ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਪੰਜਾਬ ਦੀ ਜੇਲ੍ਹ 'ਚ ਸ਼ਿਫਟ ਕਰਨ ਦੀ ਮੰਗ, ਪਰਿਵਾਰ ਨੇ ਕਿਹਾ ਜੇ ਨਾ ਕੀਤਾ ਤਾਂ ਅਸੀਂ ਵੀ ਬੈਠਾਂਗੇ ਭੁੱਖ ਹੜਤਾਲ 'ਤੇ
- ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਅੰਮ੍ਰਿਤਸਰ ਦੇ ਡੀਸੀ ਨਾਲ ਕੀਤੀ ਮੁਲਾਕਾਤ
- ਅੰਮ੍ਰਿਤਪਾਲ ਸਿੰਘ ਤੇ ਉਸਦੇ ਬਾਕੀ ਸਾਥੀਆਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਕੀਤਾ ਜਾਵੇ ਸ਼ਿਫਟ - ਅੰਮ੍ਰਿਤਪਾਲ ਸਿੰਘ ਦੀ ਮਾਤਾ
- ਅਗਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਚ ਨਾ ਕੀਤਾ ਸ਼ਿਫਟ ਤਾਂ ਅਸੀਂ ਵੀ ਕਰਾਂਗੇ ਭੁੱਖ ਹੜਤਾਲ - ਅੰਮ੍ਰਿਤਪਾਲ ਸਿੰਘ ਦੀ ਮਾਤਾ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 20 ਫਰਵਰੀ 2024 - ਪਿਛਲੇ ਦਿਨੀ ਅਸਾਮ ਦੀ ਡਿੱਬੜੂਗੜ੍ਹ ਜੇਲ ਚ ਬੰਦ ਅੰਮ੍ਰਿਤਪਾਲ ਸਿੰਘ ਦੀ ਜੇਲ ਚੋਂ ਆਡੀਓ ਵਾਇਰਲ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰ ਤੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਸਿੰਘਾਂ ਦੇ ਪਰਿਵਾਰਿਕ ਮੈਂਬਰਾਂ ਨੇ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਅਤੇ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਸ਼ਿਫਟ ਕਰਨ ਦੀ ਮੰਗ ਕੀਤੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਨੇ ਜੋ ਅੰਮ੍ਰਿਤਪਾਲ ਸਿੰਘ ਦੀ ਆਡੀਓ ਸੁਣੀ ਹੈ ਕਿ ਜੇਲ੍ਹ ਦੇ ਵਿੱਚ ਉਹਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਸ ਨੂੰ ਲੈ ਕੇ ਹੀ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ ਤੇ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਬਾਕੀ ਸਾਥੀਆਂ ਨੂੰ ਡਿੱਬੜੂਗੜ੍ਹ ਜੇਲ ਚੋਂ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ। ਉਹਨਾਂ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਅਗਰ ਅੰਮ੍ਰਿਤ ਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਸ਼ਿਫਟ ਨਾ ਕੀਤਾ ਗਿਆ ਤਾਂ ਜਿਸ ਤਰੀਕੇ ਉਹਨਾਂ ਵੱਲੋਂ ਭੁੱਖ ਹੜਤਾਲ ਰੱਖੀ ਗਈ ਉਸੇ ਤਰੀਕੇ ਪੰਜਾਬ ਵਿੱਚ ਉਹ ਵੀ ਭੁੱਖ ਹੜਤਾਲ ਤੇ ਬੈਠਣਗੇ ਤੇ ਸਮੁੱਚੇ ਖਾਲਸਾ ਪੰਥ ਨੂੰ ਇਸ ਭੁੱਖ ਹੜਤਾਲ ਚ ਬੈਠਣ ਦਾ ਸੱਦਾ ਦੇਣਗੇ।
ਇੱਥੇ ਹੀ ਜ਼ਿਕਰਯੋਗ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਡਿੱਬੜੂਗੜ੍ਹ ਜੇਲ੍ਹ ਚੋਂ ਇੱਕ ਆਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਕਮਰਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ ਅਤੇ ਉਹਨਾਂ ਦੇ ਉੱਪਰ ਝੂਠੇ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਖਾਣੇ ਦੇ ਵਿੱਚ ਕੁਝ ਦੇ ਕੇ ਮਾਰਨ ਦੀਆਂ ਵੀ ਸਕੀਮਾਂ ਲਗਾਈਆਂ ਜਾ ਰਹੀਆਂ ਜਿਸ ਨੂੰ ਲੈ ਕੇ ਹੁਣ ਅੰਮ੍ਰਿਤ ਪਾਲ ਸਿੰਘ ਦੇ ਪਰਿਵਾਰ ਅਤੇ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਦੀ ਹੀ ਕਿਸੇ ਜੇਲ ਵਿੱਚ ਸ਼ਿਫਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਅਗਰ ਭਾਈ ਅੰਮ੍ਰਿਤ ਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਨਹੀਂ ਕੀਤਾ ਜਾਂਦਾ ਤੇ ਉਹ ਖੁਦ ਸਾਰੇ ਵੱਡੇ ਪੱਧਰ ਤੇ ਭੁੱਖ ਹੜਤਾਲ ਕਰਕੇ ਪ੍ਰਦਰਸ਼ਨ ਕਰਨਗੇ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦੀ ਮੰਗ ਮੰਨਦੀ ਹੈ ਜਾਂ ਪਰਿਵਾਰ ਨੂੰ ਵੀ ਭੁੱਖ ਹੜਤਾਲ ਤੇ ਬੈਠਣਾ ਪਵੇਗਾ।