ਪਾਰਟੀ ਛੱਡ ਗਏ ਗਦਾਰਾਂ ਲਈ ਕਾਂਗਰਸ ਦੇ ਦਰਵਾਜ਼ੇ ਸਦਾ ਲਈ ਬੰਦ ਹੋਣੇ ਚਾਹੀਦੇ ਹਨ : ਸੁਖਜਿੰਦਰ ਸਿੰਘ ਰੰਧਾਵਾ
ਕ੍ਰਿਸ਼ਨ ਚੰਦਰ
ਪਠਾਨਕੋਟ, 28 ਮਾਰਚ 2024 : ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸ ਪ੍ਰਧਾਨ ਮਲਿਕ ਅਰਜਨ ਖੜਗੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਤੇ ਤੇਜੱਸਵੀ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰ ਅਤੇ ਸਾਬਕਾ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਹੈ ਕਿ ਸੱਤਾ ਦੇ ਲਾਲਚ ਵਿਚ ਜਿਹੜੇ ਲੀਡਰ ਇਸ ਟਾਈਮ ਗਦਾਰੀ ਕਰਕੇ ਕਾਂਗਰਸ ਪਾਰਟੀ ਨੂੰ ਛੱਡ ਕਿ ਦੂਸਰੀਆਂ ਪਾਰਟੀਆਂ ਵਿਚ ਚਲੇ ਗਏ ਹਨ, ਉਹਨਾਂ ਲਈ ਭਵਿੱਖ ਵਿੱਚ ਕਾਂਗਰਸ ਪਾਰਟੀ ਵਿਚ ਵਾਪਸੀ ਦੇ ਦਰਵਾਜ਼ੇ ਸਦਾ ਲਈ ਬੰਦ ਕਰ ਦਿੱਤੇ ਜਾਣੇ ਚਾਹੀਦੇ ਹਨ ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕਾਂਗਰਸ ਦੀ ਪੰਜਾਬ ਵਿਚ 2017 ਤੋਂ 2022 ਤੱਕ ਸਰਕਾਰ ਵਿਚ ਇਹਨਾਂ ਲੀਡਰਾਂ ਨੇ ਪੂਰਾ ਸੱਤਾ ਦਾ ਸੁੱਖ ਭੋਗਿਆ ਹੈ ਪਰ ਇਹਨਾਂ ਲੀਡਰਾਂ ਅਤੇ ਇਹਨਾਂ ਨਾਲ ਤਾਇਨਾਤ ਵੱਡੀ ਪੱਧਰ ਤੇ ਫੌਜ ਨੇ ਪੰਜ ਸਾਲਾਂ ਵਿੱਚ ਕਾਂਗਰਸ ਨੂੰ ਕਮਜ਼ੋਰ ਕਰਨ ਵਿਚ ਕੋਈ ਕਸਰ ਨਹੀਂ ਛੱਡੀ।
ਇਹ ਕਾਂਗਰਸ ਪਾਰਟੀ ਹੀ ਹੈ ਜਿਸਨੇ ਇਹਨਾਂ ਦੇ ਪੁਰਖਿਆਂ ਨੂੰ ਕੇਂਦਰ ਵਿਚ ਖੇਤੀਬਾੜੀ ਮੰਤਰੀ ਬਣਾਇਆ ਤੇ ਫਿਰ ਰਾਜਪਾਲ ਦਾ ਦਰਜਾ ਦਿਤਾ । ਇਹਨਾਂ ਦੇ ਖਾਨਦਾਨਾਂ ਨੂੰ ਮੁੱਖ ਮੰਤਰੀ ਪੰਜਾਬ ਦੀ ਕੁਰਸੀ ਨਾਲ ਨਿਵਾਜਿਆ ਤੇ ਪ੍ਰਦੇਸ਼ ਕਾਂਗਰਸ ਦੀਆਂ ਪ੍ਰਧਾਨਗੀਆਂ ਸੌਂਪੀਆਂ ਇਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਪੰਜਾਬ ਵਿਚ ਕਾਂਗਰਸ ਦੀਆਂ ਸਰਕਾਰਾਂ ਵਿਚ ਕੈਬਨਿਟ ਮੰਤਰੀਆਂ ਦੇ ਅਹੁੱਦਿਆਂ ਨਾਲ ਨਿਵਾਜਿਆ ਪਰ ਇਹਨਾਂ ਲੋਕਾਂ ਨੇ ਕਾਂਗਰਸ ਨਾਲ ਗਦਾਰੀ ਕਰਕੇ ਪੰਜਾਬ ਵਿਰੋਧੀ ਖਾਸ ਕਰਕੇ ਕਿਸਾਨ ਵਿਰੋਧੀ ਪਾਰਟੀਆਂ ਨਾਲ ਹੱਥ ਮਿਲਾ ਲਏ ।
ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਭਵਿੱਖ ਵਿੱਚ ਕਿਸੇ ਵੀ ਕਾਂਗਰਸੀ ਨੂੰ ਪਾਰਟੀ ਜਾਂ ਸਰਕਾਰ ਵਿਚ ਅਹੁੱਦਾ ਦੇਣ ਤੋਂ ਪਹਿਲਾਂ ਉਸ ਦਾ ਡੀ ਐਨ ਏ ਕਰਾਉਣਾਂ ਚਾਹੀਦਾ ਹੈ ਕਿ ਵਾਕਿਆ ਹੀ ਉਸ ਦੇ ਖੂਨ ਵਿੱਚ ਕਾਂਗਰਸ ਮੌਜੂਦ ਹੈ ?