ਰੁੱਖ ਤੇ ਕੁੱਖ ਬਚਾਓ ਦੇ ਸੰਦੇਸ਼ ਨਾਲ ਹਰਾ ਭਰਾ ਮਲੋਟ ਪ੍ਰੋਗਰਾਮ ਦਾ ਆਗਾਜ਼
- ਧੀਆਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ ਨਵੇਂ ਲਗਾਏ ਰੁੱਖ—ਡਾ: ਬਲਜੀਤ ਕੌਰ
ਮਲੋਟ, 29 ਫਰਵਰੀ 2024 - ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰੁੱਖ ਅਤੇ ਕੁੱਖ ਬਚਾਓ ਦੇ ਸੰਦੇਸ਼ ਨਾਲ ਮਲੋਟ ਸ਼ਹਿਰ ਨੂੰ ਹਰਾ ਭਰਾ ਕਰਨ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਧੀਆਂ ਤੋਂ ਸ਼ਹਿਰ ਵਿਚ ਨਵੇਂ ਪੌਦੇ ਲਗਵਾ ਕੇ ਕਰਵਾਈ।
ਇਸ ਪ੍ਰੋਗਰਾਮ ਤਹਿਤ ਸ਼ਹਿਰ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਦੇ ਹਰੇ ਭਰੇ ਅਤੇ ਸ਼ਹਿਰ ਦੀ ਦਿੱਖ ਨਿਖਾਰਨ ਵਾਲੇ ਰੁੱਖ ਲਗਾਏ ਜਾਣਗੇ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪ੍ਰਦੇਸ਼ ਬਣਾਉਣ ਵਿਚ ਲੱਗੀ ਹੋਈ ਹੈ ਉਸੇ ਲੜੀ ਵਿਚ ਉਹ ਵੀ ਆਪਣੇ ਹਲਕੇ ਨੁੰ ਹਰਾ ਭਰਾ ਕਰਨ ਲਈ ਲਗਾਤਾਰ ਯਤਨ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਧੀਆਂ ਨੂੰ ਸਮਰਪਿਤ ਕਰਦੇ ਹੋਏ ਰੁੱਖ ਲਗਾਏ ਜਾਣਗੇ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਪ੍ਰੋਗਰਾਮ ਵਿਚ ਸ਼ਾਮਿਲ ਕੀਤਾ ਜਾਵੇਗਾ ਅਤੇ ਜਿਵੇਂ ਉਹ ਆਪਣੀਆਂ ਧੀਆਂ ਨੂੰ ਪਾਲਦੇ ਹਨ ਉਸੇ ਤਰਾਂ ਆਪਣੇ ਸ਼ਹਿਰ ਨੂੰ ਸ਼ਾਨਦਾਰ ਬਣਾਉਣ ਲਈ ਉਹ ਇੰਨ੍ਹਾਂ ਰੁੱਖਾਂ ਨੁੰ ਵੀ ਪਾਲਣਗੇ।ਉਨ੍ਹਾਂ ਨੇ ਇਸ ਪ੍ਰੋਜੈਕਟ ਵਿਚ ਸਮੂਹ ਸ਼ਹਿਰ ਵਾਸੀਆਂ ਤੋਂ ਸਹਿਯੋਗ ਮੰਗਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਦੇ ਨਾਂਅ ਉਨ੍ਹਾਂ ਦੇ ਦਫ਼ਤਰ ਨੋਟ ਕਰਵਾਉਣ ਤਾਂ ਜੋ ਉਨ੍ਹਾਂ ਦੇ ਨਾਂਅ ਤੇ ਸ਼ਹਿਰ ਵਿਚ ਪੌਦੇ ਲਗਾਏ ਜਾ ਸਕਨ।
ਡਾ: ਬਲਜੀਤ ਕੌਰ ਨੇ ਕਿਹਾ ਕਿ ਸ਼ਹਿਰ ਨੂੰ ਸਵੱਛ ਰੱਖਣਾ ਹਰੇਕ ਸ਼ਹਿਰੀ ਦਾ ਫਰਜ ਹੈ ਅਤੇ ਇਸ ਲਈ ਸਾਰੇ ਲੋਕ ਇਸ ਮੁਹਿੰਮ ਨਾਲ ਜੁੜਨ। ਉਨ੍ਹਾਂ ਨੇ ਸ਼ਹਿਰ ਦੇ ਸਿਵਲ ਹਸਪਤਾਲ ਨੂੰ ਵੀ ਏ ਗ੍ਰੇਡ ਮਿਲਣ ਲਈ ਸ਼ਹਿਰ ਵਾਸੀਆਂ ਨੂੰ ਇਸ ਮੌਕੇ ਵਧਾਈ ਦਿੱਤੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਧੀਆਂ ਜਿਸ ਤਰਾਂ ਪਰਿਵਾਰਾਂ ਦੀ ਰੌਣਕ ਹੁੰਦੀਆਂ ਹਨ ਅਤੇ ਪਰਿਵਾਰ ਦਾ ਨਾਂਅ ਰੌਸ਼ਨ ਕਰਦੀਆਂ ਹਨ, ਇਸੇ ਤਰਾਂ ਇਹ ਰੁੱਖ ਮਲੋਟ ਸ਼ਹਿਰ ਦੀ ਰੋਣਕ ਬਣਨਗੇ।
ਇਸ ਮੌਕੇ ਕੈਬਨਿਟ ਮੰਤਰੀ ਨੇ ਇਸ ਮੌਕੇ ਪਹਿਲਾਂ ਰੁੱਖ ਧੀ ਅੰਤਰਾ ਗਰੋਵਰ ਦੇ ਨਾਂਅ ਦਾ ਲਗਾਇਆ ਜਿਸ ਨੇ ਅਮੇਰੀਕਾ ਵਿਚ ਐਮਾਜੋਨ ਵਿਚ ਜਾ ਕੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ। ਇਸ ਮੌਕੇ ਉਨ੍ਹਾਂ ਨੇ ਵੱਖ ਵੱਖ ਧੀਆਂ ਅਰੁਨਿਆ, ਪ੍ਰਵਗੁਣ ਕੌਰ ਔਲਖ, ਗੁਰਲੀਨ ਕੌਰ ਬਰਾੜ, ਜਸਲੀਨ ਕੌਰ ਔਲਖ, ਜਪਨੂਰ ਕੌਰ ਔਲਖ, ਜਪਲੀਨ ਕੌਰ ਬਰਾੜ, ਰਾਬੀਆਂ ਗਰਗ ਆਦਿ ਤੋਂ ਉਨ੍ਹਾਂ ਦੇ ਨਾਂਅ ਦੇ ਰੁੱਖ ਲਗਵਾਏ।
ਇਸ ਮੌਕੇ ਐਸਡੀਐਮ ਸ੍ਰੀ ਸੰਜੀਵ ਕੁਮਾਰ ਤੋਂ ਇਲਾਵਾ ਰਮੇਸ਼ ਅਰਨੀਵਾਲਾ, ਐਡਵੋਕੇਟ ਗੁਰਭੇਜ ਸਿੰਘ, ਗਗਨਦੀਪ ਸਿੰਘ ਔਲਖ, ਜਸਦੇਵ ਸਿੰਘ ਸੰਧੂ, ਜਗਨ ਨਾਥ ਸ਼ਰਮਾ, ਗੁਰਪ੍ਰੀਤ ਸਿੰਘ ਵਿਰਦੀ, ਹਰਮੇਲ ਸਿੰਘ ਐਮਸੀ, ਸੁਖਪਾਲ ਸਿੰਘ, ਮਨਦੀਪ ਚੌਹਾਨ, ਸਤਨਾਮ ਸਿੰਘ ਸਗੂ, ਗੁਰਮੀਤ ਸਿੰਘ ਵਿਰਦੀ, ਕੁਲਵਿੰਦਰ ਸਿੰਘ ਬਰਾੜ, ਅਰਸ਼ ਸਿੱਧੂ, ਸਿ਼ਦਰਪਾਲ ਸਿੰਘ ਆਦਿ ਵੀ ਹਾਜਰ ਸਨ।