ਬੀਕੇਯੂ ਉਗਰਾਹਾਂ ਦੇ ਵਫਦ ਵੱਲੋਂ ਮੰਗਾਂ ਸਬੰਧੀ ਮੰਤਰੀ ਤੇ MLA ਨਾਲ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ,29 ਮਾਰਚ2024: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਵੱਲੋਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਵਫਦ ਨੇ ਖੇਤੀਬਾੜੀ ਮੰਤਰੀ ਪੰਜਾਬ ਸਰਕਾਰ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨਾਲ ਮੀਟਿੰਗ ਕੀਤੀ ਅਤੇ ਕਿਸਾਨੀ ਮੰਗਾਂ ਪ੍ਰਵਾਨ ਕਰਨ ਲਈ ਜੋਰ ਪਾਇਆ। ਕਿਸਾਨ ਆਗੂਆਂ ਵੱਲੋਂ ਇਸ ਮੌਕੇ ਗੈਸ ਪਾਈਪ ਲਾਈਨ ਕੰਪਨੀ ਨਾਲ ਹੋਏ ਸਮਝੌਤੇ ਮੁਤਾਬਕ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ, ਪਿਛਲੇ ਦਿਨੀ ਆਏ ਤੁਫਾਨ ਕਾਰਨ ਹੋਏ ਫਸਲਾਂ ਅਤੇ ਹੋਰ ਨੁਕਸਾਨ ਦਾ ਮੁਆਵਜਾ ਦੇਣ, ਟੇਲਾਂ ਤੇ ਪੈਂਦੇ ਪਿੰਡਾਂ ਰਾਮਗੜ੍ਹ ਭੂਦੜ, ਕੋਟਭਾਰਾ ਅਤੇ ਕੋਟ ਫੱਤਾ ਨੂੰ ਪਾਣੀ ਮੁਹੱਈਆ ਕਰਵਾਉਣ, ਭਾਰਤਾ ਮਾਲਾ ਪ੍ਰਜੈਕਟ ਤਹਿਤ ਅਕਵਾਇਰ ਜਮੀਨ ਦੀ ਕੀਮਤ ਮਸਲੇ ਨਿਬੇੜ ਕੇ ਦਿਵਾਉਣ,
ਪਿੰਡ ਰਾਏਕੇ ਕਲਾਂ ’ਚ ਮਰੇ ਪਸ਼ੂਆਂ ਦਾ ਯੋਗ ਮੁਆਵਜਾ ਦੇਣ ਅਤੇ ਪਾਣੀ ਦਾ ਪੱਧਰ ਠੀਕ ਰੱਖਣ ਲਈ ਝੋਨੇ ਦੀ ਥਾਂ ਨਰਮੇ ਦੀ ਫਸਲ ਨੂੰ ਉਤਸ਼ਾਹਿਤ ਕਰਨ ਲਈ ਰੋਗ ਰਹਿਤ ਵਧੀਆ ਬੀਜ ਮੁਹੱਈਆ ਕਰਵਾਉਣ ਦੀ ਮੰਗ ਰੱਖੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਮੰਤਰੀ ਅਤੇ ਵਿਧਾਇਕ ਨੇ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਨਾਲ 4 ਅਪਰੈਲ ਨੂੰ ਮੀਟਿੰਗ ਤੈਅ ਕਰਵਾਈ ਹੈ। ਜਿਲ੍ਹਾ ਆਗੂਆਂ ਨੇ ਕਿਹਾ ਕਿ ਜੇ ਫਿਰ ਵੀ ਮਸਲਾ ਹੱਲ ਨਾ ਕੀਤਾ ਤਾਂ ਆਉਂਦੇ ਦਿਨਾਂ ਵਿੱਚ ਪੰਜਾਬ ਸਰਕਾਰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਅੱਜ ਦੀ ਮੀਟਿੰਗ ਵਿੱਚ ਹਰਜਿੰਦਰ ਸਿੰਘ ਬੱਗੀ, ਜਗਦੇਵ ਸਿੰਘ ਜੋਗੇਵਾਲਾ, ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ ,ਜਗਸੀਰ ਸਿੰਘ ਝੁੰਬਾ ,ਦਰਸ਼ਨ ਸਿੰਘ ਮਾਈਸਰਖਾਨਾ ਅਤੇ ਬਲਾਕਾਂ ਦੇ ਆਗੂ ਹਾਜ਼ਰ ਸਨ।