ਖਾਪ ਪੰਚਾਇਤਾਂ ਨੇ ਕਿਸਾਨ ਜਥੇਬੰਦੀਆਂ ਨੂੰ ਇਕਜੁੱਟ ਕਰਨ ਵਾਸਤੇ ਬਣਾਈ 11 ਮੈਂਬਰੀ ਕਮੇਟੀ
ਰੋਹਤਕ, 3 ਮਾਰਚ, 2024: ਹਰਿਆਣਾ ਦੇ ਖਾਪ ਅਤੇ ਕਿਸਾਨ ਆਗੂਆਂ ਦੀ ਮੀਟਿੰਗ ਜੀਂਦ ਦੇ ਪਲਵਾ ਪਿੰਡ ਵਿਚ ਹੋਈ ਜਿਸ ਵਿਚ ਚਲ ਰਹੇ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਵਾਸਤੇ ਰਣਨੀਤੀ ਤੈਅ ਕੀਤੀ ਗਈ। ਜੀਂਦ ਦੇ ਕਿਸਾਨ ਆਗੂ ਆਜ਼ਾਦ ਪਲਵਾ ਨੇ ਦੱਸਿਆ ਕਿ ਪਹਿਲਾਂ ਖਾਪ ਪੰਚਾਇਤਾਂ ਦੀਆਂ ਦੋ ਮੀਟਿੰਗਾਂ ਫਤਿਹਾਬਾਦ ਦੇ ਸੋਮਈ ਪਿੰਡ ਤੇ ਜੀਂਦ ਦੇ ਧਨੋਡਾ ਵਿਖੇ ਹੋ ਚੁੱਕੀਆਂ ਹਨ ਤੇ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਕ ਛੱਡ ਹੇਠ ਲਿਆਉਣ ਦੇ ਯਤਨ ਕਰ ਰਹੇ ਹਾਂ।
ਕਮੇਟੀ ਵਿਚ ਬਿਨੈਨ ਖਾਪ ਤੋਂ ਇਸ਼ਵਰ ਨੈਨ, ਖੇੜੀ ਮਸਾਨੀਆ ਤੋਂ ਦਲਬੀਰ ਸਿੰਘ, ਚਹਿਲ ਖਾਪ ਤੋਂ ਬਲਬੀਰ ਸਿੰਘ, ਹੁੱਡਾ ਖਾਪ ਤੋਂ ਪ੍ਰਦੀਪ ਸਿੰਘ ਹੁੱਡਾ, ਸੰਜੇ ਸਿੰਘ, ਕੈਪਟਨ (ਰਿਟਾ) ਮਾਨ ਸਿੰਘ ਦਲਾਲ ਖਾਪ, ਸਤਰੋਲ ਤੋਂ ਦਲਬੀਰ ਸਿੰਘ, ਕਲਕਾਲ ਤੋਂ ਰਾਜਪਾਲ ਸਿੰਘ, ਫਤਿਹਾਬਾਦ ਤੋਂ ਸੂਬੇ ਸਿੰਘ ਸਮਈ, ਕਰਨਾਲ ਤੋਂ ਇਸ਼ਮ ਸਿੰਘ ਜੰਬਾ ਤੇ ਜੈ ਭਗਵਾਨ ਸ਼ਾਮਲ ਹਨ।
ਆਜ਼ਾਦ ਪਲਵਾ ਨੇ ਕਿਹਾ ਕਿ ਸਾਰੇ ਦੇਸ਼ ਦੇ ਕਿਸਾਨਾਂ ਨੂੰ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਦੀ ਜ਼ਰੂਰਤ ਹੈ ਤੇ ਮੌਜੂਦਾ ਅੰਦੋਲਨ ਸਹੀ ਦਿਸ਼ਾ ਵਿਚ ਚਲ ਰਿਹਾ ਹੈ ਪਰ ਸਾਨੂੰ ਜਿੱਤਣ ਵਾਸਤੇ ਇਕਜੁੱਟ ਹੋਣਾ ਪਵੇਗਾ। ਜੇਕਰ ਸਾਰੇ ਧੜਿਆਂ ਨੇ ਏਕਾ ਨਾ ਕੀਤਾ ਤਾਂ ਸਰਕਾਰ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਕੁਚਲ ਦੇਵੇਗੀ।
ਸਤਿਆਵਾਨ ਨੈਨ ਧਨੋਡਾ ਨੇ ਦੱਸਿਆ ਕਿ ਉਹਨਾਂ ਦੀ ਜ਼ਿੰਮੇਵਾਰੀ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ ਤੇ ਅਮਰਜੀਤ ਮੋਹਰੀ ਨਾਲ ਗੱਲਬਾਤ ਕਰਨ ਦੀ ਲੱਗੀ ਹੈ ਜੋ ਕਿ ਸ਼ੰਭੂ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਹਨ।