ਚੰਡੀਗੜ੍ਹ ’ਚ ਪਾਣੀ ਦੀਆਂ ਦਰਾਂ ’ਚ 5 ਫੀਸਦੀ ਵਾਧਾ, ਸੰਪਰਕ ਕੇਂਦਰ ਸੇਵਾਵਾਂ ਵੀ ਹੋਈਆਂ ਮਹਿੰਗੀਆਂ, ਪੜ੍ਹੋ ਵੇਰਵਾ
ਚੰਡੀਗੜ੍ਹ, 1 ਅਪ੍ਰੈਲ, 2024: ਚੰਡੀਗੜ੍ਹ ਪ੍ਰਸ਼ਾਸਨ ਨੇ ਪਾਣੀ ਦੀਆਂ ਦਰਾਂ ਵਿਚ 5 ਫੀਸਦੀ ਵਾਧਾ ਕਰ ਦਿੱਤਾ ਤੇ ਸੰਪਰਕ ਕੇਂਦਰਾਂ ਤੋਂ ਮਿਲਦੀਆਂ ਸੇਵਾਵਾਂ ਦੀ ਫੀਸ ਵਿਚ ਵੀ 10 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਵਿੱਤੀ ਸਾਲ 2024-25 ਲਈ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵੀ 8 ਫੀਸਦੀ ਦਾ ਵਾਧਾ ਕਰ ਦਿੱਤਾ ਹੈ।
ਹੁਣ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਲੈਣ ਵਾਸਤੇ ਵੱਧ ਪੈਸੇ ਦੇਣੇ ਪੈਣਗੇ।ਪਾਣੀ ਦੀਆਂ ਦਰਾਂ ਵਿਚ 5 ਫੀਸਦੀ ਦਾ ਵਾਧਾ ਪ੍ਰਸ਼ਾਸਨ ਦੀ 2022 ਦੀ ਨੀਤੀ ਅਨੁਸਾਰ ਕੀਤਾ ਗਿਆ ਹੈ ਜਿਸ ਮੁਤਾਬਕ ਇਹ ਤੈਅ ਹੋਇਆ ਸੀ ਕਿ 1 ਅਪ੍ਰੈਲ 2023 ਤੋਂ ਹਰ ਸਾਲ ਦਰਾਂ ਵਿਚ 5 ਫੀਸਦੀ ਵਾਧਾ ਕੀਤਾ ਜਾਵੇਗਾ। ਸਾਰੇ ਤਰ੍ਹਾਂ ਦੇ ਖਪਤਕਾਰਾਂ ਜਿਹਨਾਂ ਵਿਚ ਘਰੇਲੂ, ਵਪਾਰਕ ਸੰਸਥਾਵਾਂ, ਸਰਕਾਰੀ ਤੇ ਅਰਧ ਸਰਕਾਰੀ ਦਫਤਰਾਂ, ਹੋਟਲਾਂ, ਸਿਨੇਮਾ ਘਰਾਂ, ਟੈਕਸ ਸਟੈਂਡ ਤੇ ਇੰਡਸਟਰੀਅਲ ਖੇਤਰ ਵਿਚ ਇਹ ਵਾਧਾ ਲਾਗੂ ਕੀਤਾ ਗਿਆ ਹੈ।
ਸੰਪਰਕ ਕੇਂਦਰ ਜੋ ਜਨਮ ਅਤੇ ਮੌਤ ਦੇ ਸਰਟੀਫਿਕੇਟ ਸਮੇਤ ਵੱਖ-ਵੱਖ ਸਰਟੀਫਿਕੇਟ, ਬਿਜਲੀ ਪਾਣੀ ਦੇ ਬਿੱਲ ਭਰਨ ਦੀ ਸਹੂਲਤ ਆਦਿ ਸੇਵਾਵਾਂ ਦਿੰਦੇ ਹਨ, ਦੀਆਂ ਦਰਾਂ ਵਿਚ ਵੀ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਸ਼ਹਿਰ ਵਿਚ ਇਸ ਵੇਲੇ 45 ਸੰਪਰਕ ਕੇਂਦਰ ਹਨ ਜਿਹਨਾਂ ਵਿਚ ਵੱਖ-ਵੱਖ ਕੰਮਾਂ ਦੀ ਫੀਸ 20 ਤੋਂ 25 ਰੁਪਏ ਜਿਸ ਵਿਚ ਹੁਣ 10 ਫੀਸਦੀ ਦਾ ਵਾਧਾ ਕੀਤਾ ਗਿਆ ਹੈ।
ਚੰਡੀਗੜ੍ਹ ਵਿਚ ਆਊਟਸੋਰਸ ’ਤੇ ਕੰਮ ਕਰਦੇ 15 ਹਜ਼ਾਰ ਮੁਲਾਜ਼ਮਾਂ ਦੀ ਤਲਖਾਹ ਵਿਚ 8 ਫੀਸਦੀ ਵਾਧਾ ਕੀਤਾ ਗਿਆ ਹੈ।