Breaking: ਬਠਿੰਡਾ ਪੱਟੀ ਨਾਲ ਲੱਗਦੇ ਕਈ ਥਾਣਿਆਂ ਦੇ ਖ਼ੇਤਰਾਂ 'ਚ ਇੰਟਰਨੈਟ ਸੇਵਾਵਾਂ ਬੰਦ
ਅਸ਼ੋਕ ਵਰਮਾ
ਬਠਿੰਡਾ,12 ਫ਼ਰਵਰੀ 2024: ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਕੂਚ ਕਰਨ ਦੀਆਂ ਰਿਪੋਰਟਾਂ ਦੌਰਾਨ ਬਠਿੰਡਾ , ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਸੁਰੱਖਿਆ ਅਤੇ ਅਮਨ ਮਾਨ ਬਣਾਈ ਰੱਖਣ ਦੇ ਪੱਖ ਵਜੋਂ ਇੰਟਰਨੈਟ ਸੇਵਾਵਾਂ ਤੇ ਰੋਕ ਲਗਾ ਦਿੱਤੀ ਗਈ ਹੈ। ਬਠਿੰਡਾ ਜ਼ਿਲ੍ਹੇ ਦੇ ਥਾਣਾ ਸੰਗਤ ਇਲਾਕੇ ਵਿੱਚ ਅਗਲੇ ਹੁਕਮਾਂ 16 ਫਰਵਰੀ 2024 ਤੱਕ ਇੰਟਰਨੈਟ ਸੇਵਾ ਬੰਦ ਰਹੇਗੀ। ਇਸੇ ਤਰ੍ਹਾਂ ਹੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਥਾਣਾ ਕਿੱਲਿਆਂ ਵਾਲੀ ਖੇਤਰ ਵਿੱਚ ਵੀ ਇੰਟਰਨੈਟ ਸੇਵਾਵਾਂ ਤੇ ਰੋਕ ਲਗਾਈ ਗਈ ਹੈ।
ਮਾਨਸਾ ਜ਼ਿਲ੍ਹੇ ਦੇ ਦੋ ਥਾਣਿਆਂ ਦੇ ਇਲਾਕਿਆਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ। ਇਹਨਾਂ ਵਿੱਚ ਥਾਣਾ ਸਰਦੂਲਗੜ੍ਹ ਅਤੇ ਥਾਣਾ ਬੋਹਾ ਦੇ ਇਲਾਕੇ ਸ਼ਾਮਿਲ ਹਨ। ਦੱਸਣ ਯੋਗ ਹੈ ਕਿ ਜਿਨਾਂ ਇਲਾਕਿਆਂ ਵਿੱਚ ਇੰਟਰਨੈਟ ਸੇਵਾ ਬੰਦ ਕੀਤੀ ਗਈ ਹੈ ਉਹ ਸਾਰੇ ਇਲਾਕੇ ਹਰਿਆਣਾ ਦੀ ਸਰਹੱਦ ਦੇ ਬਿਲਕੁਲ ਨਾਲ ਲੱਗਦੇ ਹਨ। ਪੰਜਾਬ ਪੁਲਿਸ ਦੀ ਸੋਚ ਹੈ ਕਿ ਅਮਨ ਕਾਨੂੰਨ ਨੂੰ ਖਤਰਾ ਬਣਨ ਤੋਂ ਪਹਿਲਾਂ ਹੀ ਲੁੜੀਦੇ ਪ੍ਰਬੰਧ ਕੀਤੇ ਜਾਣ ਜਿਸ ਤਹਿਤ ਇੰਟਰਨੈਟ ਸੇਵਾਵਾਂ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।