ਹਰਿਆਣਾ 'ਚ ਇਨੈਲੋ ਦੇ ਸੂਬਾ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ, ਇਕ ਸੁਰੱਖਿਆ ਕਰਮੀ ਦੀ ਵੀ ਮੌਤ, 2 ਜ਼ਖਮੀ
ਚੰਡੀਗੜ੍ਹ, 25 ਫਰਵਰੀ 2024 - ਹਰਿਆਣਾ 'ਚ ਸਾਬਕਾ ਮੁੱਖ ਮੰਤਰੀ ਓਮਪ੍ਰਕਾਸ਼ ਚੌਟਾਲਾ ਦੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ 'ਤੇ ਐਤਵਾਰ ਸ਼ਾਮ ਨੂੰ ਕੁਝ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ। ਝੱਜਰ ਜ਼ਿਲੇ ਦੇ ਬਹਾਦੁਰਗੜ੍ਹ ਦੇ ਬਾਰਾਹੀ ਗੇਟ ਨੇੜੇ ਹੋਏ ਹਮਲੇ 'ਚ ਰਾਠੀ ਅਤੇ ਉਨ੍ਹਾਂ ਦਾ ਇਕ ਸੁਰੱਖਿਆ ਕਰਮਚਾਰੀ ਦੇ ਮਾਰੇ ਜਾਨ ਦੀ ਖਬਰ ਸਾਹਮਣੇ ਆਈ ਹੈ, ਜਦਕਿ ਦੋ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਏ।
ਪੁਲਿਸ ਮੁਤਾਬਕ ਰਾਠੀ ਕਾਰ ਦੀ ਅਗਲੀ ਸੀਟ 'ਤੇ ਬੈਠਾ ਸੀ। ਉਸ ਦੀ ਗਰਦਨ ਅਤੇ ਕਮਰ ਵਿੱਚ ਗੋਲੀਆਂ ਲੱਗੀਆਂ ਸਨ। ਇਨੈਲੋ ਦੇ ਮੀਡੀਆ ਸੈੱਲ ਦੇ ਇੰਚਾਰਜ ਰਾਕੇਸ਼ ਸਿਹਾਗ ਅਤੇ ਵਿਧਾਇਕ ਅਭੈ ਚੌਟਾਲਾ ਨੇ ਨੈਫੇ ਸਿੰਘ ਰਾਠੀ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੁਰੱਖਿਆ ਕਰਮਚਾਰੀ ਬ੍ਰਹਮਸ਼ਕਤੀ ਸੰਜੀਵਨੀ ਹਸਪਤਾਲ 'ਚ ਜ਼ੇਰੇ ਇਲਾਜ ਹਨ।
ਹਮਲੇ ਦੇ ਸਮੇਂ ਰਾਠੀ ਆਪਣੀ ਫਾਰਚੂਨਰ ਕਾਰ 'ਚ ਸਫਰ ਕਰ ਰਹੇ ਸਨ, ਜਦਕਿ ਹਮਲਾਵਰ ਆਈ-10 ਕਾਰ 'ਚ ਆਏ। ਝੱਜਰ ਦੇ ਐਸਪੀ ਅਰਪਿਤ ਜੈਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (ਸੀਆਈਏ) ਅਤੇ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੂੰ ਤਾਇਨਾਤ ਕੀਤਾ ਗਿਆ ਹੈ।
ਇਸ ਘਟਨਾ ਪਿੱਛੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਕਰੀਬੀ ਸਾਥੀ ਕਾਲਾ ਜਠੇੜੀ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਮੁੱਢਲੀ ਜਾਂਚ ਵਿੱਚ ਕਤਲ ਦਾ ਕਾਰਨ ਜਾਇਦਾਦ ਦਾ ਝਗੜਾ ਦੱਸਿਆ ਜਾ ਰਿਹਾ ਹੈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।