ਪੰਜਾਬ ਦਾ ਜੈ ਸੋਢੀ ਕੈਨੇਡਾ ਦੀ ਸਭ ਤੋਂ ਵੱਡੀ ਸਟੂਡੈਂਟ ਯੂਨੀਅਨ ਲਈ ਚੋਣ ਮੈਦਾਨ 'ਚ ਨਿਤਰਿਆ
- ਕਰੀਬ 65 ਹਜਾਰ ਵਿਦਿਆਰਥੀ ਵੋਟ ਪਾਉਣ ਦੇ ਹੱਕਦਾਰ
ਵੈਨਕੂਵਰ, 2 ਮਾਰਚ 2024: ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ , ਵੈਨਕੂਵਰ ਕੈਨੇਡਾ ਦੀ ਸਭ ਤੋਂ ਪੁਰਾਣੀ ਵਿਦਿਆਰਥੀ ਯੂਨੀਅਨ ਏ.ਐਮ.ਐਸ , ਆਤਮਾ ਮੈਟਰ ਸੋਸਾਇਟੀ ਜੋ ਕਿ ਮਹਾਰਾਣੀ ਦੇ ਸਮੇਂ ਵਿੱਚ 1858 ਨੂੰ ਸਥਾਪਿਤ ਕੀਤੀ ਗਈ ਸੀ ਦੀਆਂ ਵਕਾਰੀ ਚੋਣਾਂ ਵਿੱਚ ਪੰਜਾਬ ਦਾ ਜਮਪਲ ਟਿੱਕਾ ਜੈ ਸਿੰਘ ਸੋਢੀ ਉਪ ਪ੍ਰਧਾਨ ਪ੍ਰਸ਼ਾਸਨ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਨਿਤਰਿਆ ਹੈ I ਉਕਤ ਵਿਦਿਆਰਥੀ ਯੂਨੀਅਨ ਦੇ ਪ੍ਰਮੁੱਖ ਪੰਜ ਅਹੁਦਿਆਂ ਲਈ ਇਹ ਚੋਣਾਂ 1 ਮਾਰਚ ਤੋਂ 8 ਮਾਰਚ ਤੱਕ ਆਨਲਾਈਨ ਪੈਣਗੀਆਂ, ਜਿਸ ਲਈ ਕਰੀਬ 65 ਹਜਾਰ ਵਿਦਿਆਰਥੀ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ I ਇੱਕ ਪ੍ਰਧਾਨ ਅਤੇ ਪੰਜ ਉਪ ਪ੍ਰਧਾਨ ਨਿਯੁਕਤ ਕਰਨ ਲਈ ਇਹ ਵੋਟਾਂ ਹੋਣਗੀਆਂ I
ਰਾਜਸੀ ਆਗੂ ਅਰੁਣਜੋਤ ਸਿੰਘ ਸੋਢੀ ਦਾ ਸਪੁੱਤਰ ਜੈ ਸੋਢੀ ਪੰਜਾਬ ਦੇ ਸ਼ਹਿਰ ਮਲੋਟ ਦਾ ਜਮਪਲ ਹੈ ਅਤੇ ਮੁਹਾਲੀ ਦੇ ਲਰਨਿੰਗ ਪਾਥਸ ਸਕੂਲ ਦਾ ਵਿਦਿਆਰਥੀ ਰਿਹਾ ਹੈ I ਪਿਸਟਲ ਸ਼ੂਟਿੰਗ ਵਿੱਚ ਉਹ ਕਰੀਬ ਤਿੰਨ ਸਾਲ ਜੂਨੀਅਰ ਇੰਡੀਆ ਟੀਮ ਦਾ ਮੈਂਬਰ ਵੀ ਰਿਹਾ ਜਿਸ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਤਮਗੇ ਹਾਸਲ ਕੀਤੇ ਹਨ I
ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਅਰਥ ਸ਼ਾਸਤਰ ਅਤੇ ਇਤਿਹਾਸ ਵਿੱਚ ਡਿਗਰੀ ਕਰ ਰਹੇ ਜੈ ਸੋਢੀ ਨੇ ਪਿਛਲੇ ਦੋ ਸਾਲਾਂ ਵਿੱਚ ਯੂਨੀਵਰਸਿਟੀ ਵਿੱਚ ਖਾਸ ਕਰਕੇ ਸ਼ੂਟਿੰਗ ਖੇਡ ਨੂੰ ਪ੍ਰਫੁੱਲਤ ਕਰਨ ਲਈ ਬਹੁਤ ਮਿਹਨਤ ਕੀਤੀ ਹੈ। ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਮਿੱਟੀ ਦਾ ਜੰਪਲ ਕਨੇਡਾ ਦੀ ਧਰਤੀ ਤੇ ਜਾ ਕੇ ਦੇਸ਼ ਦਾ ਨਾਮ ਚਮਕਾਉਣ ਜਾ ਰਿਹਾ ਹੈ।
ਪ੍ਰਧਾਨ ਦੀ ਚੋਣ ਲਈ ਚਾਰ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ ਉਪ ਪ੍ਰਧਾਨ ਪ੍ਰਸ਼ਾਸਨ ਦੀ ਚੋਣ ਲਈ ਤਿੰਨ ਉਮੀਦਵਾਰ ਮੈਦਾਨ ਵਿੱਚ ਹਨ I ਇਨਾ ਚੋਣਾਂ ਰਾਹੀਂ ਪ੍ਰਧਾਨ ਅਤੇ ਉਪ ਪ੍ਰਧਾਨ ਸਮੇਤ ਪੰਜ ਐਗਜੈਕਟਿਵ ਪੁਜੀਸ਼ਨ , ਦੋ ਬੋਰਡ ਆਫ ਗਵਰਨਰ ਅਤੇ ਪੰਜ ਯੂ.ਬੀ.ਸੀ. ਵੈਨਕੂਵਰ ਸੈਨੇਟ ਤੇ ਮੈਂਬਰ ਚੁਣੇ ਜਾਣਗੇ I ਇਨਾ ਚੋਣਾਂ ਦਾ ਨਤੀਜਾ 8 ਮਾਰਚ ਨੂੰ ਸ਼ਾਮ ਤੱਕ ਆ ਜਾਵੇਗਾ।ਟਿੱਕਾ ਸੋਢੀ ਨੂੰ ਵੱਖ ਵੱਖ ਖੇਡ ਕਲੱਬਾਂ ਤੋਂ ਇਲਾਵਾ ਕਈ ਵਿਦਿਆਰਥੀ ਸੰਗਠਨਾਂ ਦੀ ਖੁੱਲ ਕੇ ਮਦਦ ਮਿਲ ਰਹੀ ਹੈ I