ਚੰਡੀਗੜ੍ਹ ਮੇਅਰ ਚੋਣ: ਸੁਪਰੀਮ ਕੋਰਟ ਦਾ ਫੈਸਲਾ ਲੋਕਤੰਤਰ ਦੀ ਜਿੱਤ - ਆਪ
- ਭਾਜਪਾ ਨੇ ਆਪਣਾ ਮੇਅਰ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ, ਹਰ ਚਾਲ ਚਲੀ ਪਰ ਸੁਪਰੀਮ ਕੋਰਟ ਨੇ ਉਹਨਾਂ ਦੇ ਮਨਸੂਬਿਆਂ ਤੇ ਪਾਣੀ ਫੇਰ ਦਿੱਤਾ - ਸੰਨੀ ਆਹਲੂਵਾਲੀਆ
- ਭਾਜਪਾ ਮੇਅਰ ਦੀ ਚੋਣ ਹੀ ਨਹੀਂ ਕਰਵਾਉਣਾ ਚਾਹੁੰਦੀ ਸੀ, ਪਹਿਲਾਂ ਉਸ ਦਾ ਪ੍ਰੀਜ਼ਾਈਡਿੰਗ ਅਫਸਰ ਬਿਮਾਰ ਪਿਆ, ਫਿਰ ਜਾਣ ਬੁੱਝ ਕੇ ਸਾਡੀਆਂ ਅੱਠ ਵੋਟਾਂ ਰੱਦ ਕਰ ਦਿੱਤੀਆਂ - ਸੰਨੀ ਆਹਲੂਵਾਲੀਆ
- ਆਹਲੂਵਾਲੀਆ ਨੇ ਭਾਜਪਾ ਦੀ ਸਾਬਕਾ ਮੇਅਰ ਆਸ਼ਾ ਜੈਸਵਾਲ 'ਤੇ 'ਆਪ' ਕੌਂਸਲਰ ਖਰੀਦਣ ਦਾ ਦੋਸ਼ ਲਾਇਆ, ਕਿਹਾ- ਜੈਸਵਾਲ ਨੇ ਸਾਡੇ ਕੌਂਸਲਰ ਦਮਨਪ੍ਰੀਤ ਸਿੰਘ ਨੂੰ ਭਾਜਪਾ 'ਚ ਸ਼ਾਮਲ ਹੋਣ ਲਈ ਆਰਥਿਕ ਲਾਲਚ ਦਿੱਤਾ
- ਅੱਜ ਸੁਪਰੀਮ ਕੋਰਟ ਨੇ ਸਾਬਤ ਕਰ ਦਿੱਤਾ ਹੈ ਕਿ ਆਖਰਕਾਰ ਜਿੱਤ ਸੱਚ ਦੀ ਹੁੰਦੀ ਹੈ - ਕਾਂਗਰਸ ਚੰਡੀਗੜ੍ਹ ਦੇ ਪ੍ਰਧਾਨ ਐਚ.ਐਸ. ਲੱਕੀ
- ਸੁਪਰੀਮ ਕੋਰਟ ਦੇ ਫੈਸਲੇ ਨਾਲ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਰੇ ਭਾਰਤੀਆਂ ਵਿੱਚ ਖੁਸ਼ੀ ਦੀ ਲਹਿਰ ਹੈ-ਲੱਕੀ
ਚੰਡੀਗੜ੍ਹ, 20 ਫਰਵਰੀ 2024 - ਚੰਡੀਗੜ੍ਹ ਦੇ ਮੇਅਰ ਚੋਣਾਂ 'ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਆਮ ਆਦਮੀ ਪਾਰਟੀ (ਆਪ) ਨੇ ਸਵਾਗਤ ਕੀਤਾ ਹੈ। ਪਾਰਟੀ ਨੇ ਆਪਣੇ ਉਮੀਦਵਾਰ ਕੁਲਦੀਪ ਕੁਮਾਰ ਨੂੰ ਮੇਅਰ ਐਲਾਨਣ ਦਾ ਇਹ ਇਤਿਹਾਸਕ ਫੈਸਲਾ ਦੇਣ ਲਈ ਸੁਪਰੀਮ ਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਸੱਚਮੁੱਚ ਲੋਕਤੰਤਰ ਦੀ ਜਿੱਤ ਹੋਈ ਹੈ।
ਮੰਗਲਵਾਰ ਨੂੰ 'ਆਪ' ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ ਸੰਨੀ ਆਹਲੂਵਾਲੀਆ ਨੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ ਅਤੇ 'ਆਪ' ਦੇ ਨਵੇਂ ਮੇਅਰ ਕੁਲਦੀਪ ਕੁਮਾਰ ਨਾਲ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ।
ਚੰਡੀਗੜ੍ਹ ਮੇਅਰ ਚੋਣ: ਸੁਪਰੀਮ ਕੋਰਟ ਦਾ ਫੈਸਲਾ ਲੋਕਤੰਤਰ ਦੀ ਜਿੱਤ - ਆਪ (ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..)
https://www.facebook.com/BabushahiDotCom/videos/3283527195282614
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡਾ ਆਹਲੂਵਾਲੀਆ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ 'ਚ ਆਪਣਾ ਮੇਅਰ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ | ਪਰ ਸੁਪਰੀਮ ਕੋਰਟ ਨੇ ਉਨ੍ਹਾਂ ਦੇ ਮਾੜੇ ਇਰਾਦਿਆਂ ਤੇ ਪਾਣੀ ਫੇਰ ਦਿੱਤਾ।
ਉਨ੍ਹਾਂ ਕਿਹਾ ਕਿ ਭਾਜਪਾ ਮੇਅਰ ਦੀ ਚੋਣ ਹੀ ਨਹੀਂ ਕਰਵਾਉਣਾ ਚਾਹੁੰਦੀ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਕੋਲ 20 ਕੌਂਸਲਰ ਹਨ ਅਤੇ ਉਸ ਕੋਲ ਸਿਰਫ਼ 15 ਹਨ। ਬੜੀ ਮੁਸ਼ਕਲ ਨਾਲ 18 ਜਨਵਰੀ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ। ਫਿਰ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਦਾ ਪ੍ਰੀਜ਼ਾਈਡਿੰਗ ਅਫਸਰ ਬੀਮਾਰ ਹੋ ਗਿਆ ਅਤੇ ਚੋਣ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ।
ਫਿਰ ਸਾਨੂੰ ਚੋਣਾਂ ਕਰਵਾਉਣ ਲਈ ਹਾਈਕੋਰਟ ਜਾਣਾ ਪਿਆ। ਹਾਈ ਕੋਰਟ ਨੇ ਚੋਣਾਂ ਦੀ ਤਰੀਕ 30 ਜਨਵਰੀ ਤੈਅ ਕੀਤੀ ਸੀ ਪਰ ਭਾਜਪਾ ਨੇ ਚੋਣਾਂ ਵਿਚ ਧਾਂਦਲੀ ਕਰਨ ਦੀ ਸਾਜ਼ਿਸ਼ ਰਚੀ ਸੀ। ਭਾਜਪਾ ਵੱਲੋਂ ਨਿਯੁਕਤ ਪ੍ਰੀਜ਼ਾਈਡਿੰਗ ਅਫ਼ਸਰ ਅਨਿਲ ਮਸੀਹ ਨੇ ਜਾਣਬੁੱਝ ਕੇ ਸਾਡੀਆਂ ਅੱਠ ਵੋਟਾਂ ਰੱਦ ਕਰ ਦਿੱਤੀਆਂ ਅਤੇ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਸਾਨੂੰ ਭਾਜਪਾ ਦਾ ਮੇਅਰ ਐਲਾਨ ਦਿੱਤਾ। ਪਰ ਅੱਜ ਸੁਪਰੀਮ ਕੋਰਟ ਨੇ ਸਾਡੇ ਨਾਲ ਇਨਸਾਫ਼ ਕੀਤਾ ਹੈ। ਅਦਾਲਤ ਦਾ ਇਹ ਫੈਸਲਾ ਲੋਕਤੰਤਰ ਨੂੰ ਮਜ਼ਬੂਤ ਕਰਨ ਵਾਲਾ ਹੈ।
ਆਹਲੂਵਾਲੀਆ ਨੇ ਭਾਜਪਾ ਦੀ ਸਾਬਕਾ ਮੇਅਰ ਆਸ਼ਾ ਜੈਸਵਾਲ 'ਤੇ ਕੌਂਸਲਰ ਖਰੀਦਣ ਦੇ ਦੋਸ਼ ਲਾਏ
ਉਨ੍ਹਾਂ ਕਿਹਾ ਕਿ ਆਸ਼ਾ ਜੈਸਵਾਲ ਨੇ ਸਾਡੇ ਕੌਂਸਲਰ ਦਮਨਪ੍ਰੀਤ ਸਿੰਘ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ। ਆਹਲੂਵਾਲੀਆ ਨੇ ਮੀਡੀਆ ਨੂੰ ਉਹ ਵੀਡੀਓ ਵੀ ਦਿਖਾਇਆ ਜਿਸ ਵਿੱਚ ਆਸ਼ਾ ਜੈਸਵਾਲ ਦਮਨਪ੍ਰੀਤ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ ਆਰਥਿਕ ਲਾਲਚ ਦੇ ਰਹੀ ਸੀ। ਆਹਲੂਵਾਲੀਆ ਨੇ ਕਿਹਾ ਕਿ ਆਸ਼ਾ ਜੈਸਵਾਲ ਨੇ ਦਮਨਪ੍ਰੀਤ ਸਿੰਘ ਦਿ ਗੱਲ ਆਪਣੇ ਪੁੱਤਰ ਨਾਲ ਵੀ ਕਰਵਾਈ ਅਤੇ ਕਿਹਾ ਕਿ ਉਹ ਉਸ ਨੂੰ ਭਾਜਪਾ ਦੇ ਕੌਮੀ ਪੱਧਰ ਦੇ ਆਗੂ ਨਾਲ ਮਿਲਾਉਣਗੇ।
ਅੱਜ ਸੁਪਰੀਮ ਕੋਰਟ ਨੇ ਸਾਬਤ ਕਰ ਦਿੱਤਾ ਹੈ ਕਿ ਆਖਰਕਾਰ ਸੱਚ ਦੀ ਜਿੱਤ ਹੁੰਦੀ ਹੈ - ਕਾਂਗਰਸ ਚੰਡੀਗੜ੍ਹ ਦੇ ਪ੍ਰਧਾਨ ਐਚ.ਐਸ. ਲੱਕੀ
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਚੰਡੀਗੜ੍ਹ ਦੇ ਪ੍ਰਧਾਨ ਐਚ.ਐਸ.ਲੱਕੀ ਨੇ ਵੀ ਸੁਪਰੀਮ ਕੋਰਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸੁਪਰੀਮ ਕੋਰਟ ਨੇ ਸਾਬਤ ਕਰ ਦਿੱਤਾ ਹੈ ਕਿ ਆਖਰਕਾਰ ਸੱਚ ਦੀ ਜਿੱਤ ਹੁੰਦੀ ਹੈ। ਅੱਜ ਲੋਕਤੰਤਰ ਦੀ ਜਿੱਤ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਮੇਅਰ ਚੋਣਾਂ ਵਿਚ ਧਾਂਦਲੀ ਦਾ ਹਰ ਫਰੰਟ 'ਤੇ ਡਟ ਕੇ ਮੁਕਾਬਲਾ ਕੀਤਾ | ਅੱਜ ਸਾਡਾ ਸੰਘਰਸ਼ ਸਫਲ ਹੋਇਆ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਨਾਲ ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲੇ ਦੇਸ਼-ਵਿਦੇਸ਼ ਵਿੱਚ ਵੱਸਦੇ ਸਮੂਹ ਭਾਰਤੀਆਂ ਵਿੱਚ ਖੁਸ਼ੀ ਦੀ ਲਹਿਰ ਹੈ।