ਬੂਥ ਪ੍ਰਧਾਨ ਕੋਈ ਆਮ ਵਰਕਰ ਨਹੀਂ ਸਗੋਂ ਭਵਿੱਖ ਦਾ ਵੱਡਾ ਆਗੂ ਹੈ: ਜਿਆਣੀ
ਭਾਜਪਾ ਦੀ ਅਸਲ ਤਾਕਤ ਬੂਥ ਪੱਧਰ ਦੇ ਵਰਕਰ ਹਨ: ਸਰੀਨ
ਫਰੀਦਕੋਟ 19 ਮਾਰਚ 2024 ਭਾਰਤੀ ਜਨਤਾ ਪਾਰਟੀ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬੂਥ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ਕਰਨ 'ਚ ਲੱਗੀ ਹੋਈ ਹੈ। ਭਾਜਪਾ ਨੇ ਹਰ ਬੂਥ 'ਤੇ 370 ਨਵੇਂ ਵੋਟਰਾਂ ਨੂੰ ਜੋੜਨ ਦੀ ਰਣਨੀਤੀ ਬਣਾਈ ਹੈ, ਇਸ ਲਈ ਵੱਖ-ਵੱਖ ਪੱਧਰ 'ਤੇ ਤਿਆਰੀਆਂ ਅਤੇ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਚੌਧਰੀ ਸੁਨੀਲ ਕੁਮਾਰ ਜਾਖੜ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਵਿਧਾਨ ਸਭਾ ਹਲਕਾ ਫ਼ਰੀਦਕੋਟ ਵਿਖੇ ਲੋਕ ਸਭਾ ਹਲਕਾ ਫ਼ਰੀਦਕੋਟ ਦੀ ਬੂਥ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜ਼ੋਨਲ ਇੰਚਾਰਜ ਸ੍ਰੀ ਅਨਿਲ ਸਰੀਨ, ਸਾਬਕਾ ਮੰਤਰੀ ਤੇ ਸੂਬਾ ਮੀਤ ਪ੍ਰਧਾਨ ਸੁਰਜੀਤ ਜਿਆਣੀ, ਭਾਜਪਾ ਦੇ ਅਧਿਕਾਰੀ ਤੇ ਵਰਕਰ ਹਾਜ਼ਰ ਸਨ। ਪ੍ਰੋਗਰਾਮ ਦੀ ਪ੍ਰਧਾਨਗੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਨੇ ਕੀਤੀ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਹਰ ਬੂਥ ਨੂੰ ਮਜ਼ਬੂਤ ਬਨਾਉਣ ਦੀ ਗੱਲ ਕਹੀ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਸ੍ਰੀ ਸੁਰਜੀਤ ਜਿਆਣੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਵਰਕਰ ਜਾਂ ਬੂਥ ਪ੍ਰਧਾਨ ਕੋਈ ਆਮ ਵਰਕਰ ਨਹੀਂ ਸਗੋਂ ਭਵਿੱਖ ਦਾ ਵੱਡਾ ਆਗੂ ਹੁੰਦਾ ਹੈ, ਉਹ ਸੂਬਾ ਪ੍ਰਧਾਨ, ਕੌਮੀ ਪ੍ਰਧਾਨ, ਮੁੱਖ ਮੰਤਰੀ ਜਾਂ ਕੱਲ੍ਹ ਦਾ ਪ੍ਰਧਾਨ ਮੰਤਰੀ ਵੀ ਹੋ ਸੱਕਦਾ ਹੈ। ਇੰਨ੍ਹਾਂ ਆਮ ਚੋਣਾਂ ਵਿੱਚ ਸਾਡੇ ਬੂਥ ਪੱਧਰ ਦੇ ਵਰਕਰਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਜ਼ੋਨਲ ਇੰਚਾਰਜ ਸ੍ਰੀ ਅਨਿਲ ਸਰੀਨ ਨੇ ਕਿਹਾ ਕਿ ਵਰਕਰਾਂ ਨੂੰ ਆਪਣੇ ਆਪ ਨੂੰ ਕਿਸੇ ਦਾ ਗੁਲਾਮ ਨਹੀਂ ਸਮਝਣਾ ਚਾਹੀਦਾ, ਆਪਣੇ ਆਪ ਨੂੰ ਆਗੂ ਸਮਝ ਕੇ ਦੇਸ਼ ਦੇ ਹਿੱਤ ਵਿੱਚ ਕੰਮ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਵਿਅਕਤੀ ਲਈ। ਉਨ੍ਹਾਂ ਕੇਂਦਰ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਇਸ ਪ੍ਰੋਗਰਾਮ ਵਿਚ ਸਾਰੇ ਬੂਥ ਪ੍ਰਧਾਨਾਂ ਨੂੰ ਆਪੋ-ਆਪਣੇ ਬੂਥਾਂ 'ਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਮੰਤਰ ਦਿੱਤਾ ਗਿਆ | ਬੂਥ ਪ੍ਰਧਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ 370 ਸੀਟਾਂ ਦੇ ਸੰਕਲਪ ਦੀ ਯਾਦ ਦਿਵਾਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬੂਥ ਪ੍ਰਧਾਨਾਂ ਨੂੰ ਬੂਥ ਦੀ ਮਜ਼ਬੂਤੀ ਲਈ ਬੂਥ ਕਮੇਟੀਆਂ ਨਾਲ ਲਗਾਤਾਰ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ। ਬੂਥ ਕਮੇਟੀ ਮੈਂਬਰਾਂ ਵੱਲੋਂ ਘਰੋਂ ਖਾਣਾ ਲਿਆਉਣ ਅਤੇ ਇਕੱਠੇ ਖਾਣਾ ਆਦਿ ਨੁਕਤਿਆਂ 'ਤੇ ਜ਼ੋਰ ਦਿੱਤਾ ਗਿਆ। ਇਸ ਦੌਰਾਨ ਸੂਬਾ ਮੀਤ ਪ੍ਰਧਾਨ ਜਿਆਣੀ ਵੱਲੋਂ ਸਮੂਹ ਬੂਥ ਪ੍ਰਧਾਨਾਂ ਨਾਲ ਜਾਣ-ਪਛਾਣ ਕੀਤੀ ਗਈ। ਜਿਸ ਵਿੱਚ ਲਗਭਗ 100 ਫੀਸਦੀ ਹਾਜ਼ਰੀ ਪਾਈ ਗਈ।