ਬਠਿੰਡਾ ਹਲਕੇ ’ਚ ਸਿਆਸੀ ਧੂੰਆਂ ਕੱਢ ਸਕਦਾ ਗੈਸ ਪਾਈਪ ਲਾਈਨ ਦਾ ਮਾਮਲਾ
ਅਸ਼ੋਕ ਵਰਮਾ
ਬਠਿੰਡਾ,1 ਅਪਰੈਲ 2024: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੀ ਅਗਵਾਈ ਹੇਠ ਇੱਕ ਜੁਲਾਈ 2023 ਤੋਂ ਲੇਲੇਵਾਲਾ ਵਿਖੇ ਗੈਸ ਪਾਈਪ ਲਾਈਨ ਦੇ ਮੁਆਵਜੇ ਸਬੰਧੀ ਹੋਏ ਸਮਝੌਤੇ ਨੂੰ ਲਾਗੂ ਕਰਾਉਣ ਲਈ ਚੱਲ ਰਿਹਾ ਮੋਰਚਾ ਸੰਸਦੀ ਹਲਕਾ ਬਠਿੰਡਾ ’ਚ ਹਾਕਮ ਧਿਰ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਲਈ ਸਿਆਸੀ ਮੁਸੀਬਤ ਖੜ੍ਹੀ ਕਰ ਸਕਦਾ ਹੈ ਜੋ ਪਹਿਲਾਂ ਹੀ ਪ੍ਰਾਈਵੇਟ ਧਨਾਢ ਘਰਾਣਿਆਂ ਨੂੰ ਕਣਕ ਭੰਡਾਰਨ ਦੀ ਇਜ਼ਾਜ਼ਤ ਦੇਕੇ ਕਿਸਾਨ ਧਿਰਾਂ ਦੇ ਨਿਸ਼ਾਨੇ ਤੇ ਚੱਲ ਰਹੀ ਹੈ। ਚਾਰ ਦਿਨ ਪਹਿਲਾਂ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਵਫਦ ਨੇ ਖੇਤੀਬਾੜੀ ਮੰਤਰੀ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨਾਲ ਮੀਟਿੰਗ ਕਰਕੇ ਸ਼ੀਸ਼ਾ ਦਿਖਾਇਆ ਸੀ।
ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜੇਕਰ ਮਸਲਾ ਹੱਲ ਨਾਂ ਹੋਇਆ ਤਾਂ ਉਹ ਪੰਜਾਬ ਸਰਕਾਰ ਨੂੰ ਕਿਸਾਨੀ ਰੋਹ ਦਾ ਨਮੂਨਾ ਦਿਖਾਉਣਗੇ। ਕਿਸਾਨ ਯੂਨੀਅਨ ਨੇ ਐਤਵਾਰ ਨੂੰ ਮੋਰਚੇ ਵਾਲੀ ਥਾਂ ਤੇ ਔਰਤਾਂ ਦਾ ਵੱਡਾ ਇਕੱਠ ਕਰਕੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਯੂਨੀਅਨ ਨਾਲ ਜੁੜੀਆਂ ਕਿਸਾਨ ਔਰਤਾਂ ਦਾ ਹਰ ਜਿਲ੍ਹੇ ’ਚ ਵੱਡਾ ਕਾਫਲਾ ਹੈ ਜੋ ਲੋੜ ਪੈਣ ਤੇ ਅੰਦੋਲਨ ਦੀ ਕਮਾਂਡ ਸੰਭਾਲਦੀਆਂ ਹਨ। ਹੁਣ ਜਦੋਂ ਕਣਕ ਦਾ ਸੀਜ਼ਨ ਸਿਰ ਤੇ ਹੈ ਤਾਂ ਔਰਤ ਆਗੂਆਂ ਨੇ ਦਰਸਾ ਦਿੱਤਾ ਹੈ ਕਿ ਜਦੋਂ ਕਿਸਾਨ ਫਸਲ ਦੀ ਸਾਂਭ ਸੰਭਾਲ ’ਚ ਰੁੱਝੇ ਹੋਣਗੇ ਤਾਂ ਉਨ੍ਹਾਂ ਵੱਲੋਂ ਗੈਸ ਪਾਈਪ ਲਾਈਨ ਕੰਪਨੀ ,ਬਠਿੰਡਾ ਪ੍ਰਸ਼ਾਸ਼ਨ ਅਤੇ ਖਾਸ ਤੌਰ ਤੇ ਪੰਜਾਬ ਸਰਕਾਰ ਖਿਲਾਫ ਰੋਸ ਦੇ ਵੱਜ ਰਹੇ ਬਿਗੁਲ ਦੀ ਅਵਾਜ਼ ਹੋਰ ਵੀ ਉੱਚੀ ਕੀਤੀ ਜਾਏਗੀ।
ਔਰਤ ਜਥੇਬੰਦੀ ਦੇ ਜ਼ਿਲ੍ਹਾ ਬਠਿੰਡਾ ਦੀ ਜਰਨਲ ਸਕੱਤਰ ਕਰਮਜੀਤ ਕੌਰ ਲਹਿਰਾਖਾਨਾ ਨੇ ਕਿਹਾ ਕਿ ਗੈਸ ਪਾਈਪ ਲਾਈਨ ਸਬੰਧੀ ਹੋਏ ਲਿਖਤੀ ਸਮਝੌਤੇ ਨੂੰ 10 ਮਹੀਨੇ ਤੋਂ ਵੱਧ ਦਸ ਸਮਾਂ ਲੰਘ ਗਿਆ ਹੈ ਪਰ ਕੰਪਨੀ ਅਤੇ ਜਿਲ੍ਹਾ ਪ੍ਰਸ਼ਾਸ਼ਨ ਇਹ ਸਮਝੌਤਾ ਲਾਗੂ ਕਰਨ ਦੇ ਮਾਮਲੇ ’ਚ ਲਗਾਤਾਰ ਟਾਲਮਟੋਲ ਕਰਦੇ ਆ ਰਹੇ ਹਨ। ਉਹਨਾਂ ਦੋਸ਼ ਲਾਇਆ ਕਿ ਆਮ ਲੋਕਾਂ ਦੀ ਪਾਰਟੀ ਵਜੋਂ ਉਭਰ ਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਕਿਸਾਨਾਂ ਦੀ ਅਣਸੁਣੀ ਕੀਤੀ ਜਾ ਰਹੀ ਹੈ। ਖੇਤੀ ਮੰਤਰੀ ਅਤੇ ਵਿਧਾਇਕਾ ਨਾਲ ਹੋਈ ਕਿਸਾਨ ਵਫਦ ਦੀ ਮੀਟਿੰਗ ਦੇ ਹਵਾਲੇ ਨਾਲ ਕਿਸਾਨ ਆਗੂ ਨੇ ਕਿਹਾ ਕਿ ਦੋਵਾਂ ਨੇਤਾਵਾਂ ਨੇ 4 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਬਠਿੰਡਾ ਨਾਲ ਮੀਟਿੰਗ ਤਹਿ ਕਰ ਕੇ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਜਿਸ ਦੀ ਹੁਣ ਉਹ ਰਾਹ ਤੱਕ ਰਹੇ ਹਨ।
ਔਰਤ ਆਗੂ ਨੇ ਕਿਹਾ ਕਿ ਜੇਕਰ ਚਾਰ ਅਪ੍ਰੈਲ ਨੂੰ ਮੀਟਿੰਗ ਦੌਰਾਨ ਕਿਸਾਨਾਂ ਦੇ ਮਸਲੇ ਹੱਲ ਨਾ ਕੀਤੇ ਤਾਂ ਜਥੇਬੰਦੀ ਵੱਲੋਂ ਕੀਤੇ ਫੈਸਲੇ ਮੁਤਾਬਕ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਪਿੰਡਾਂ ਵਿੱਚ ਆਉਣ ਤੇ ਜਬਰਦਸਤ ਵਿਰੋਧ ਕੀਤਾ ਜਾਵੇਗਾ ਜਿਸ ਵਿੱਚ ਔਰਤਾਂ ਵੀ ਸ਼ਾਮਲ ਹੋਣਗੀਆਂ। ਉਹਨਾਂ ਜਿੰਨ੍ਹਾਂ ਕਿਸਾਨਾਂ ਦੇ ਖੇਤਾਂ ਵਿੱਚ ਦੀ ਪਾਈਪਲਾਈਨ ਪਾਈ ਜਾ ਚੁੱਕੀ ਹੈ ਨੂੰ ਵੀ ਸਮਝੌਤੇ ਮੁਤਾਬਕ 24 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਅਦਾਇਗੀ ਕਰਨ, ਮੀਂਹ ,ਗੜੇ ਮਾਰੀ ਤੇ ਤੂਫਾਨ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ, ਨਰਮੇ ਦੀ ਫਸਲ ਨੂੰ ਕਾਮਯਾਬ ਕਰਨ ਲਈ ਰੋਗ ਰਹਿਤ ਬੀਜ ਦੇਣ ਆਦਿ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ। ਕਿਸਾਨ ਆਗੂ ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ ਨੇ ਸਮਝੌਤਾ ਲਾਗੂ ਕਰਵਾਉਣ ਲਈ ਦਬਾਅ ਪਾਉਣ ਵਾਸਤੇ ਕਿਸਾਨਾਂ ਅਤੇ ਔਰਤਾਂ 4 ਅਪਰੈਲ ਨੂੰ ਬਠਿੰਡਾ ਪੁੱਜਣ ਨੂੰ ਸੱਦਾ ਦਿੱਤਾ ।
ਸਾਈਲੋ ਖਿਲਾਫ ਚੰਡੀਗੜ੍ਹ ਪੁੱਜਣ ਦੀ ਅਪੀਲ
ਕਿਸਾਨ ਆਗੂ ਗੁਰਜੀਤ ਸਿੰਘ ਬੰਗੇਹਰ ਚੜ੍ਹਤ ਸਿੰਘ ਅਤੇ ਹਰਪ੍ਰੀਤ ਸਿੰਘ ਕਾਲਾ ਚੱਠੇ ਵਾਲਾ ਨੇ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਆਪਣੇ ਸਾਇਲੋ ਗੋਦਾਮਾਂ ਵਿੱਚ ਕਣਕ ਭੰਡਾਰ ਕਰਨ ਅਤੇ ਖਰੀਦ ਦੀ ਖੁੱਲ੍ਹ ਦੇਣ ਖਿਲਾਫ ਸੰਯੁਕਤ ਕਿਸਾਨ ਮੋਰਚਾ ਦੀ 8 ਅਪਰੈਲ ਨੂੰ ਚੰਡੀਗੜ੍ਹ ਰੋਸ ਰੈਲੀ ’ਚ ਕਾਫਲੇ ਬੰਨ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ੳ ਉਹਨਾਂ ਕਿ ਇਹ ਫੈਸਲਾ ਖੇਤੀ ਮੰਡੀਆਂ ’ਤੇ ਸਾਮਰਾਜੀ ਕਾਰਪੋਰੇਟਾਂ ਦਾ ਕਬਜ਼ਾ ਕਰਾਉਣ ਦੀ ਸ਼ੁਰੂਆਤ ਹੈ ਜਿਸ ਨਾਲ ਪੰਜਾਬ ਦੀ ਆਪ ਸਰਕਾਰ ਮੋਦੀ ਹਕੂਮਤ ਨਾਲੋਂ ਕਿਤੇ ਜਿਆਦਾ ਹੇਜ ਦਿਖਾ ਰਹੀ ਹੈ। ਉਹਨਾਂ ਖਬਰਦਾਰ ਕੀਤਾ ਕਿ ਜੇਕਰ ਚੋਣਾਂ ਮੌਕੇ ਅਜਿਹੇ ਮਾਰੂ ਫੈਸਲੇ ਕੀਤੇ ਜਾ ਰਹੇ ਹਨ ਤਾਂ ਸੱਤਾ ਹਾਸਲ ਕਰਨ ਮਗਰੋਂ ਕੀ ਕੀਤਾ ਜਾਏਗਾ ਇਹ ਸੋਚਣ ਦੀ ਲੋੜ ਹੈ।