SKM ਵੱਲੋਂ ਆਉਣ ਵਾਲੇ ਦਿਨਾਂ ਵਿੱਚ ਆਲ ਇੰਡੀਆ ਮੈਗਾ ਪ੍ਰੋਗਰਾਮਾਂ ਦਾ ਐਲਾਨ
- ਕਿਸਾਨ ਯੂਨੀਅਨਾਂ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਤੱਕ ਟਰੈਕਟਰ ਮਾਰਚ ਅਤੇ ਮਹਾਪੰਚਾਇਤ ਕਰਨਗੀਆਂ
ਹਰਸ਼ਬਾਬ ਸਿੱਧੂ
ਚੰਡੀਗੜ੍ਹ, 22 ਫਰਵਰੀ, 2024: ਪੰਜਾਬ-ਹਰਿਆਣਾ ਸਰਹੱਦਾਂ 'ਤੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੌਰਾਨ ਸ਼ੁਭਕਰਨ ਦੀ ਮੌਤ 'ਤੇ ਵੀਰਵਾਰ ਨੂੰ ਇੱਥੇ ਕਿਸਾਨ ਭਵਨ ਵਿਖੇ ਵੱਖ-ਵੱਖ ਸੂਬਿਆਂ ਦੇ ਕਈ ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ।
ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਕਿ 23 ਫਰਵਰੀ ਨੂੰ ਸਾਰੀਆਂ ਕਿਸਾਨ ਯੂਨੀਅਨਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਪੁਤਲੇ ਫੂਕਣਗੀਆਂ।
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਉਨ੍ਹਾਂ ਨੇ ਸ਼ੁਭਕਰਨ ਸਿੰਘ ਦੇ ਪਰਿਵਾਰ ਲਈ 1 ਕਰੋੜ ਮੁਆਵਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖਨੌਰੀ ਸਰਹੱਦ ’ਤੇ ਕਿਸਾਨਾਂ ਦੇ ਕਈ ਟਰੈਕਟਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਰਿਆਣਾ ਪੁਲੀਸ ਦੇ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। 14 ਮਾਰਚ ਨੂੰ ਨਵੀਂ ਦਿੱਲੀ ਵਿਖੇ ਕਿਸਾਨ ਯੂਨੀਅਨਾਂ ਵੱਲੋਂ ਮਹਾਂਪੰਚਾਇਤ ਕੀਤੀ ਜਾਵੇਗੀ।
ਕਿਸਾਨ ਆਗੂਆਂ ਨੇ ਜਿਨ੍ਹਾਂ ਕਿਸਾਨਾਂ ਦੇ ਟਰੈਕਟਰ ਨੁਕਸਾਨੇ ਗਏ ਹਨ, ਉਨ੍ਹਾਂ ਲਈ ਮੁਆਵਜ਼ੇ ਦੀ ਮੰਗ ਵੀ ਕੀਤੀ। ਉਨ੍ਹਾਂ ਖਨੌਰੀ ਸਰਹੱਦ ਵਿਖੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੇ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਵੀ ਕੀਤੀ।
ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਕਿ 26 ਫਰਵਰੀ ਨੂੰ ਵਿਸ਼ਵ ਵਪਾਰ ਸੰਗਠਨ ਤੋਂ ਖੇਤੀਬਾੜੀ ਸੈਕਟਰ ਨੂੰ ਹਟਾਉਣ ਦੀ ਮੰਗ ਲਈ ਕਿਸਾਨਾਂ ਵੱਲੋਂ ਦਿੱਲੀ ਵੱਲ ਟਰੈਕਟਰ ਮਾਰਚ ਕੱਢਿਆ ਜਾਵੇਗਾ। ਇਹ ਦੇਸ਼ ਵਿਆਪੀ ਟਰੈਕਟਰ ਮਾਰਚ ਹੋਵੇਗਾ ਅਤੇ ਰਾਜ ਅਤੇ ਰਾਸ਼ਟਰੀ ਰਾਜਮਾਰਗਾਂ ਤੋਂ ਲੰਘੇਗਾ।
ਇਸ ਮੌਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਰਾਕੇਸ਼ ਟਿਕੈਤ, ਜੋਗਿੰਦਰ ਸਿੰਘ ਉਗਰਾਹਾਂ, ਰੁਲਦੂ ਸਿੰਘ ਮਾਨਸਾ, ਯੁੱਧਵੀਰ ਸਿੰਘ, ਡਾ: ਦਰਸ਼ਨ ਪਾਲ ਆਦਿ ਹਾਜ਼ਰ ਸਨ |