ਪਿੰਡ ਕਰਮੂੰਵਾਲਾ ਵਿਖੇ ਸੰਤ ਬਾਬਾ ਤਾਰਾ ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ 14 ਫਰਵਰੀ ਨੂੰ
ਪੰਜਾਬ ਦੀਆਂ ਚਾਰ ਨਾਮਵਰ ਕਲੱਬਾਂ ਦੇ ਹੋਣਗੇ ਮੈਚ
ਜੇਤੂ ਅਤੇ ਉੱਪ ਜੇਤੂ ਟੀਮਾਂ ਨੂੰ ਕ੍ਰਮਵਾਰ 81 ਹਜ਼ਾਰ ਅਤੇ 71 ਹਜ਼ਾਰ ਰੁਪਏ ਦਿੱਤੀ ਜਾਵੇਗੀ ਨਗਦ ਰਾਸ਼ੀ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,12 ਫਰਵਰੀ 2023 ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਮਹਾਂਪੁਰਸ਼ ਬਾਬਾ ਤਾਰਾ ਸਿੰਘ ਜੀ ਕਾਰ ਸੇਵਾ ਸਰਹਾਲੀ ਵਾਲਿਆਂ ਦੀ ਯਾਦ ਨੂੰ ਸਮਰਪਿਤ ਪਿੰਡ ਕਰਮੂੰਵਾਲਾ ਵਿਖੇ ਸੰਤ ਬਾਬਾ ਘੋਲਾ ਸਿੰਘ ਜੀ,ਸਮੂਹ ਨਗਰ ਨਿਵਾਸੀਆਂ ਅਤੇ ਐਨਆਰਆਈਜ਼ ਵੀਰਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਦੇ ਉਦਮੀ ਨੌਜ਼ਵਾਨਾਂ ਵੱਲੋਂ ਪੰਜਾਬ ਦੀਆਂ ਨਾਮਵਰ ਕਲੱਬਾਂ ਦਾ ਕਬੱਡੀ ਟੂਰਨਾਮੈਂਟ 14 ਫਰਵਰੀ ਦਿਨ ਬੁੱਧਵਾਰ ਨੂੰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ।ਜਿਸ ਦੀਆਂ ਸਮੁੱਚੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਆਗੂਆਂ ਸਵਿੰਦਰ ਸਿੰਘ ਕਰਮੂੰਵਾਲਾ,ਯੂਥ ਆਗੂ ਸੁਖਚੈਨ ਸਿੰਘ ਰੰਧਾਵਾ ਅਤੇ ਗੁਰਮੇਲ ਸਿੰਘ ਕਰਮੂੰਵਾਲਾ ਨੇ ਦੱਸਿਆ ਕਿ 12 ਫਰਵਰੀ ਨੂੰ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ।ਮਿਤੀ 13 ਫਰਵਰੀ ਨੂੰ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਸ਼ਾਮ 6 ਵਜੇ ਤੋਂ ਆਰੰਭ ਹੋ ਕੇ ਰਾਤ 11 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ।ਜਿਸ ਵਿੱਚ ਪੰਥ ਪ੍ਰਸਿੱਧ ਢਾਡੀ ਅਤੇ ਕਵੀਸ਼ਰੀ ਜਥੇ ਆਈਆਂ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ। ਮਿਤੀ 14 ਫਰਵਰੀ ਦਿਨ ਬੁੱਧਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਪਿੰਡ ਦੇ ਖੇਡ ਸਟੇਡੀਅਮ ਵਿੱਚ ਪੰਜਾਬ ਦੀਆਂ ਚਾਰ ਨਾਮਵਰ ਕਲੱਬਾਂ ਜਿੰਨਾ ਵਿੱਚ ਬਾਬਾ ਪੰਜਾਬ ਸਿੰਘ ਕਬੱਡੀ ਕਲੱਬ ਭੰਡਾਲ ਦੋਨਾ,ਮਾਤਾ ਦਲਜੀਤ ਕੌਰ ਕਬੱਡੀ ਕਲੱਬ ਮੈਰੀਪੁਰ ਯੂਕੇ,ਮਾਝਾ ਕਬੱਡੀ ਕਲੱਬ ਘਰਿਆਲਾ ਅਤੇ ਗੁਰੂ ਅਰਜਨ ਦੇਵ ਕਬੱਡੀ ਕਲੱਬ ਚੋਹਲਾ ਸਾਹਿਬ ਦਰਮਿਆਨ ਕਬੱਡੀ ਮੈਚ ਕਰਵਾਏ ਜਾਣਗੇ।ਜਿਸ ਵਿੱਚ ਜੇਤੂ ਅਤੇ ਉਪ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 81 ਹਜ਼ਾਰ ਅਤੇ 71 ਹਜ਼ਾਰ ਰੁਪਏ ਨਗਦ ਇਨਾਮ ਰਾਸ਼ੀ ਅਤੇ ਸਨਮਾਨ ਚਿੰਨ੍ਹ ਇਸ ਮੌਕੇ ਟੂਰਨਾਮੈਂਟ ਦੇ ਮੁੱਖ ਮਹਿਮਾਨ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਕਸੀਮ ਕੀਤੇ ਜਾਣਗੇ।ਉਹਨਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੌਰਾਨ ਖੇਡ ਜਗਤ ਨਾਲ ਜੁੜੀਆਂ ਕਈ ਪ੍ਰਸਿੱਧ ਸ਼ਖਸੀਅਤਾਂ ਨੌਜਵਾਨਾਂ ਦੀ ਹੌਸਲਾ ਅਫਜਾਈ ਲਈ ਪਹੁੰਚ ਰਹੀਆਂ ਹਨ। ਜਿਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਿਤ ਕੀਤਾ ਜਾਵੇਗਾ।ਪ੍ਰਬੰਧਕ ਕਮੇਟੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਖੇਡ ਮੇਲੇ ਵਿੱਚ ਪਹੁੰਚ ਕੇ ਰੌਣਕਾਂ ਵਧਾਉਣ।