ਭਾਜਪਾ ਨੇ ਰਾਹੁਲ ਗਾਂਧੀ ਦੀ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ
'ਮੈਚ ਫਿਕਸਿੰਗ' ਟਿੱਪਣੀ 'ਤੇ ਹੋਵੇ ਕਾਰਵਾਈ : ਹਰਦੀਪ ਸਿੰਘ ਪੁਰੀ
ਕਿਹਾ, ਇਹ ਨਾ ਸਿਰਫ਼ ਚੋਣ ਜ਼ਾਬਤੇ ਦੀ ਉਲੰਘਣਾ ਹੈ, ਸਗੋਂ ਇਸ ਦੇ ਗੰਭੀਰ ਪ੍ਰਭਾਵ ਪੈ ਸਕਦੇ ਹਨ
ਨਵੀਂ ਦਿੱਲੀ, 1 ਅਪ੍ਰੈਲ, 2024 : ਹਮੇਸ਼ਾ ਦੀ ਤਰ੍ਹਾਂ ਇਕ ਵਾਰ ਫਿਰ ਰਾਹੁਲ ਗਾਂਧੀ ਭਾਜਪਾ ਦੇ ਨਿਸ਼ਾਨੇ ਉਤੇ ਆ ਗਏ ਹਨ। ਦਰਅਸਲ ਭਾਜਪਾ ਨੇ ਸੋਮਵਾਰ ਨੂੰ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਇੱਕ ਦਿਨ ਪਹਿਲਾਂ ਇੱਥੇ ਇੰਡੀਆ ਬਲਾਕ ਦੀ ਰੈਲੀ ਦੌਰਾਨ ਕੀਤੀ ਗਈ "ਮੈਚ ਫਿਕਸਿੰਗ" ਟਿੱਪਣੀਆਂ ਅਤੇ ਹੋਰ ਟਿੱਪਣੀਆਂ ਲਈ ਕਾਂਗਰਸ ਨੇਤਾ ਰਾਹੁਲ ਗਾਂਧੀ ਵਿਰੁੱਧ "ਸਖਤ ਕਾਰਵਾਈ" ਕਰੇ।
ਭਾਜਪਾ ਦੇ ਇੱਕ ਵਫ਼ਦ ਜਿਸ ਵਿੱਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਰੁਣ ਕੁਮਾਰ ਸ਼ਾਮਲ ਸਨ, ਨੇ ਚੋਣ ਕਮਿਸ਼ਨ ਕੋਲ ਗਾਂਧੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ।
ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਪੁਰੀ ਨੇ ਕਿਹਾ ਕਿ ਜਨਤਕ ਮੀਟਿੰਗ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਦੀਆਂ ਟਿੱਪਣੀਆਂ “ਬਹੁਤ ਹੀ ਇਤਰਾਜ਼ਯੋਗ” ਸਨ ਕਿਉਂਕਿ ਇਹ ਨਾ ਸਿਰਫ਼ ਚੋਣ ਜ਼ਾਬਤੇ ਦੀ ਉਲੰਘਣਾ ਕਰਦੀਆਂ ਹਨ, ਸਗੋਂ ਇਸ ਦੇ ਗੰਭੀਰ ਪ੍ਰਭਾਵ ਪੈ ਸਕਦੇ ਹਨ।