖਦਿਆਂ ਅੱਜ ਇਸ ਵਾਰ ਹਰਿਆਣਾ ਪੁਲਿਸ ਪੂਰੀ ਤਰ੍ਹਾਂ ਚੌਕਸ ਵਿਖਾਈ ਦੇ ਰਹੀ ਹੈ ਤੇ ਪ੍ਰਬੰਧਾਂ ਨੂੰ ਪਹਿਲਾਂ ਨਾਲੋ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।