ਅਦਾਲਤੀ ਕਾਰਵਾਈ ਮਗਰੋਂ ਕੇਜਰੀਵਾਲ ਨੇ ਰੱਖੀਆਂ 3 ਮੰਗਾਂ
ਨਵੀਂ ਦਿੱਲੀ 1 ਅਪ੍ਰੈਲ, 2024 : ਸ਼ਰਾਬ ਘੁਟਾਲੇ ਵਿੱਚ ਗ੍ਰਿਫ਼ਤਾਰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਰੌਜ਼ ਐਵੇਨਿਊ ਅਦਾਲਤ ਨੇ 15 ਦਿਨਾਂ ਲਈ ਤਿਹਾੜ ਜੇਲ੍ਹ ਭੇਜ ਦਿੱਤਾ ਹੈ।
15 ਦਿਨਾਂ ਲਈ ਜੇਲ੍ਹ ਭੇਜਣ ਤੋਂ ਬਾਅਦ ਸੀਐਮ ਅਰਵਿੰਦ ਕੇਜਰੀਵਾਲ ਦੇ ਵਕੀਲ ਨੇ ਅਦਾਲਤ ਤੋਂ ਉਨ੍ਹਾਂ ਨੂੰ ਜੇਲ੍ਹ ਦੇ ਅੰਦਰ 3 ਕਿਤਾਬਾਂ, ਦਵਾਈਆਂ, ਵਿਸ਼ੇਸ਼ ਖੁਰਾਕ ਅਤੇ ਕੁਰਸੀ-ਟੇਬਲ ਦੇਣ ਦੀ ਮੰਗ ਕੀਤੀ ਹੈ। ਕੇਜਰੀਵਾਲ ਨੇ ਜੇਲ੍ਹ ਦੇ ਅੰਦਰ ਤਿੰਨ ਕਿਤਾਬਾਂ ਭਗਵਦ ਗੀਤਾ, ਰਾਮਾਇਣ ਅਤੇ ਪੱਤਰਕਾਰ ਨੀਰਜਾ ਚੌਧਰੀ ਦੁਆਰਾ ਲਿਖੀ ਕਿਤਾਬ, ਹਾਉ ਪ੍ਰਾਈਮ ਮਿਨਿਸਟਰਸ ਡਿਸਾਈਡ ਲੈਣ ਦੀ ਮੰਗ ਕੀਤੀ ਹੈ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕੇਜਰੀਵਾਲ ਨੂੰ ਇਹ ਚੀਜ਼ਾਂ ਜੇਲ੍ਹ ਦੇ ਅੰਦਰ ਮਿਲਣਗੀਆਂ ਜਾਂ ਨਹੀਂ।
'ਆਪ' ਮੁਖੀ ਕੇਜਰੀਵਾਲ ਨੂੰ ਅੱਜ ਈਡੀ ਨੇ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਦੇ ਸਾਹਮਣੇ ਖਚਾਖਚ ਭਰੀ ਅਦਾਲਤ 'ਚ ਪੇਸ਼ ਕੀਤਾ। ਈਡੀ ਨੇ ਅਦਾਲਤ ਤੋਂ ਕੇਜਰੀਵਾਲ ਨੂੰ 15 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦੀ ਮੰਗ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਪੁੱਛਗਿੱਛ ਦੌਰਾਨ ਬਿਲਕੁਲ ਵੀ ਸਹਿਯੋਗ ਨਹੀਂ ਦਿੱਤਾ। ਇਸ ਤੋਂ ਬਾਅਦ ਜੱਜ ਨੇ ਉਸ ਨੂੰ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਭੇਜਣ ਦਾ ਹੁਕਮ ਦਿੱਤਾ।