AAP-ਕਾਂਗਰਸ ਵਿਚਾਲੇ ਲੋਕ ਸਭਾ ਸੀਟਾਂ ਦੀ ਵੰਡ, ਚੰਡੀਗੜ੍ਹ ਅਤੇ 4 ਸੂਬਿਆਂ ਚ ਸੀਟਾਂ ਤੈਅ
ਨਵੀਂ ਦਿੱਲੀ : ਲੋਕ ਸਭਾ ਚੋਣਾਂ ਨੂੰ ਲੈ ਕੇ ਚੰਡੀਗੜ੍ਹ ਅਤੇ 4 ਸੂਬਿਆਂ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਸੀਟ ਵੰਡ ਦਾ ਫਾਰਮੂਲਾ ਤੈਅ ਹੋ ਗਿਆ ਹੈ। ਦਿੱਲੀ 'ਚ 'ਆਪ' 4 ਸੀਟਾਂ 'ਤੇ ਅਤੇ ਕਾਂਗਰਸ 3 ਸੀਟਾਂ 'ਤੇ ਚੋਣ ਲੜੇਗੀ। ਹਰਿਆਣਾ 'ਚ ਕਾਂਗਰਸ 9 ਸੀਟਾਂ 'ਤੇ ਅਤੇ 'ਆਪ' ਇਕ ਸੀਟ 'ਤੇ ਚੋਣ ਲੜੇਗੀ। ਗੁਜਰਾਤ 'ਚ ਕਾਂਗਰਸ 24 ਸੀਟਾਂ 'ਤੇ ਅਤੇ 'ਆਪ' 2 ਸੀਟਾਂ 'ਤੇ ਚੋਣ ਲੜੇਗੀ। ਚੰਡੀਗੜ੍ਹ ਸੀਟ ਕਾਂਗਰਸ ਦੇ ਹਿੱਸੇ ਗਈ ਹੈ।
ਕਾਂਗਰਸ ਤੋਂ ਮੁਕੁਲ ਵਾਸਨਿਕ ਅਤੇ 'ਆਪ' ਤੋਂ ਸੌਰਭ ਭਾਰਦਵਾਜ ਅਤੇ ਆਤਿਸ਼ੀ ਨੇ ਸੀਟ ਵੰਡ ਦਾ ਰਸਮੀ ਐਲਾਨ ਕੀਤਾ। ਕਾਂਗਰਸ ਗੋਆ ਦੀਆਂ ਦੋਵੇਂ ਲੋਕ ਸਭਾ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਪੰਜਾਬ ਲਈ ਗਠਜੋੜ ਦੀ ਕੋਈ ਗੱਲ ਨਹੀਂ ਹੋਈ। ਉਥੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਖ-ਵੱਖ ਚੋਣਾਂ ਲੜਨਗੀਆਂ।
ਦਿੱਲੀ ਵਿੱਚ 4-3 ਦਾ ਫ਼ਾਰਮੂਲਾ ਤਿਆਰ ਕੀਤਾ ਗਿਆ
23 ਫਰਵਰੀ ਨੂੰ ਦਿੱਲੀ ਵਿੱਚ INDIA ਮੈਂਬਰ AAP ਅਤੇ ਕਾਂਗਰਸ ਦਰਮਿਆਨ ਮੀਟਿੰਗ ਹੋਈ। ਰਿਪੋਰਟਾਂ ਮੁਤਾਬਕ ਦੋਵੇਂ ਪਾਰਟੀਆਂ ਦਿੱਲੀ ਦੀਆਂ 7 ਲੋਕ ਸਭਾ ਸੀਟਾਂ ਲਈ 4-3 ਦਾ ਫਾਰਮੂਲਾ ਲੈ ਕੇ ਆ ਗਈਆਂ ਹਨ। ਕਾਂਗਰਸ ਤਿੰਨ ਸੀਟਾਂ 'ਤੇ ਉਮੀਦਵਾਰ ਖੜ੍ਹੇ ਕਰੇਗੀ। ਇਨ੍ਹਾਂ ਵਿੱਚ ਚਾਂਦਨੀ ਚੌਕ, ਉੱਤਰੀ ਪੱਛਮੀ ਅਤੇ ਉੱਤਰ ਪੂਰਬੀ ਦਿੱਲੀ ਦੀਆਂ ਸੀਟਾਂ ਸ਼ਾਮਲ ਹਨ।
ਇਸ ਦੇ ਨਾਲ ਹੀ 'ਆਪ' ਦਿੱਲੀ ਦੀਆਂ ਚਾਰ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਵਿੱਚ ਨਵੀਂ ਦਿੱਲੀ, ਦੱਖਣੀ ਦਿੱਲੀ, ਪੱਛਮੀ ਦਿੱਲੀ ਅਤੇ ਪੂਰਬੀ ਦਿੱਲੀ ਸੀਟਾਂ ਦੇ ਨਾਂ ਸ਼ਾਮਲ ਹਨ। 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ ਸਾਰੀਆਂ 7 ਸੀਟਾਂ 'ਤੇ ਕਬਜ਼ਾ ਕਰ ਲਿਆ ਸੀ।