ਆਨੰਤ ਅੰਬਾਨੀ ਦੀ ਪ੍ਰੀ ਵੈਡਿੰਗ ਸੈਰੇਮਨੀ ਦੀ ਸ਼ੁਰੂਆਤ ਅੰਨ ਸੇਵਾ ਨਾਲ, 51 ਹਜ਼ਾਰ ਨੂੰ ਖੁਆਇਆ ਖਾਣਾ
ਜਾਮਨਗਰ, 29 ਫਰਵਰੀ, 2024: ਅੰਬਾਨੀ ਪਰਿਵਾਰ ਦੇ ਸਭ ਤੋਂ ਛੋਟੇ ਪੁੱਤਰ ਤੇ ਉਦਯੋਗਪਤੀ ਆਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਤੋ ਪਹਿਲਾਂ ਯਾਨੀ ਪ੍ਰੀ ਵੈਡਿੰਗ ਸੈਰੇਮਨੀ ਦੀ ਸ਼ੁਰੂਆਤ ਅੰਨ ਸੇਵਾ ਨਾਲ ਹੋਈ। ਜਾਮਨਗਰ ਵਿਚ ਰਿਲਾਇੰਸ ਟਾਊਨਸ਼ਿਪ ਦੇ ਕੋਲ ਜੋਗਵੜ ਪਿੰਡ ਵਿਚ ਮੁਕੇਸ਼ ਅੰਬਾਨੀ, ਆਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਸਮੇਤ ਅੰਬਾਨੀ ਪਰਿਵਾਰ ਦੇ ਹੋਰ ਮੈਂਬਰਾਂ ਨੇ ਪਿੰਡ ਵਾਲਿਆਂ ਨੂੰ ਰਵਾਇਤੀ ਗੁਜਰਾਤੀ ਖਾਣਾ ਪਰੋਸਿਆ। ਰਾਧਿਕਾ ਦੀ ਨਾਨੀ ਅਤੇ ਮਾਤਾ-ਪਿਤਾ, ਵੀਰੇਨ ਅਤੇ ਸ਼ੈਲਾ ਮਰਚੈਂਟ ਨੇ ਵੀ ਅੰਨ ਸੇਵਾ ਵਿਚ ਹਿੱਸਾ ਲਿਆ। ਕਰੀਬ 51 ਹਜ਼ਾਰ ਸਥਾਨਕ ਲੋਕਾਂ ਨੂੰ ਖਾਣਾ ਖੁਆਇਆ ਗਿਆ ਤੇ ਇਹ ਮੁਹਿੰਮ ਅਗਲੇ ਕੁਝ ਦਿਨ ਜਾਰੀ ਰਹੇਗੀ।
ਅੰਬਾਨੀ ਪਰਿਵਾਰ ਨੇ ਆਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਵਿਆਹ ਦੇ ਪ੍ਰੀ ਵੈਡਿੰਗ ਸੈਰੇਮਨੀ ਲਈ ਸਥਾਨਕ ਲੋਕਾਂ ਦਾ ਆਸ਼ੀਰਵਾਦ ਲੈਣ ਵਾਸਤੇ ਇਹ ਅੰਨਾ ਸੇਵਾ ਦਾ ਆਯੋਜਨ ਕੀਤਾ ਹੈ। ਭੋਜਨ ਉਪਰੰਤ ਹਾਜ਼ਰ ਲੋਕਾਂ ਨੇ ਰਵਾਇਤੀ ਲੋਕ ਸੰਗੀਤ ਦਾ ਆਨੰਦ ਵੀ ਲਿਆ। ਪ੍ਰਸਿੱਧ ਗੁਜਰਾਤੀ ਗਾਇਕ ਕੀਰਤੀਦਾਨ ਗੜਵੀ ਨੇ ਆਪਣੀ ਗਾਇਕੀ ਨਾਲ ਸਮਾਂ ਬੰਨਿਆ।
ਅੰਬਾਨੀ ਪਰਿਵਾਰ ਵਿਚ ਅੰਨ ਸੇਵਾ ਰਵਾਇਤੀ ਪੁਰਾਣੀ ਹੈ। ਪਰਿਵਾਰਕ ਸ਼ੁਭ ਮੌਕਿਆਂ ’ਤੇ ਅੰਬਾਨੀ ਪਰਿਵਾਰ ਅੰਨ ਸੇਵਾ ਕਰਦਾ ਰਿਹਾ ਹੈ। ਕੋਰੋਨਾ ਮਹਾਮਾਰੀ ਦੇ ਦੌਰਾਨ ਜਦੋਂ ਦੇਸ਼ ਸੰਕਟ ਵਿਚ ਸੀ ਤਾਂ ਉਸ ਵੇਲੇ ਆਨੰਤ ਅੰਬਾਨੀ ਦੀ ਮਾਤਾ ਨੀਤਾ ਅੰਬਾਨੀ ਦੀ ਅਗਵਾਈ ਵਿਚ ਰਿਲਾਇੰਸ ਫਾਉਂਡੇਸ਼ਨ ਨੇ ਦੁਨੀਆਂ ਦਾ ਸਭ ਤੋਂ ਵੱਡਾ ਅੰਨ ਵੰਡ ਪ੍ਰੋਗਰਾਮ ਚਲਾਇਆ ਸੀ।