ਜਦੋਂ ਸਪੀਕਰ ਸੰਧਵਾਂ ਨੇ ਪਿੰਡ ਖਾਰਾ ਦੇ ਬਜ਼ੁਰਗਾਂ ਨਾਲ ਬੈਠ ਕੇ ਲਾਈ ਤਾਸ਼ ਦੀ ਬਾਜ਼ੀ
- ਬਜ਼ੁਰਗਾਂ ਨੇ ਸਪੀਕਰ ਦਾ ਧੰਨਵਾਦ ਕਰਦਿਆਂ ਇਸ ਨੂੰ ਯਾਦਗਾਰੀ ਪਲ ਮੰਨਿਆ
ਦੀਪਕ ਗਰਗ
ਕੋਟਕਪੂਰਾ, 26 ਮਾਰਚ 2024 :- ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦਾ ਕਾਫਲਾ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਗਲੀ-ਮੁਹੱਲਿਆਂ ਵਿੱਚ ਖੁਸ਼ੀ ਗਮੀ ਦੇ ਭੋਗਾਂ, ਧਾਰਮਿਕ ਸਮਾਗਮਾ ਅਤੇ ਬਿਮਾਰ ਵਿਅਕਤੀਆਂ ਦਾ ਹਾਲ ਚਾਲ ਜਾਣਨ ਤੋਂ ਬਾਅਦ ਜਦ ਪਿੰਡ ਖਾਰਾ ਵਿਖੇ ਸੜਕ ਤੋਂ ਲੰਘਣ ਲੱਗਾ ਤਾਂ ਸਪੀਕਰ ਸੰਧਵਾਂ ਦੇ ਬਜ਼ੁਰਗਾਂ ਦੇ ਜਾਣਕਾਰ ਇਕ ਵਿਅਕਤੀ ਨੇ ਉਹਨਾ ਨੂੰ ਤਾਸ਼ ਦੀ ਬਾਜ਼ੀ ਲਾਉਣ ਦੀ ਪੇਸ਼ਕਸ਼ ਕਰ ਦਿੱਤੀ।
ਸਪੀਕਰ ਸੰਧਵਾਂ ਨੇ ਬਜੁਰਗਾਂ ’ਚ ਬੈਠ ਕੇ ਜਿੱਥੇ ਤਾਸ਼ ਦੀ ਬਾਜ਼ੀ ਲਾਈ, ਹਾਸਾ ਠੱਠਾ ਹੋਇਆ, ਰਾਜਨੀਤਿਕ ਅਤੇ ਗੈਰ ਸਿਆਸੀ ਗੱਲਾਂ-ਬਾਤਾਂ ਤੋਂ ਇਲਾਵਾ ਜਦੋਂ ਪਿੰਡ ਖਾਰਾ ਦੇ ਉਕਤ ਵਸਨੀਕਾਂ ਨੇ ਸਪੀਕਰ ਸੰਧਵਾਂ ਤੋਂ ਸਰਕਾਰ ਦੇ ਕਾਰਜਕਾਲ ਬਾਰੇ ਕੁਝ ਪੁੱਛਣ ਦੀ ਉਤਸੁਕਤਾ ਦਿਖਾਈ ਤਾਂ ਸਪੀਕਰ ਸੰਧਵਾਂ ਨੇ ਆਖਿਆ ਕਿ ਅੱਜ ਕੱਲ ਕੰਮ ਦੇ ਨਾਲ-ਨਾਲ ਮਨੌਰੰਜਨ ਵੀ ਜਰੂਰੀ ਹੈ, ਕਿਉਂਕਿ ਮਨੌਰੰਜਨ ਨਾਲ ਜਿੱਥੇ ਸਰੀਰ ਤਰੋਤਾਜਾ ਰਹਿੰਦਾ ਹੈ, ਉੱਥੇ ਪਿੰਡ ਦੇ ਬਜੁਰਗਾਂ ਅਤੇ ਨੌਜਵਾਨਾ ਨੂੰ ਇਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਕਰਨ ਦਾ ਮੌਕਾ ਵੀ ਮਿਲਦਾ ਹੈ।
ਤਾਸ਼ ਖੇਡਣ ਵਿੱਚ ਮਸ਼ਰੂਫ ਅਤੇ ਬਾਜ਼ੀ ਦੇਖਣ ਦਾ ਆਨੰਦ ਮਾਣ ਰਹੇ ਬਜੁਰਗਾਂ ਤੇ ਨੌਜਵਾਨਾ ਨੇ ਮੰਨਿਆ ਕਿ ਇਸ ਤੋਂ ਪਹਿਲਾਂ ਅੱਜ ਤੱਕ ਕਿਸੇ ਵੀ ਪਾਰਟੀ ਦੇ ਚੁਣੇ ਨੁਮਾਇੰਦੇ ਨੇ ਸਾਡੇ ਕੋਲ ਰੁਕ ਕੇ ਗੱਲਬਾਤ ਕਰਨ ਦੀ ਜਰੂਰਤ ਨਹੀਂ ਸਮਝੀ ਪਰ ਸਪੀਕਰ ਸੰਧਵਾਂ ਨਾਲ ਬਿਤਾਏ ਇਹ ਪਲ ਸਾਡੀ ਜਿੰਦਗੀ ਦਾ ਇਕ ਯਾਦਗਾਰੀ ਪਲ ਬਣ ਕੇ ਰਹਿ ਗਏ ਹਨ। ਸਪੀਕਰ ਸੰਧਵਾਂ ਨੇ ਦੱਸਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਲੋਂ ਜਿੱਥੇ ਬੱਚਿਆਂ, ਨੌਜਵਾਨਾ, ਬਜੁਰਗਾਂ, ਦਿਵਿਆਂਗਾਂ, ਖਿਡਾਰੀਆਂ, ਵਿਦਿਆਰਥੀਆਂ, ਵਪਾਰੀਆਂ, ਮੁਲਾਜਮਾ, ਕਿਸਾਨਾ, ਮਜਦੂਰਾਂ ਆਦਿ ਸਮੇਤ ਹਰ ਵਰਗ ਲਈ ਵੱਖ ਵੱਖ ਸਕੀਮਾ ਲਿਆ ਕੇ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ, ਉੱਥੇ ਸਰਕਾਰ ਵਲੋਂ ਸੈਰ ਸਪਾਟਾ ਵਿਭਾਗ ਨੂੰ ਉਤਸ਼ਾਹਿਤ ਕਰਦਿਆਂ ਬਜੁਰਗਾਂ ਲਈ ਮਨੋਰੰਜਨ ਵਾਲੀਆਂ ਸਕੀਮਾ ਅਤੇ ਸਹੂਲਤਾਂ ਲਿਆਉਣ ਦੀ ਵੀ ਵਿਵਸਥਾ ਰੱਖੀ ਗਈ ਹੈ।