ਵਾਇਰਲ ਖਬਰ : ਸਿੱਧੂ ਮੂਸੇਵਾਲਾ ਘਰ ਆਵੇਗੀ ਖ਼ੁਸ਼ਖ਼ਬਰੀ, ਮਾਰਚ 'ਚ ਬੱਚੇ ਨੂੰ ਜਨਮ ਦੇਵੇਗੀ ਮਾਂ ਚਰਨ ਕੌਰ
ਦੀਪਕ ਗਰਗ
ਕੋਟਕਪੂਰਾ / ਮਾਨਸਾ 27 ਫਰਵਰੀ 2024 : ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਘਰ ਖੁਸ਼ੀਆਂ ਪਰਤਨ ਵਾਲੀਆਂ ਹਨ, ਕਿਉਂਕਿ ਮਾਤਾ ਚਰਨ ਕੌਰ ਅਗਲੇ ਮਹੀਨੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਇਹ ਵਜ੍ਹਾ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਘੱਟ ਹੀ ਬਾਹਰ ਨਿਕਲਦੇ ਹਨ ਤੇ ਹਰ ਐਤਵਾਰ ਨੂੰ ਆਪਣੇ ਪੁੱਤਰ ਦੇ ਫੈਨਜ਼ ਨੂੰ ਵੀ ਨਹੀਂ ਮਿਲ ਰਹੇ। ਜਗਬਾਣੀ ਦੀ ਰਿਪੋਰਟ ਮੁਤਾਬਿਕ ਮਰਹੂਮ ਗਾਇਕ ਦੇ ਤਾਏ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ।
ਸੂਤਰਾਂ ਅਨੁਸਾਰ ਹੁਣ ਤੱਕ ਉਹ ਪੂਰੀ ਤਰ੍ਹਾਂ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਹੈ ਅਤੇ ਹੁਣ ਤੱਕ ਉਨ੍ਹਾਂ ਨੂੰ ਹਾਂ-ਪੱਖੀ ਹੁੰਗਾਰਾ ਮਿਲ ਰਿਹਾ ਹੈ।
ਸਿੱਧੂ ਮੂਸੇਵਾਲਾ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਕਤਲ ਨਾਲ ਬਜ਼ੁਰਗ ਮਾਪਿਆਂ ਦਾ ਕੋਈ ਸਹਾਰਾ ਨਹੀਂ ਰਿਹਾ। ਇਸ ਕਾਰਨ ਉਸ ਦੀ ਮਾਂ ਚਰਨ ਕੌਰ ਆਈ.ਵੀ.ਐੱਫ. ਰਾਹੀਂ ਗਰਭਵਤੀ ਹੋ ਗਈ। ਜਦੋਂ ਮੀਡੀਆ ਨੇ ਗਾਇਕ ਦੇ ਤਾਇਆ ਚਮਕੌਰ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਵਿਹੜੇ ਵਿਚ ਨਵੀਂ ਜ਼ਿੰਦਗੀ ਆ ਰਹੀ ਹੈ। ਫਿਲਹਾਲ ਇਸ ਗੱਲ ਦੀ ਪੁਸ਼ਟੀ ਬਲਕੌਰ ਸਿੰਘ ਅਤੇ ਚਰਨ ਕੌਰ ਵੱਲੋਂ ਨਹੀਂ ਕੀਤੀ ਗਈ।
ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਚ ਵਿਸ਼ਵ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਅੰਨ੍ਹੇਵਾਹ ਗੋਲੀਆਂ ਚਲਾ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਸਿੱਧੂ ਮੂਸੇਵਾਲਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੀ ਹੱਤਿਆ ਤੋਂ ਬਾਅਦ ਪਰਿਵਾਰ ਦੇ ਵਾਰਿਸ ਨੂੰ ਲੈ ਕੇ ਮੂਸੇਵਾਲਾ ਦੇ ਪ੍ਰਸ਼ੰਸਕਾਂ ‘ਚ ਨਿਰਾਸ਼ਾ ਸੀ। ਪਰਿਵਾਰ ਨੂੰ ਚੌਹਣ ਵਾਲੇ ਇਹੋ ਦੁਆਵਾਂ ਕਰ ਰਹੇ ਸਨ ਕਿ ਬਲਕੌਰ ਸਿੰਘ ਸਿੱਧੂ ਦੇ ਘਰ ਬੱਚਾ ਜਨਮ ਲਵੇ। ਫਿਲਹਾਲ ਇਸ ਖਬਰ ਵਿੱਚ ਕਿੰਨੀ ਸੱਚਾਈ ਹੈ, ਇਹ ਮਰਹੂਮ ਗਾਇਕ ਦੇ ਪਰਿਵਾਰ ਵੱਲੋਂ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਹੀ ਪਤਾ ਚੱਲੇਗਾ।
ਆਈਵੀਐਫ ਤਕਨੀਕ ਯਾਨੀ "ਇਨ ਵਿਟਰੋ ਫਰਟੀਲਾਈਜੇਸ਼ਨ" ਤਕਨੀਕ ਕੀ ਹੈ?
50 ਸਾਲ ਦੀ ਉਮਰ ਤੱਕ ਔਰਤ ਦੀ ਬੱਚੇ ਪੈਦਾ ਕਰਨ ਦੀ ਸਮਰੱਥਾ ਲਗਭਗ ਖਤਮ ਹੋ ਜਾਂਦੀ ਹੈ।
- ਫਰਟੀਲਿਟੀ ਕਲੀਨਿਕ ਬਜ਼ੁਰਗ ਔਰਤਾਂ ਨੂੰ ਮਾਵਾਂ ਬਣਾਉਣ ਲਈ IVF ਯਾਨੀ 'ਇਨ ਵਿਟਰੋ ਫਰਟੀਲਾਈਜ਼ੇਸ਼ਨ' ਤਕਨੀਕ ਦੀ ਵਰਤੋਂ ਕਰਦੇ ਹਨ।
- ਇਸ 'ਚ ਹਾਰਮੋਨ ਇੰਜੈਕਸ਼ਨ ਦਿੱਤੇ ਜਾਂਦੇ ਹਨ, ਜਿਸ ਨਾਲ ਇਸ ਦੇ ਸਰੀਰ 'ਚ ਜ਼ਿਆਦਾ ਅੰਡੇ ਸੈੱਲ ਬਣਨ ਲੱਗਦੇ ਹਨ। ਬਾਅਦ ਵਿੱਚ ਅੰਡੇ ਨੂੰ ਬੱਚੇਦਾਨੀ ਵਿੱਚੋਂ ਕੱਢ ਲਿਆ ਜਾਂਦਾ ਹੈ ਅਤੇ ਇਸਨੂੰ ਮਰਦ ਦੇ ਸ਼ੁਕਰਾਣੂ ਨਾਲ ਉਪਜਾਊ ਬਣਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਇੱਕ ਵਾਰ ਅੰਡੇ ਦੇ ਉਪਜਾਊ ਹੋਣ ਤੋਂ ਬਾਅਦ, ਭਰੂਣ ਨੂੰ ਬੱਚੇਦਾਨੀ ਵਿੱਚ ਰੱਖਿਆ ਜਾਂਦਾ ਹੈ। ਇਹ ਤਕਨੀਕ ਪਹਿਲੀ ਵਾਰ 1978 ਵਿੱਚ ਵਰਤੀ ਗਈ ਸੀ। ਉਦੋਂ ਤੋਂ ਇਸ ਦੀ ਲਗਾਤਾਰ ਵਰਤੋਂ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ ਇਸ ਦੀ ਮਦਦ ਨਾਲ ਵੱਡੀ ਗਿਣਤੀ 'ਚ ਲੋਕ ਮਾਂ-ਬਾਪ ਬਣਨ ਦੀ ਇੱਛਾ ਪੂਰੀ ਕਰ ਚੁੱਕੇ ਹਨ।
ਵਿਆਹ ਦੇ 54 ਸਾਲਾਂ ਬਾਅਦ, ਅਲਵਰ ਵਿੱਚ ਬਜ਼ੁਰਗ ਜੋੜਾ ਆਈਵੀਐਫ ਦੁਆਰਾ ਮਾਤਾ-ਪਿਤਾ ਬਣਿਆ, ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ।
ਅਗਸਤ 2022 ਦੌਰਾਨ ਵਿਆਹ ਦੇ 54 ਸਾਲਾਂ ਬਾਅਦ, ਅਲਵਰ, ਰਾਜਸਥਾਨ ਵਿੱਚ ਇੱਕ ਬਜ਼ੁਰਗ ਜੋੜਾ ਆਈਵੀਐਫ ਦੁਆਰਾ ਮਾਤਾ-ਪਿਤਾ ਬਣਿਆ ਸੀ ਅਤੇ ਉਨ੍ਹਾਂ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਸੀ। ਆਈਵੀਐਫ ਤਕਨੀਕ ਦੀ ਬਦੌਲਤ ਦੇਸ਼ ਅਤੇ ਦੁਨੀਆ ਭਰ ਵਿੱਚ ਬਹੁਤ ਸਾਰੇ ਬਜ਼ੁਰਗ ਜੋੜੇ 70-80 ਸਾਲ ਦੀ ਉਮਰ ਵਿੱਚ ਮਾਤਾ-ਪਿਤਾ ਬਣ ਗਏ ਹਨ। ਪਰ, ਡਾਕਟਰਾਂ ਨੇ ਦਾਅਵਾ ਕੀਤਾ ਸੀ ਕਿ ਰਾਜਸਥਾਨ ਵਿੱਚ ਇਹ ਇੱਕੋ ਇੱਕ ਮਾਮਲਾ ਹੈ, ਜਦੋਂ ਇੱਕ 75 ਸਾਲਾ ਵਿਅਕਤੀ ਅਤੇ 70 ਸਾਲਾ ਔਰਤ ਆਈਵੀਐਫ ਰਾਹੀਂ ਮਾਤਾ-ਪਿਤਾ ਬਣੇ।
ਕਰੋਨਾ ਨੇ ਖੋਹ ਲਿਆ ਜਵਾਨ ਪੁੱਤਰ, 60 ਸਾਲ ਦੀ ਉਮਰ 'ਚ ਘਰ 'ਚ ਫਿਰ ਗੂੰਜੀ ਕਿਲਕਾਰੀ
1 ਜੁਲਾਈ 2022 ਨੂੰ ਗੁਜਰਾਤ ਦੇ ਗਾਂਧੀਨਗਰ ਵਿੱਚ ਇੱਕ 60 ਸਾਲਾ ਬਜ਼ੁਰਗ ਜੋੜੇ ਨੇ ਆਈਵੀਐਫ ਇਲਾਜ ਰਾਹੀਂ ਬੱਚੇ ਨੂੰ ਜਨਮ ਦਿੱਤਾ ਸੀ। ਆਜ ਤੱਕ ਦੀ ਖਬਰ ਮੁਤਾਬਿਕ ਗਾਂਧੀਨਗਰ ਦੇ ਭਗੋਰਾ ਜੋੜੇ ਨੇ ਕੋਰੋਨਾ ਦੀ ਦੂਜੀ ਲਹਿਰ ਵਿੱਚ ਆਪਣਾ 26 ਸਾਲਾ ਪੁੱਤਰ ਗੁਆ ਦਿੱਤਾ ਸੀ। ਮਾਪੇ ਉਸ ਦੇ ਵਿਆਹ ਲਈ ਲੜਕੀ ਦੀ ਭਾਲ ਵਿਚ ਸਨ ਪਰ ਉਨ੍ਹਾਂ ਦੇ ਨੌਜਵਾਨ ਪੁੱਤਰ ਦੀ ਬੇਵਕਤੀ ਮੌਤ ਨੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ। ਇਸ ਉਮਰ ਵਿੱਚ ਜਿਉਂਦੇ ਰਹਿਣ ਲਈ ਮਾਪਿਆਂ ਦੇ ਸਹਾਰੇ ਦੀ ਲੋੜ ਸੀ। ਅਜਿਹੇ 'ਚ ਦੋਵੇਂ ਆਪਣੇ ਬੇਟੇ ਦੀ ਮੌਤ ਦੇ 6 ਮਹੀਨੇ ਬਾਅਦ ਆਈਵੀਐੱਫ ਇਲਾਜ ਲਈ ਡਾਕਟਰ ਕੋਲ ਗਏ।
ਗਾਂਧੀਨਗਰ ਦੇ ਡਾਕਟਰ ਮੇਹੁਲ ਦਾਮਾਨੀ ਨੇ ਦੱਸਿਆ ਕਿ ਜਦੋਂ ਉਹ ਇਲਾਜ ਲਈ ਉਨ੍ਹਾਂ ਕੋਲ ਪਹੁੰਚੇ ਤਾਂ ਬਜ਼ੁਰਗ ਜੋੜਾ ਕਾਫੀ ਨਿਰਾਸ਼ ਸੀ। ਜ਼ਿੰਦਗੀ ਜਿਉਣ ਦੀ ਆਸ ਲੱਭ ਰਹੇ ਸੀ। ਜਦੋਂ ਉਹ ਆਈਵੀਐਫ ਇਲਾਜ ਲਈ ਰਾਜ਼ੀ ਹੋ ਗਏ ਤਾਂ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ। ਰੇਖਾ ਬੇਨ ਪਹਿਲੀ ਵਾਰ ਚ' ਗਰਭਵਤੀ ਹੋ ਗਈ ਸੀ। ਜਦੋਂ ਮਗਨਭਾਈ ਭਗੌਰਾ ਆਪਣੀ ਨੌਕਰੀ ਤੋਂ ਸੇਵਾਮੁਕਤ ਹੋਏ ਤਾਂ ਅਗਲੇ ਹੀ ਦਿਨ ਭਾਵ 1 ਜੁਲਾਈ ਨੂੰ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ। ਮਗਨ ਭਾਈ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਵਿਚ ਇਕ ਵਾਰ ਫਿਰ ਖੁਸ਼ੀਆਂ ਪਰਤ ਆਈਆਂ ਹਨ। ਹੁਣ ਕੁਦਰਤ ਦੁਆਰਾ ਸਾਡੇ ਤੋਂ ਸਾਡੇ ਪੁੱਤਰ ਖੋਹੇ ਜਾਣ ਦਾ ਦਰਦ ਘੱਟ ਗਿਆ ਹੈ।
ਮੰਗਯੰਮਾ ਨੇ 74 ਸਾਲ ਦੀ ਉਮਰ 'ਚ ਦਿੱਤਾ ਦੋ ਕੁੜੀਆਂ ਨੂੰ ਜਨਮ, 50 ਸਾਲਾਂ ਦਾ ਸੁਪਨਾ ਪੂਰਾ ਹੋਇਆ
ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲੇ ਦੇ ਦ੍ਰਾਕਸ਼ਰਾਮਮ ਦੀ ਈ ਮੰਗਯਾਮਮਾ ਨੇ 5 ਸਿਤੰਬਰ 2019 ਨੂੰ ਸਵੇਰੇ ਗੁੰਟੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੁੜਵਾਂ ਬੱਚੀਆਂ ਨੂੰ ਜਨਮ ਦਿੱਤਾ। ਦੋਵਾਂ ਕੁੜੀਆਂ ਦਾ ਜਨਮ ਆਈਵੀਐਫ (ਇਨ-ਵਿਟਰੋ ਫਰਟੀਲਾਈਜ਼ੇਸ਼ਨ) ਤਕਨੀਕ ਰਾਹੀਂ ਹੋਇਆ ਸੀ। ਚਾਰ ਡਾਕਟਰਾਂ ਦੀ ਟੀਮ ਨੇ ਉਸ ਦਾ ਸਫਲ ਆਪ੍ਰੇਸ਼ਨ ਕੀਤਾ ਸੀ।
https://x.com/ANI/status/1169566578670653440?s=20
ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿਣ ਵਾਲੀ ਜੀਵੂਬੇਨ ਵੀ 2021 ਵਿੱਚ ਇੱਕ ਬੱਚੇ ਦੀ ਮਾਂ ਬਣੀ ਸੀ। ਬੱਚੇ ਦਾ ਜਨਮ IVF ਤਕਨੀਕ ਰਾਹੀਂ ਹੋਇਆ ਸੀ। ਕਰੀਬ 45 ਸਾਲ ਦੇ ਵਿਆਹ ਤੋਂ ਬਾਅਦ ਉਸ ਨੇ ਬੇਟੇ ਨੂੰ ਜਨਮ ਦਿੱਤਾ। ਆਪਣੀ ਇੰਟਰਵਿਊ ਦੌਰਾਨ ਜੀਵੂਬੇਨ ਨੇ ਕਿਹਾ, ਮੈਂ ਅਤੇ ਮੇਰਾ ਪਤੀ ਮਾਲਧਾਰੀ (75) ਦੋਵੇਂ ਬੱਚੇ ਪੈਦਾ ਕਰਨਾ ਚਾਹੁੰਦੇ ਸਨ। ਇਸ ਲਈ ਪਿਛਲੇ ਕਈ ਦਹਾਕਿਆਂ ਤੋਂ ਯਤਨ ਕੀਤੇ ਜਾ ਰਹੇ ਸਨ ਪਰ ਕੁਝ ਸਮੱਸਿਆਵਾਂ ਕਾਰਨ ਅਜਿਹਾ ਨਹੀਂ ਹੋ ਸਕਿਆ। ਇਸ ਤੋਂ ਬਾਅਦ ਆਈਵੀਐਫ ਦਾ ਵਿਕਲਪ ਚੁਣਿਆ।
70 ਸਾਲਾ ਦਲਜਿੰਦਰ ਕੌਰ ਦੁਨੀਆ ਦੀ ਸਭ ਤੋਂ ਬਜ਼ੁਰਗ ਮਾਂ ਬਣੀ। ਦਲਜਿੰਦਰ ਪੰਜਾਬ ਦੀ ਰਹਿਣ ਵਾਲੀ ਸੀ ਅਤੇ ਉਸਨੇ 2016 ਵਿੱਚ ਆਈਵੀਐਫ ਤਕਨੀਕ ਰਾਹੀਂ ਹਰਿਆਣਾ ਦੇ ਇਕ ਆਈਵੀਐਫ ਕਲੀਨਿਕ ਦੀ ਮਦਦ ਨਾਲ ਇੱਕ ਮੁੰਡੇ ਨੂੰ ਜਨਮ ਦਿੱਤਾ ਸੀ।
ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੋਈ ਔਰਤ 70 ਸਾਲ ਦੀ ਉਮਰ ਵਿੱਚ ਮਾਂ ਬਣੀ ਹੋਵੇ। ਇਸ ਤੋਂ ਪਹਿਲਾਂ 2006 'ਚ ਰਾਜੋ ਦੇਵੀ ਨਾਂ ਦੀ ਔਰਤ ਨੇ 70 ਸਾਲ ਦੀ ਉਮਰ 'ਚ ਧੀ ਨੂੰ ਜਨਮ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।