ਪਵਿੱਤਰ ਕਾਲੀ ਵੇਈਂ ਨਦੀ ਵਿੱਚ ਪੈ ਰਿਹਾ ਸ਼ਹਿਰ ਦੇ ਸੀਵਰੇਜ ਦਾ ਗੰਦਾ ਪਾਣੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 27 ਫਰਵਰੀ 2024 : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਵਿੱਚ ਸ਼ਹਿਰ ਦੇ ਗੰਦੇ ਪਾਣੀ ਵਾਲੇ ਸੀਵਰੇਜ ਬੰਦ ਹੋਣ ਕਾਰਨ ਬਰਸਾਤੀ ਪਾਣੀ ਵਾਲੇ ਸੀਵਰੇਜ ਰਾਹੀਂ ਪੈ ਰਿਹਾ ਗੰਦਾ ਪਾਣੀ ਜਿਸ ਨਾਲ ਪਿਛਲੇ ਕਈ ਦਿਨਾਂ ਤੋਂ ਵੇਈਂ ਦੀ ਪਵਿੱਤਰਤਾ ਖਰਾਬ ਹੋ ਰਹੀ ਹੈ ਅਤੇ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ।
![](http://www.babushahi.com/punjabi/upload/cke/1709008899_1.jpg)
ਜ਼ਿਕਰਯੋਗ ਹੈ ਕਿ ਇਹ ਪਵਿੱਤਰ ਵੇਈਂ ਸਿੱਖ ਸੰਗਤਾਂ ਦੀ ਆਸਥਾ ਦਾ ਕੇਂਦਰ ਹੈ ਤੇ ਸੰਗਤਾਂ ਇਸ ਵਿੱਚ ਇਸ਼ਨਾਨ ਕਰਦੀਆਂ ਹਨ ਤੇ ਸ਼ਰਧਾਲੂ ਇਸ ਦਾ ਪਾਣੀ ਘਰਾਂ ਨੂੰ ਵੀ ਲੈ ਕੇ ਜਾਂਦੇ ਹਨ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਗੰਦੇ ਪਾਣੀ ਨੂੰ ਤੁਰੰਤ ਰੋਕਿਆ ਜਾਵੇ।
ਸਿੱਖਾਂ ਦਾ ਮੰਨਣਾ ਹੈ ਕਿ ਗੁਰੂ ਨਾਨਕ ਦੇਵ ਜੀ ਕਾਲੀ ਵੇਈ ਦੇ ਕੰਢੇ ਸੁਲਤਾਨਪੁਰ ਲੋਧੀ ਵਿਖੇ 14 ਸਾਲ ਠਹਿਰੇ ਸਨ ਅਤੇ ਉਨ੍ਹਾਂ ਨੇ ਇਸ ਵਿਚ ਇਸ਼ਨਾਨ ਕਰਨ ਤੋਂ ਬਾਅਦ ਗਿਆਨ ਪ੍ਰਾਪਤ ਕੀਤਾ ਸੀ। ਇਹ 165 ਕਿਲੋਮੀਟਰ ਲੰਬੀ ਵੇਈਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਧਨੋਆ ਤੋਂ ਨਿਕਲਦੀ ਹੈ ਅਤੇ ਸੁਲਤਾਨਪੁਰ ਲੋਧੀ, ਕਪੂਰਥਲਾ ਦੇ ਪਿੰਡ ਫੱਤੇਵਾਲ ਨੇੜੇ ਬਿਆਸ ਦਰਿਆ ਵਿਚ ਜਾ ਕੇ ਮਿਲਦੀ ਹੈ।
ਕੀ ਕਹਿੰਦੇ ਹਨ ਕਾਰਜ ਸਾਧਕ ਅਫ਼ਸਰ
ਇਸ ਮੌਕੇ ਨਗਰ ਕੌਂਸਲ ਦੇ ਈਓ ਬਲਬੀਰ ਸਿੰਘ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਚੈਕ ਕਰਦਾ ਹਾਂ ਅਤੇ ਇਸ ਨੂੰ ਜਲਦ ਤੋਂ ਜਲਦ ਬੰਦ ਕਰਵਾਇਆ ਜਾਵੇਗਾ।