ਖੂੰਖਾਰ ਗੈਂਗਸਟਰ ਮੁਖਤਿਆਰ ਅੰਸਾਰੀ ਦੀ ਮੁੱਛ ਤੇ ਟਿਕਦੇ ਰਹੇ ਨੇ ਜ਼ੁਰਮ ਅਤੇ ਰਾਜਨੀਤੀ ਦੇ ਨਿੰਬੂ
ਅਸ਼ੋਕ ਵਰਮਾ
ਚੰਡੀਗੜ੍ਹ, 29 ਮਾਰਚ 2024: ਯੂਪੀ ਦਾ ਖਤਰਨਾਕ ਗੈਂਗਸਟਰ ਅਤੇ ਮਾਫੀਆ ਡੌਨ ਮੁਖਤਿਆਰ ਅੰਸਾਰੀ ਬੀਤੀ ਦੇਰ ਸ਼ਾਮ ਇਸ ਦੁਨੀਆਂ ਤੋਂ ਹਮੇਸ਼ ਲਈ ਚਲਾ ਗਿਆ ਹੈ ਪਰ ਉਸ ਵੱਲੋਂ ਕੀਤੇ ਸੰਗੀਨ ਅਪਰਾਧਾਂ ਕਾਰਨ ਉਸ ਦਾ ਨਾਮ ਜ਼ੁਰਮ ਦੀ ਦੁਨੀਆਂ ’ਚ ਹਮੇਸ਼ਾ ਚਰਚਾ ਦਾ ਵਿਸ਼ਾ ਬਣਦਾ ਰਹੇਗਾਾ। ਸਾਲ 2005 ’ਚ ਜੇਲ੍ਹ ਗਿਆ ਅੰਸਾਰੀ ਜਿਉਂਦੇ ਜੀਅ ਬਾਹਰ ਨਹੀਂ ਆ ਸਕਿਆ ਤੇ ਅੰਤ ’ਚ ਲਾਸ਼ ਹੀ ਬਾਹਰ ਆਈ ਹੈ। ਆਖਦੇ ਹਨ ਕਿ ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ ਪਰ ਅੰਸਾਰੀ ਦੇ ਹੱਥਾਂ ਦੀ ਲੰਬਾਈ ਜਿਆਦਾ ਰਹੀ ਹੈ। ਇਸ ਦੀ ਮਿਸਾਲ ਅੰਸਾਰੀ ਦੇ ਪੰਜਾਬ ਦੀ ਰੋਪੜ ਜੇਲ੍ਹ ’ਚ ਬੰਦ ਰਹਿਣ ਤੋਂ ਮਿਲਦੀ ਹੈ ਜਿੱਥੋਂ ਉਸ ਨੂੰ ਵਾਪਿਸ ਲਿਜਾਣ ਲਈ ਯੂਪੀ ਸਰਕਾਰ ਨੂੰ ਸੁਪਰੀਮ ਕੋਰਟ ਤੱਕ ਲੜਾਈ ਲੜਨੀ ਪਈ ਸੀ। ਦਰਅਸਲ ਕਾਫੀ ਸਮਾਂ ਪਹਿਲਾਂ ਵੱਖ ਵੱਖ ਸੰਗੀਨ ਮਾਮਲਿਆਂ ਕਾਰਨ ਗੈਂਗਸਟਰ ਮੁਖ਼ਤਾਰ ਅੰਸਾਰੀ ਉੱਤਰ ਪ੍ਰਦੇਸ਼ ਦੀ ਜੇਲ੍ਹ ’ਚ ਬੰਦ ਸੀ।
ਉਸ ਸਮੇਂ ਪੰਜਾਬ ’ਚ ਕਾਂਗਰਸ ਦੀ ਸਰਕਾਰ ਸੀ ਤਾਂ ਇਸ ਮੌਕੇ ਇੱਕ ਬਿਲਡਰ ਨੇ ਅੰਸਾਰੀ ਖਿਲਾਫ ਫੋਨ ਤੇ ਧਮਕੀ ਦੇਕੇ ਫਿਰੌਤੀ ਮੰਗਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ ਹੈ। ਅੰਸਾਰੀ ’ਤੇ ਮਾਮਲਾ ਦਰਜ ਕਰਕੇ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਯੂ. ਪੀ. ਤੋਂ ਪੰਜਾਬ ਲਿਆਂਦਾ ਜਿੱਥੇ ਅਦਾਲਤ ਨੇ ਉਸ ਨੂੰਂ ਰੋਪੜ ਜੇਲ੍ਹ ਭੇਜ ਦਿੱਤਾ । ਇਸ ਦੌਰਾਨ ਕਾਂਗਰਸ ਸਰਕਾਰ ’ਤੇ ਅੰਸਾਰੀ ਨੂੰ ਜੇਲ੍ਹ ’ਚ ਵੀਆਈਪੀ ਟਰੀਟਮੈਂਟ ਦੇਣ ਦੇ ਦੋਸ਼ ਲੱਗਦੇ ਰਹੇ । ਵਿਵਾਦ ਉਦੋਂ ਵਧਿਆ ਜਦੋਂ ਯੂ ਪੀ ਸਰਕਾਰ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਅੰਸਾਰੀ ਨੂੰ ਪੰਜਾਬ ਤੋਂ ਯੂ. ਪੀ. ਭੇਜਣ ਦੀ ਮੰਗ ਕਰ ਦਿੱਤੀ ਅਤੇ ਕਿਹਾ ਕਿ ਅੰਸਾਰੀ ਨੂੰ ਅਦਾਲਤਾਂ ’ਚ ਪੇਸ਼ ਕਰਨ ਦੇ ਲਈ ਯੂ. ਪੀ. ਪੁਲਸ ਵੱਲੋਂ ਭੇਜੇ ਜਾਣ ਵਾਲੇ ਸੰਮਨਾਂ ਤੇ ਰੋਪੜ ਜੇਲ੍ਹ ਪ੍ਰਸ਼ਾਸ਼ਨ ਕਾਰਵਾਈ ਨਹੀਂ ਕਰ ਰਿਹਾ ਹੈ।
ਇਸ ਕਾਰਨ ਮੁਲਜ਼ਮ ’ਤੇ ਦਰਜ ਮਾਮਲਿਆਂ ਦੀ ਸੁਣਵਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਇਸ ਲਈ ਅੰਸਾਰੀ ਨੂੰ ਯੂ. ਪੀ. ਲਿਆਉਣਾ ਬੇਹੱਦ ਜ਼ਰੂਰੀ ਹੈ। ਸੁਪਰੀਮ ਕੋਰਟ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਅਤੇ ਜੇਲ੍ਹ ਪ੍ਰਸ਼ਾਸ਼ਨ ਅੰਸਾਰੀ ਨੂੰ ਆਸਾਨੀ ਨਾਲ ਸ਼ਿਫਟ ਕਰਨ ਨੂੰ ਤਿਆਰ ਨਹੀਂ ਹੋਇਆ। ਇੱਥੋਂ ਤੱਕ ਕਿ ਸਰਕਾਰ ਵੱਲੋਂ ਪੇਸ਼ ਹੋਏ ਵਕੀਲਾਂ ਨੇ ਇਸ ਦਾ ਜੰਮ ਦੇ ਵਿਰੋਧ ਕੀਤਾ। ਆਖ਼ਰਕਾਰ ਅਦਾਲਤ ਨੇ ਅੰਸਾਰੀ ਨੂੰ ਤੁਰੰਤ ਯੂ. ਪੀ. ਸ਼ਿਫਟ ਕਰਨ ਦੇ ਹੁਕਮ ਦੇ ਦਿੱਤੇ। ਸਾਲ 2022 ’ਚ ਬਣੀ ਭਗਵੰਤ ਮਾਨ ਸਰਕਾਰ ਵੇਲੇ ਅੰਸਾਰੀ ਮਾਮਲੇ ’ਚ ਵਕੀਲਾਂ ਨੂੰ ਦਿੱਤੀ ਲੱਖਾਂ ਦੀ ਫੀਸ ਦਾ ਕਾਫੀ ਰੌਲਾ ਰੱਪਾ ਪੈਂਦਾ ਰਿਹਾ ਜਿਸ ਦਾ ਅੱਗੇ ਕੀ ਬਣਿਆ ਕੋਈ ਪਤਾ ਨਹੀਂ ਲੱਗ ਸਕਿਆ ਹੈ। ਮੁਖਤਿਆਰ ਅੰਸਾਰੀ ਦੇ ਗੈਂਗਸਟਰ ਡਿੰਪੀ ਚੰਦ ਭਾਨ ਅਤੇ ਰੌਕੀ ਫਾਜਿਲਕਾ ਨਾਲ ਨੇੜਲੇ ਸਬੰਧ ਹੋਣ ਦੀ ਚਰਚਾ ਵੀ ਹੁੰਦੀ ਰਹੀ ਹੈ।
ਅੰਸਾਰੀ ਦੀ ਅਪਰਾਧਿਕ ਕੁੰਡਲੀ
ਪਿਛਲੇ 18 ਸਾਲਾਂ ਤੋਂ ਜੇਲ੍ਹ ’ਚ ਬੰਦ ਮੁਖਤਿਆਰ ਅੰਸਾਰੀ ਦੇ ਗੈਂਗ ਨਾਲ ਸਬੰਧਤ 297 ਬਦਮਾਸ਼ਾਂ ਵਿਰੁੱਧ ਹੁਣ ਤੱਕ 161 ਮੁਕੱਦਮੇ ਦਰਜ ਹੋਏ ਹਨ। ਇਕੱਲੇ ਅੰਸਾਰੀ ਖਿਲਾਫ ਯੂਪੀ ,ਦਿੱਲੀ ਅਤੇ ਪੰਜਾਬ ਸਮੇਤ 65 ਮੁਕੱਦਮੇ ਦਰਜ ਸਨ ਜਦੋਂਕਿ 8 ਮਾਮਲਿਆਂ ’ਚ ਉਸ ਨੂੰ ਸਜ਼ਾ ਸੁਣਾਈ ਗਈ ਸੀ। ਇਸ ਤੋਂ ਇਲਾਵਾ 175 ਖਿਲਾਫ ਅਸਲਾ ਐਕਟ ਮਾਮਲੇ ’ਚ ਕਾਰਵਾਈ ਕੀਤੀ ਗਈ ਹੈ। ਅੰਸਾਰੀ ਗੈਂਗ ਦੇ 164 ਬਦਮਾਸ਼ਾਂ ਖਿਲਾਫ ਗੈਂਗਸਟਰ ਐਕਟ ਅਤੇ 6 ਖਿਲਾਫ ਨੈਸ਼ਨਲ ਸਕਿਉਰਟੀ ਐਕਟ (ਐਨ ਐਸ ਏ) ਤਹਿਤ ਕਾਰਵਾਈ ਕੀਤੀ ਗਈ ਹੈ। ਅੰਸਾਰੀ ਗੈਂਗ ਦੇ 5 ਬਦਮਾਸ਼ ਪੁਲਿਸ ਮੁਕਾਬਲਿਆਂ ਦੌਰਾਨ ਮਾਰੇ ਜਾ ਚੁੱਕੇ ਹਨ। ਅੰਸਾਰੀ ਦੀ 608 ਕਰੋੜ ਰੁਪਏ ਦੀ ਜਾਇਦਾਦ ਢਹਿ ਢੇਰੀ ਜਾਂ ਫਿਰ ਜਬਤ ਕੀਤੀ ਜਾ ਚੁੱਕੀ ਹੈ ਅਤੇ ਪੁਲਿਸ 215 ਕਰੋੜ ਰਪਏ ਦੇ ਨਜਾਇਜ ਕਾਰੋਬਾਰ ਨੂੰ ਲਗਾਮ ਲਾਉਣ ’ਚ ਸਫਲ ਰਹੀ ਹੈ।
ਮੁੱਛ ਫੁੱਟ ਉਮਰ ’ਚ ਪਹਿਲਾ ਮੁਕੱਦਮਾ
ਮੁਖਤਿਆਰ ਅੰਸਾਰੀ ਦਾ ਜਨਮ ਇੱਕ ਧਨਾਢ ਪਰਿਵਾਰ ਵਿੱਚ ਹੋਣ ਦੇ ਬਾਵਜੂਦ ਉਹ ਸਿਰਫ 15 ਸਾਲ ਦੀ ਉਮਰ ’ਚ ਅਪਰਾਧ ਦੀ ਦੁਨੀਆਂ ’ਚ ਸ਼ਾਮਲ ਹੋ ਗਿਆ । ਅੰਸਾਰੀ ਤੇ ਪੁਲਿਸ ਨੇ ਸਭ ਤੋਂ ਪਹਿਲਾ ਮੁਕੱਦਮਾ ਗਾਜ਼ੀਪੁਰ ਦੇ ਸੈਦਪੁਰ ਥਾਣੇ ਵਿਚ ਧਮਕੀ ਦੇਣ ਦਾ ਦਰਜ ਕੀਤਾ ਸੀ। ਇਸ ਤੋਂ ਬਾਅਦ 25 ਸਾਲ ਦੀ ਉਮਰ ਤੱਕ ਅੰਸਾਰੀ ਨੇ ਪੂਰੇ ਪੂਰਬੀ ਉੱਤਰ ਪ੍ਰਦੇਸ਼ ਨੂੰ ਆਪਣੇ ਅਪਰਾਧਿਕ ਦਬਦਬੇ ਹੇਠ ਲੈ ਲਿਆ ਜਿਸ ਦੇ ਅਧਾਰ ਤੇ ਉਸ ਨੇ ਸਰਕਾਰੀ ਠੇਕੇ ਲੈਣੇ ਸ਼ੁਰੂ ਕਰ ਦਿੱਤੇ ਅਤੇ ਮਾਫੀਆ ਸਰਕਲ ਦਾ ਬੇਤਾਜ ਬਾਦਸ਼ਾਹ ਬਣ ਗਿਆ। ਸਾਲ 1986 ਵਿੱਚ 25 ਸਾਲ ਦੀ ਉਮਰ ’ਚ ਅੰਸਾਰੀ ਵਿਰੁੱਧ ਕਤਲ ਕੇਸ ਦਰਜ ਹੋਇਆ ਸੀ। ਇਸ ਤੋਂ ਬਾਅਦ ਅੰਸਾਰੀ ਨੇ ਅਪਰਾਧਾਂ ਦੀ ਹਨੇਰੀ ਲਿਆ ਦਿੱਤੀ ਜਿੰਨ੍ਹਾਂ ਨੂੰ ਗਿਣਨਾ ਵੀ ਮੁਸ਼ਕਲ ਹੈ। ਸਾਲ 1996 ਤੱਕ ਉਸ ਖਿਲਾਫ ਕਤਲ ਅਤੇ ਅਗਵਾ ਸਮੇਤ ਗੰਭੀਰ ਦੋਸ਼ਾਂ ਤਹਿਤ 14 ਹੋਰ ਮੁਕੱਦਮੇ ਦਰਜ ਹੋ ਗਏ ਸਨ।
33 ਸਾਲ ਦੀ ਉਮਰ ਵਿੱਚ ਵਿਧਾਇਕ
ਦਿਲਚਸਪ ਗੱਲ ਇਹ ਹੈ ਕਿ ਐਨਾ ਵੱਡਾ ਅਪਰਾਧੀ ਹੋਣ ਦੇ ਬਾਵਜੂਦ ਮੁਖਤਿਆਰ ਅੰਸਾਰੀ ਸਾਲ 1996 ’ਚ 33 ਸਾਲ ਦੀ ਉਮਰ ’ਚ ਪਹਿਲੀ ਵਾਰ ਵਿਧਾਇਕ ਬਣਿਆ ਅਤੇ 2022 ਤੱਕ ਲਗਾਤਾਰ ਪੰਜ ਵਾਰ ਇਸੇ ਅਹੁਦੇ ਤੇ ਰਿਹਾ । ਉਸ ਦੇ ਦਬਦਬੇ ਦਾ ਇੱਥੋਂ ਪਤਾ ਲੱਗਦਾ ਹੈ ਕਿ ਜਦੋਂ ਅੰਸਾਰੀ ਦਾ ਨਾਮ ਆ ਜਾਂਦਾ ਸੀ ਤਾਂ ਵਿਰੋਧੀਆਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਸਨ ਵਿਰੋਧ ਕਰਨਾ ਤਾਂ ਦੂਰ ਦੀ ਗੱਲ । ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਖਤਾਰ ਅੰਸਾਰੀ ਨੇ ਇਹ ਸੀਟ ਆਪਣੇ ਬੇਟੇ ਅੱਬਾਸ ਅੰਸਾਰੀ ਲਈ ਛੱਡ ਦਿੱਤੀ ਜੋ ਜਿੱਤਕੇ ਵਿਧਾਇਕ ਬਣਿਆ ਅਤੇ ਇਸ ਵੇਲੇ ਜੇਲ੍ਹ ਵਿੱਚ ਹੈ।
ਸਿਆਸੀ ਕਤਲ ਲਈ 500 ਫਾਇਰ
ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੁਖਤਿਆਰ ਅੰਸਾਰੀ ਨੇ ਭਰਾ ਅਫਜ਼ਲ ਅੰਸਾਰੀ ਨੂੰ ਆਪਣੇ ਦੇ ਪ੍ਰਭਾਵ ਵਾਲੀ ਮੁਹੰਮਦਾਬਾਦ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ । ਪਹਿਲੀ ਵਾਰ ਹੋਇਆ ਕਿ ਇਸ ਸੀਟ ਤੇ ਭਾਜਪਾ ਦੇ ਕ੍ਰਿਸ਼ਨਾਨੰਦ ਰਾਏ ਨੇ ਅੰਸਾਰੀ ਭਰਾਵਾਂ ਨੂੰ ਚੁਣੌਤੀ ਦੇ ਦਿੱਤੀ ਅਤੇ ਜਿੱਤ ਹਾਸਲ ਕਰ ਲਈ। ਅੰਸਾਰੀ ਭਰਾਵਾਂ ਨੇ ਸਿਆਸੀ ਪ੍ਰਭਾਵ ਵਾਲੀ ਹਾਰ ਨੂੰ ਬਰਦਾਸ਼ਤ ਨਾਂ ਕੀਤਾ ਅਤੇ 29 ਨਵੰਬਰ 2005 ਨੂੰ ਇੱਕ ਪ੍ਰੋਗਰਾਮ ਤੋਂ ਵਾਪਸ ਆ ਰਹੇ ਕ੍ਰਿਸ਼ਨਾ ਨੰਦ ਰਾਏ ਦੇ ਕਾਫਲੇ ’ਤੇ ਏਕੇ47 ਨਾਲ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ । ਇਸ ਮੌਕੇ ਕਰੀਬ 500 ਗੋਲੀਆਂ ਚਲਾਉਣ ਦੀ ਗੱਲ ਸਾਹਮਣੇ ਆਈ ਜਿੰਨ੍ਹਾਂ ਕਾਰਨ ਕ੍ਰਿਸ਼ਨਾਨੰਦ ਰਾਏ ਅਤੇ 7 ਹੋਰਨਾਂ ਦੀ ਮੌਕੇ ’ਤੇ ਹੀ ਮਾਰੇ ਗਏ ਸਨ।
ਪ੍ਰਧਾਨ ਦੇ ਭਰਾ ਦੇ ਕਤਲ ’ਚ ਉਮਰਕੈਦ
ਦੱਸਦੇ ਹਨ ਕਿ ਮੁਖਤਿਆਰ ਅੰਸਾਰੀ ਆਪਣੇ ਵਿਰੋਧੀ ਨੂੰ ਬਖਸ਼ਦਾ ਨਹੀਂ ਸੀ ਜਿਸ ਦੀ ਮਿਸਾਲ 3 ਅਗਸਤ 1991 ਨੂੰ ਅਵਧੇਸ਼ ਰਾਏ ਦੇ ਕਤਲ ਤੋਂ ਮਿਲਦੀ ਹੈ ਜਦੋਂ ਉਹ ਤੇ ਉਸ ਦਾ ਭਰਾ ਆਪਣੇ ਘਰ ਦੇ ਬਾਹਰ ਖੜ੍ਹੇ ਸਨ। ਇਸ ਮੌਕੇ ਅਵਧੇਸ਼ ਰਾਏ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ। ਇਸ ਕਤਲ ਮਾਮਲੇ ’ਚ ਵਾਰਾਣਸੀ ਦੀ ਅਦਾਲਤ ਨੇ ਅੰਸਾਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਅਜੈ ਰਾਏ ਅੱਜ ਕੱਲ੍ਹ ਯੂਪੀ ਕਾਂਗਰਸ ਦੇ ਪ੍ਰਧਾਨ ਹਨ।