ਬੀਕੇਯੂ ਉਗਰਾਹਾਂ ਵੱਲੋਂ ਥਾਣਾ ਭਵਾਨੀਗੜ੍ਹ ਅੱਗੇ ਅਣਮਿਥੇ ਸਮੇਂ ਦਾ ਧਰਨਾ ਜਾਰੀ
ਦਲਜੀਤ ਕੌਰ
ਭਵਾਨੀਗੜ੍ਹ, 28 ਫਰਵਰੀ, 2024: ਇੱਥੋਂ ਨੇੜਲੇ ਪਿੰਡ ਜੌਲੀਆਂ ਦੇ ਭੂ-ਮਾਫ਼ੀਆ ਤੋਂ ਪੀੜਤ ਕਿਸਾਨ ਅਵਤਾਰ ਸਿੰਘ ਦੀ ਹੋਈ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਥਾਣੇ ਨਾਲ ਸਬੰਧਤ ਮਸਲਿਆਂ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਦੀ ਅਗਵਾਈ ਹੇਠ ਥਾਣਾ ਭਵਾਨੀਗੜ੍ਹ ਅੱਗੇ ਅਣਮਿਥੇ ਸਮੇਂ ਲਈ ਮੋਰਚਾ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਿਹਾ ਹੈ ਜੋ ਅੱਜ ਵੀ ਜਾਰੀ ਰਿਹਾ।
ਇਸ ਮੌਕੇ ਜੱਥੇਬੰਦੀ ਦੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ ਅਤੇ ਜ਼ਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਬਲਾਕ ਸੁਨਾਮ ਦੇ ਪ੍ਰਧਾਨ ਜਸਬੰਤ ਸਿੰਘ ਤੋਲਾਵਾਲ ਨੇ ਮੰਗ ਕਰਦਿਆ ਕਿਹਾ ਕਿ ਜੋ ਪਿੰਡ ਜੌਲੀਆ ਦੇ ਕਿਸਾਨ ਅਵਤਾਰ ਸਿੰਘ ਦੀ ਜ਼ਮੀਨੀ ਮਸਲੇ ਦੌਰਾਨ ਮੌਤ ਹੋਈ ਸੀ, ਉਸ ਦੇ ਦੋਸ਼ੀ ਬਲਜਿੰਦਰ ਸਿੰਘ ਆਲੋਵਾਲ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਜੋ ਜਮੀਨ ਤੇ ਕਬਜ਼ਾ ਕਰਨ ਲਈ ਵਰਤੇ ਗਏ ਟਰੈਕਟਰ ਫੋਰੀ ਬਰਾਮਦ ਕੀਤੇ ਜਾਣ। ਕਿਸਾਨ ਆਗੂਆਂ ਨੇ ਪਿੰਡ ਕਾਲਾਝਾੜ ਦੇ ਧਰਮਿੰਦਰ ਸਿੰਘ ਅਤੇ ਉਸ ਦੀ ਪਤਨੀ ’ਤੇ ਪਾਇਆ ਕਤਲ ਦਾ ਮਾਮਲਾ, ਪਿੰਡ ਆਲੋਅਰਖ ਦੇ ਪ੍ਰਧਾਨ ਗੁਰਦੇਵ ਸਿੰਘ ’ਤੇ ਪਾਇਆ ਪਰਚਾ ਵੀ ਰੱਦ ਕਰਨ ਤੇ ਪਿੰਡ ਬਾਲਦ ਕਲਾਂ ਵਾਸੀ ਬਲਜੀਤ ਕੌਰ ਦਾ ਜ਼ਮੀਨੀ ਮਸਲਾ ਹੱਲ ਕਰਨ ਦੀ ਮੰਗ ਕੀਤੀ। ਬੁਲਾਰਿਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੱਲ ਨੂੰ ਪ੍ਰਸ਼ਾਸਨ ਨਾਲ ਮੀਟਿੰਗ ਵਿੱਚ ਜੇਕਰ ਕੋਈ ਜੌਲੀਆਂ ਵਾਲੇ ਮਸਲਾ ਅਤੇ ਜਹਾਂਗੀਰ ਵਾਲੀ ਮਸਲੇ ਦਾ ਹੱਲ ਨਾ ਨਿਕਲਿਆ ਤਾਂ ਸਰਕਾਰ ਵਿਚਾਰੇ ਕਿ ਜ਼ਿਲਾ ਸੰਗਰੂਰ ਵਿੱਚ ਚੋਣ ਲੜਨੀ ਹੈ ਜਾਂ ਨਹੀਂ।
ਇਸ ਮੌਕੇ ਬਲਾਕ ਆਗੂ ਹਰਜੀਤ ਸਿੰਘ ਮਹਿਲਾਂ ਚੌਂਕ, ਜਸਬੀਰ ਸਿੰਘ ਗੱਗੜਪੁਰ, ਸੰਗਰੂਰ ਬਲਾਕ ਦੇ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ ਅਤੇ ਚਮਕੌਰ ਸਿੰਘ ਲੱਡੀ ਅਮਨਦੀਪ ਸਿੰਘ ਮਹਿਲਾਂ ਚੌਂਕ, ਕਰਮਜੀਤ ਕੌਰ ਭਿੰਡਰਾਂ, ਜਸਵਿੰਦਰ ਕੋਰ ਮਹਿਲਾ ਚੌਂਕ, ਕੁਲਦੀਪ ਕੌਰ ਘਾਬਦਾਂ ਅਤੇ ਸੁਨਾਮ ਬਲਾਕ ਸੁਖਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਤੇ ਔਰਤਾਂ ਹਾਜ਼ਰ ਸਨ।