ਸਰਬੱਤ ਦਾ ਭਲਾ ਟਰੱਸਟ ਵੱਲੋਂ ਬਜ਼ੁਰਗ ਔਰਤ ਦੇ ਮਕਾਨ ਦੀ ਉਸਾਰੀ ਦਾ ਕੰਮ ਅਰੰਭ
- ਐਸ ਪੀ ਸਿੰਘ ਉਬਰਾਏ ਵੱਲੋਂ ਜ਼ਿਲ੍ਹਾ ਰੂਪਨਗਰ ਅੰਦਰ ਵੀਹ ਦੇ ਕਰੀਬ ਲੋੜਵੰਦਾਂ ਲਈ ਮਕਾਨ ਉਸਾਰੀ ਕੀਤੇ ਜਾਣਗੇ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 18 ਮਾਰਚ 2024 - ਡਾ. ਐਸ .ਪੀ .ਸਿੰਘ ਉਬਰਾਏ ਜੀ ਦੀ ਯੋਗ ਤੇ ਗਤੀਸ਼ੀਲ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਚੈਰੀਟੇਬਲ ਟਰੱਸਟ ਵੱਲੋਂ ਲੋਕ ਭਲਾਈ ਹਿਤ ਕੀਤੇ ਜਾ ਰਹੇ ਕਾਰਜਾਂ ਦੀ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਅੱਜ ਪਿੰਡ ਹੁਸੈਨਪੁਰ ਰੂਪਨਗਰ ਦੀ ਵਸਨੀਕ ਸ੍ਰੀਮਤੀ ਪ੍ਰੀਤਮ ਕੌਰ ਦੇ ਮਕਾਨ ਦੀ ਉਸਾਰੀ ਦਾ ਕੰਮ ਆਰੰਭਿਆ ਗਿਆ।
ਡੀਐਸਪੀ ਰੂਪਨਗਰ ਸ.ਮਨਵੀਰ ਸਿੰਘ ਬਾਜਵਾ ਨੇ ਆਪਣੇ ਕਰ-ਕਮਲਾਂ ਨਾਲ ਇਸ ਮਕਾਨ ਦਾ ਨੀਂਹ ਪੱਥਰ ਰੱਖਿਆ ਤੇ ਟਰੱਸਟ ਵੱਲੋਂ ਮਨੁੱਖਤਾ ਦੀ ਭਲਾਈ ਹਿਤ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ।ਇਸ ਤੋਂ ਪਹਿਲਾ ਟਰੱਸਟ ਦੇ ਜਿਲ੍ਹਾ ਪ੍ਰਧਾਨ ਜੇ ਕੇ ਜੱਗੀ ਸਮੇਤ ਸਮੂਹ ਮੈਂਬਰਾਂ ਅਤੇ ਪਿੰਡ ਦੇ ਮੋਹਤਬਰਾਂ ਵੱਲੋਂ ਡੀਐਸਪੀ ਮਨਵੀਰ ਬਾਜਵਾ ਨੂੰ ਗੁਲਦਸਤਾ ਦੇ ਕੇ ਜੀ ਆਇਆ ਆਖਿਆ ਗਿਆ। ਟਰਸਟ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਜੇ ਕੇ ਜੱਗੀ ਨੇ ਜਾਣਕਾਰੀ ਦਿੱਤੀ ਕਿ ਡਾ ਐੱਸ ਪੀ ਸਿੰਘ ਉਬਰਾਏ ਜੀ ਨੇ ਅਜਿਹੇ ਗਰੀਬ ਪਰਿਵਾਰਾਂ ਦੀ ਮੱਦਦ ਕਰਨ ਦਾ ਐਲਾਨ ਕੀਤਾ ਸੀ,ਜਿਨਾਂ ਦੇ ਘਰ ਮੀਹ ਜਾਂ ਕਿਸੇ ਹੋਰ ਕਾਰਨ ਕਰਕੇ ਨੁਕਸਾਨੇ ਗਏ ਸਨ।
ਜੱਗੀ ਜੀ ਨੇ ਦੱਸਿਆ ਕਿ ਐਸ ਪੀ ਸਿੰਘ ਉਬਰਾਏ ਜੀ ਵੱਲੋਂ ਰੂਪਨਗਰ ਜ਼ਿਲ੍ਹੇ ਵਿਚ ਅਜਿਹੇ 20 ਮਕਾਨਾਂ ਦੀ ਉਸਾਰੀ ਅਤੇ ਮੁਰੰਮਤ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਸੀ ਜਿਨਾਂ ਚੋਂ ਅੱਠ ਮਕਾਨਾਂ ਦੀ ਉਸਾਰੀ ਪੂਰੀ ਹੋ ਚੁੱਕੀ ਹੈ ਤੇ ਅੱਜ ਹੁਸੈਨਪੁਰ ਪਿੰਡ ਵਿੱਚ ਨੌਂਵੇ ਮਕਾਨ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਸ੍ਰੀ ਜੱਗੀ ਨੇ ਦੱਸਿਆ ਕਿ ਹੁਸੈਨਪੁਰ ਪਿੰਡ ਦੇ ਇਸ ਲੋੜਵੰਦ ਪਰਿਵਾਰ ਨੇ ਸਹਾਇਤਾ ਲਈ ਸਾਡੇ ਨਾਲ ਸੰਪਰਕ ਕੀਤਾ । ਟਰੱਸਟ ਦੀ ਟੀਮ ਵੱਲੋਂ ਪੁਰਾਣੇ ਮਕਾਨ ਦਾ ਮੁਆਇਨਾ ਕੀਤਾ ਗਿਆ ਜਿਸ ਦੀ ਅੱਧੀ ਛੱਤ ਬਿਲਕੁਲ ਹੀ ਡਿੱਗ ਚੁੱਕੀ ਸੀ ਤੇ ਅੱਧੀ ਕਿਸੇ ਵੀ ਸਮੇਂ ਡਿੱਗ ਸਕਦੀ ਸੀ। ਅਜਿਹੇ ਵਿੱਚ ਐਸ ਪੀ ਸਿੰਘ ਉਬਰਾਏ ਜੀ ਨੇ ਇਸ ਲੋੜਵੰਦ ਪਰਿਵਾਰ ਦੀ ਬਾਂਹ ਫੜਦਿਆਂ ਇਸ ਮਕਾਨ ਉਸਾਰੀ ਲਈ ਡੇਢ ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ।
ਜੱਗੀ ਨੇ ਦੱਸਿਆ ਕਿ ਰੋਪੜ ਜ਼ਿਲ੍ਹੇ ਵਿੱਚ ਅਜਿਹੇ ਹੀ ਪਰਿਵਾਰਾਂ ਦੀ ਮਦਦ ਲਈ ਕਈ ਮਕਾਨਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਤੇ ਹੋਰ ਵੀ ਗਰੀਬ ਤੇ ਲੋੜਵੰਦ ਪਰਿਵਾਰ ਮਦਦ ਲਈ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਇਸ ਲੋੜਵੰਦ ਪਰਿਵਾਰ ਨੇ ਡਾ ਓਬਰਾਏ ਸਾਹਿਬ ਤੇ ਜਿਲ੍ਹਾ ਪ੍ਰਧਾਨ ਸ੍ਰੀ ਜੇ. ਕੇ.ਜੱਗੀ ਜੀ ਦਾ ਦਿਲੋਂ ਧੰਨਵਾਦ ਕੀਤਾ ਜਿਨਾਂ ਨੇ ਇਸ ਮੁਸ਼ਕਿਲ ਸਮੇਂ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਹੈ।ਇਸ ਮੌਕੇ ਸ੍ਰੀ ਜੇ. ਕੇ ਜੱਗੀ ਤੋਂ ਇਲਾਵਾ ਅਸ਼ਵਨੀ ਖੰਨਾ, ਸ੍ਰੀ ਮਦਨ ਮੋਹਨ ਗੁਪਤਾ , ਜੀ.ਐੱਸ.ਉਬਰਾਏ , ਸ੍ਰੀ ਸੁਖਦੇਵ ਸ਼ਰਮਾ ਜੀ , ਸ ਜਗਜੀਤ ਸਿੰਘ ਟੀਮ ਮੈਂਬਰ ਤੇ ਮਲਕੀਤ ਸਿੰਘ ਤੋਂ ਇਲਾਵਾ ਕੇਵਲ ਸਿੰਘਫੌਜ਼ੀ ਰਾਮਿੰਦਰ ਸਿੰਘ ਰਿਟਾਇਰਡ ਜੇ ਈ ਹੁਸੈਨਪੁਰ ਪਿੰਡ ਦੇ ਸਾਬਕਾ ਸਰਪੰਚ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।