← ਪਿਛੇ ਪਰਤੋ
ਅਕਾਲੀ ਭਾਜਪਾ ਦੀ ਸਿਆਸੀ ਜੱਫੀ ਨੂੰ ਅੱਡੀਆਂ ਚੁੱਕ ਉਡੀਕਣ ਲੱਗੀਆਂ ਵਿਰੋਧੀ ਧਿਰਾਂ
ਅਸ਼ੋਕ ਵਰਮਾ
ਬਠਿੰਡਾ, 27 ਜਨਵਰੀ2024:ਕੀ ਪੰਜਾਬ ਦੇ ਚੋਣ ਮੈਦਾਨ ’ਚ ਉਤਾਰਨ ਲਈ ਉਮੀਦਵਾਰਾਂ ਦੀ ਸੂਚੀ ਨੂੰ ਅੰਤਿਮ ਰੂਪ ਦੇਣ ਲਈ ਵੱਖ ਵੱਖ ਸਿਆਸੀ ਪਾਰਟੀਆਂ ਅਕਾਲੀ ਦਲ ਅਤੇ ਭਾਰਤੀ ਜੰਤਾ ਪਾਰਟੀ ਵਿਚਕਾਰ ਹੋਣ ਵਾਲੇ ਸੰਭਾਵੀ ਗੱਠਜੋੜ ਦੀ ਰਾਹ ਉਡੀਕ ਰਹੀਆਂ ਹਨ। ਅਹਿਮ ਸਿਆਸੀ ਹਲਕਿਆਂ ਤੇ ਮਾਹਿਰਾਂ ਦਾ ਇਹੋ ਮੰਨਣਾ ਹੈ ਕਿ ਸਿਰਫ ਕਾਂਗਰਸ ਅਤੇ ਆਮ ਆਦਮੀ ਪਾਰਟੀ ਹੀ ਨਹੀਂ ਬਲਕਿ ਖੁਦ ਅਕਾਲੀ ਦਲ ਤੇ ਬੀਜੇਪੀ ਦੀ ਲੀਡਰਸ਼ਿਪ ਨੂੰ ਵੀ ਇਸ ਮਾਮਲੇ ਦਾ ਇੱਕ ਪਾਸਾ ਹੋਣ ਨੂੰ ਉਡੀਕਣ ਲੱਗੇ ਹਨ। ਅਹਿਮ ਸਿਆਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਆਸੀ ਪਾਰਟੀਆਂ ਨੇ ਪੈਮਾਨਾ ਬਣਾਇਆ ਹੈ ਕਿ ਚੋਣ ਮੈਦਾਨ ’ਚ ਲਿਆਂਦਾ ਗਿਆ ਉਮੀਦਵਾਰ ਜਿੱਤ ਸਕਣ ਦੀ ਸਮਰੱਥਾ ਰੱਖਦਾ ਹੋਵੇ। ਅਜਿਹੇ ਹਾਲਾਤਾਂ ਦਰਮਿਆਨ ਅਕਾਲੀ ਤੇ ਬੀਜੇਪੀ ਇਕੱਠਿਆਂ ਹੋਣਗੇ ਜਾਂ ਨਹੀਂ ਵਾਲੇ ਫਾਰਮੂਲੇ ਨੂੰ ਧਿਆਨ ’ਚ ਰੱਖਿਆ ਜਾ ਰਿਹਾ ਹੈ। ਰੌਚਕ ਪਹਿਲੂ ਇਹ ਵੀ ਹੈ ਕਿ ਸਿਆਸੀ ਧਿਰਾਂ ਇਨ੍ਹਾਂ ਦੋਵਾਂ ਪਾਰਟੀਆਂ ਦੇ ਪੁਰਾਣੇ ਗਰਾਫ ਨੂੰ ਧਿਆਨ ’ਚ ਰੱਖਕੇ ਅਗਲੀ ਰਣਨੀਤੀ ਬਨਾਉਣ ਦੇ ਰੌਂਅ ’ਚ ਦਿਖਾਈ ਦੇ ਰਹੀਆਂ ਹਨ। ਇੰਨ੍ਹਾਂ ਪਾਰਟੀਆਂ ਦੇ ਰਣਨੀਤੀਕਾਰਾਂ ਨੂੰ ਇਹੋ ਜਾਪਦਾ ਹੈ ਕਿ ਗਠਜੋੜ ਹੋਣ ਜਾਂ ਨਾਂ ਹੋਣ ਦੀ ਸੂਰਤ ’ਚ ਸਿਆਸੀ ਸਮੀਕਰਨ ਤਾਂ ਬਦਲਣਗੇ ਜਿਸ ਕਰਕੇ ਇਸ ਗੱਲ ਵੱਲ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਸਾਲ 2019 ਦੌਰਾਨ ਪੰਜਾਬ ’ਚ ਦੋਵਾਂ ਪਾਰਟੀਆਂ ਨੇ ਭਾਈਵਾਲੀ ਤਹਿਤ ਲੋਕ ਸਭਾ ਚੋਣਾਂ ਲੜੀਆਂ ਸਨ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ 27.76 ਪ੍ਰਤੀਸ਼ਤ ਵੋਟਾਂ ਪਈਆਂ ਸਨ ਜਦੋਂਕਿ ਭਾਜਪਾ ਦਾ ਇਹ ਅੰਕੜਾ 9.74 ਫੀਸਦੀ ਰਿਹਾ ਸੀ। ਕਾਂਗਰਸ ਸਰਕਾਰ ਦੀ ਚੜ੍ਹਤ ਅਤੇ ਗਠਜੋੜ ’ਚ ਦਸ ਸਾਲ ਸੱਤਾ ਹੰਢਾਉਣ ਕਰਕੇ ਵੋਟਰਾਂ ’ਚ ਬਣੀ ਨਰਾਜ਼ਗੀ ਦੇ ਬਾਵਜੂਦ ਦੋਵੇਂ ਧਿਰਾਂ 2-2 ਹਲਕਿਆਂ ਵਿੱਚ ਜਿੱਤ ਪ੍ਰਾਪਤ ਕਰਨ ’ਚ ਸਫਲ ਰਹੀਆਂ ਸਨ। ਇਸ ਦੇ ਉਲਟ ਸਾਲ 2022 ਵਿੱਚ ਮੁੱਖ ਮੰਤਰੀ ਭਗੰਵਤ ਮਾਨ ਦੇ ਅਸਤੀਫੇ ਕਾਰਨ ਖਾਲੀ ਹੋਈ ਸੰਗਰੂਰ ਲੋਕ ਸਭਾ ਸੀਟ ਤੇ ਹੋਈ ਉੱਪ ਚੋਣ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਸਿਰਫ 6.25 ਫੀਸਦੀ ਵੋਟਾਂ ਤੇ ਸਿਮਟ ਕੇ ਰਹਿ ਗਿਆ ਸੀ। ਦਿਲਚਸਪ ਗੱਲ ਇਹ ਵੀ ਹੈ ਕਿ ਸੰਗਰੂਰ ਲੋਕ ਸਭਾ ਹਲਕੇ ’ਚ ਕਿਸੇ ਸਮੇਂ ਅਕਾਲੀ ਦਲ ਦੀ ਤੂਤੀ ਬੋਲਦੀ ਹੁੰਦੀ ਸੀ। ਇਸ ਚੋਣ ਦੌਰਾਨ ਭਾਜਪਾ ਨੂੰ 9.33 ਪ੍ਰਤੀਸ਼ਤ ਵੋਟਾਂ ਪਈਆਂ ਸਨ ਜਿਸ ਦਾ ਸਿਹਰਾ ਕਾਂਗਰਸ ਦੇ ਬਰਨਾਲਾ ਤੋਂ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਅਤੇ ਸੰਗਰੂਰ ਦੇ ਧਨਾਢ ਤੇ ਸਿਆਸੀ ਧੁਰੰਤਰ ਅਰਵਿੰਦ ਖੰਨਾ ਦੀ ਭਾਜਪਾ ’ਚ ਸ਼ਮੂਲੀਅਤ ਦੇ ਸਿਰ ਬੰਨਿ੍ਹਆ ਜਾਂਦਾ ਹੈ। ਦੋਵਾਂ ਧਿਰਾਂ ਦੀ ਦੂਜੀ ਵੱਡੀ ਸਿਆਸੀ ਪ੍ਰੀਖਿਆ ਜਲੰਧਰ ਜਿਮਨੀ ਚੋਣ ਦੌਰਾਨ ਹੋਈ ਸੀ ਜਦੋਂ ਅਕਾਲੀ ਦਲ ਨੂੰ 17.85 ਫੀਸਦੀ ਵੋਟਾਂ ਅਤੇ ਭਾਜਪਾ ਨੂੰ 15.19 ਫੀਸਦੀ ਵੋਟਾਂ ਮਿਲੀਆਂ ਸਨ। ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰ ਨੂੰ ਇਸ ਮੌਕੇ 34.05 ਫੀਸਦੀ ਵੋਟ ਹਾਸਲ ਹੋਏ ਸਨ। ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਜੇਕਰ ਜਲੰਧਰ ਜਿਮਨੀ ਚੋਣ ਦੋਵਾਂ ਨੇ ਭਾਈਵਾਲੀ ਤਹਿਤ ਲੜੀ ਹੁੰਦੀ ਤਾਂ ਨਤੀਜਾ ਹੋਰ ਹੋ ਸਕਦਾ ਸੀ। ਜਲੰਧਰ ਜਿਮਨੀ ਚੋਣ ਦੌਰਾਨ 4 ਵਿਧਾਨ ਸਭਾ ਹਲਕੇ ਅਜਿਹੇ ਹਨ ਜਿੰਨ੍ਹਾਂ ’ਚ ਅਕਾਲੀ ਦਲ ਅਤੇ ਭਾਜਪਾ ਉਮੀਦਵਾਰਾਂ ਨੂੰ ਪਈਆਂ ਵੋਟਾਂ ਦਾ ਜੋੜ ਜੇਤੂ ਆਮ ਆਦਮੀ ਪਾਰਟੀ ਤੋਂ ਜਿਆਦਾ ਹੈ। ਇਸ ਚੋਣ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 3 ਲੱਖ 2 ਹਜ਼ਾਰ 279 ਵੋਟਾਂ ਪਈਆਂ ਸਨ ਜਦੋਂਕਿ ਕਾਂਗਰਸ ਦੀ ਉਮੀਦਵਾਰ ਦੂਸਰੇ ਨੰਬਰ ਤੇ ਰਹੀਸੀ। ਹੁਣ ਗੱਲ ਕਰੀਏ ਅਕਾਲੀ ਦਲ ਦਲ ਦੀ ਜਿਸ ਦੇ ਉਮੀਦਵਾਰ ਨੂੰ 1 ਲੱਖ 58 ਹਜ਼ਾਰ 445 ਅਤੇ ਭਾਜਪਾ ਨੂੰ 1 ਲੱਖ 34 ਹਜ਼ਾਰ 800 ਵੋਟਾਂ ਪਈਆਂ ਸਨ ਜਿੰਨ੍ਹਾਂ ਦਾ ਕੁੱਲ ਜੋੜ 2 ਲੱਖ 93 ਹਜ਼ਾਰ 245 ਬਣਦਾ ਹੈ। ਜਿੱਤਣ ਵਾਲੇ ਆਮ ਆਦਮੀ ਪਾਰਟੀ ਤੇ ਉਮੀਦਵਾਰ ਤੋਂ ਸਿਰਫ 9034 ਵੋਟਾਂ ਘੱਟ ਹੈ। ਅਕਾਲੀ ਦਲ ਦੇ ਇੱਕ ਆਗੂ ਨੇ ਇਸ ਪੱਤਰਕਾਰ ਕੋਲ ਮੰਨਿਆ ਕਿ ਕਿਧਰੇ ਇਹ ਚੋਣ ਮਿਲਕੇ ਲੜੀ ਹੁੰਦੀ ਤਾਂ ਹੁਣ ਕਹਾਣੀ ਹੀ ਵੱਖਰੀ ਹੋਣੀ ਸੀ ਉਨ੍ਹਾਂ ਕਿਹਾ ਕਿ ਜਲੰਧਰ ਜਿਮਨੀ ਚੋਣ ਤੋਂ ਦੋਵਾਂ ਧਿਰਾਂ ਨੇ ਹੀ ਸਬਕ ਲਿਆ ਹੈ ਜਿਸ ਕਰਕੇ ਗੱਲ ਗਠਜੋੜ ਵੱਲ ਵਧੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਅਗਾਮੀ ਲੋਕ ਸਭਾ ਚੋਣਾਂ ਇਕੱਠਿਆਂ ਲੜਦੀਆਂ ਹਨ ਤਾਂ ਨਿਰਸੰਦੇਹ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਕਰੜੀ ਟੱਕਰ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਕਾਲੀ ਲੀਡਰਸ਼ਿਪ ਉਮੀਦਵਾਰ ਸ਼ਾਰਟਲਿਸਟ ਕਰ ਰਹੀ ਹੈ ਪਰ ਕਿਸੇ ਨੂੰ ਫਾਈਨਲ ਨਹੀਂ ਕੀਤਾ ਜਾ ਰਿਹਾ ਕਿਉਂਕਿ ਗੱਠਜੋੜ ਦੀ ਸੂਰਤ ’ਚ ਕਾਫੀ ਕੁੱਝ ਤਬਦੀਲ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਅੰਦਰੋ ਅੰਦਰੀ ਬਣ ਰਹੀਆਂ ਰਣਨੀਤੀਆਂ ਸਿਆਸੀ ਸੂਤਰ ਦੱਸਦੇ ਹਨ ਕਿ ਇਸ ਤਰਾਂ ਦੇ ਤੱਥਾਂ ਨੂੰ ਧਿਆਨ ’ਚ ਰੱਖਦਿਆਂ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਵੱਲੋਂ ਅੰਦਰੋ ਅੰਦਰੀ ਰਣਨੀਤੀ ਘੜੀ ਜਾ ਰਹੀ ਹੈ। ਹਾਲਾਂਕਿ ਇਸ ਸਬੰਧ ’ਚ ਕੋਈ ਵੀ ਵੱਡਾ ਆਗੂ ਪ੍ਰਤੀਕਿਰਿਆ ਦੇਣ ਨੂੰ ਤਿਆਰ ਨਹੀਂ ਹੋਇਆ ਪਰ ਸੂਤਰ ਇਸ ਦੀ ਪੁਸ਼ਟੀ ਕਰ ਰਹੇ ਹਨ। ਇੱਕ ਭਾਜਪਾ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਬੇਸ਼ੱਕ ਪਾਰਟੀ ਕਾਰਕੁਨ ਪਿਛਲੇ ਦੋ ਸਾਲਾਂ ਤੋਂ ਸਾਰੇ 13 ਲੋਕ ਸਭਾ ਹਲਕਿਆਂ ਵਿੱਚ ਤਿਆਰੀਆਂ ’ਚ ਜੁਟੇ ਹੋਏ ਹਨ ਫਿਰ ਵੀ ਜੇਕਰ ਗੱਠਜੋੜ ਹੋ ਜਾਂਦਾ ਹੈ ਤਾਂ ਫਿਰ ਉਸ ਹਿਸਾਬ ਤੇ ਅਗਲੀ ਰਣਨੀਤੀ ਘੜੀ ਜਾਏਗੀ।
Total Responses : 326