ਸਿਆਸੀ ਪੰਛੀਆਂ ਦੀ ਡੇਰਿਆਂ ਦੇ ਬਨੇਰਿਆਂ ’ਤੇ ਉਡਾਰੀ ਦਾ ਸਿਲਸਿਲਾ ਸ਼ੁਰੂ
ਅਸ਼ੋਕ ਵਰਮਾ
ਬਠਿੰਡਾ,1 ਅਪਰੈਲ 2024: ਪੰਜਾਬ ’ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਲਾਹਾ ਹਾਸਲ ਕਰਨ ਲਈ ਪੰਜਾਬ ਅਤੇ ਮੁਲਕ ਦੇ ਵੱਡੇ ਲੀਡਰਾਂ ਨੇ ਡੇਰਿਆਂ ਵੱਲ ਵਹੀਰਾਂ ਘੱਤਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਦੀ ਰਾਜਨੀਤੀ ’ਚ ਡੇਰਿਆਂ ਦਾ ਹਮੇਸ਼ਾ ਹੀ ਕਾਫੀ ਪ੍ਰਭਾਵ ਰਿਹਾ ਹੈ ਪਰ ਇਸ ਵਾਰ ਦੀਆਂ ਚੋਣਾਂ ਸਿਆਸੀ ਪੱਖ ਤੋਂ ਕਾਫੀ ਅਹਿਮ ਹੋਣ ਕਰਕੇ ਨੇਤਾ ਵੋਟਾਂ ਖਾਤਰ ਨੇਤਾ ਅਗੇਤੇ ਹੀ ਪੱਬਾਂ ਭਾਰ ਹੋ ਗਏ ਹਨ। ਪੰਜਾਬ ’ਚ ਐਤਕੀਂ ਚਾਰ ਵੱਡੀਆਂ ਸਿਆਸੀ ਧਿਰਾਂ ਆਪਣੇ ਦਮ ਤੇ ਚੋਣ ਮੈਦਾਨ ’ਚ ਨਿੱਤਰੀਆਂ ਹਨ ਤਾਂ ਕੋਈ ਵੀ ਧਿਰ ਕੱਚਾ ਨਹੀਂ ਕੱਤਣਾ ਚਾਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਪੰਜਾਬ ਦੀ ਲੱਗਭਗ ਸਾਢੇ ਤਿੰਨ ਕਰੋੜ ਅਬਾਦੀ ਚੋਂ ਤਕਰੀਬਨ ਅੱਧੀ ਕਿਸੇ ਨਾਂ ਕਿਸੇ ਡੇਰੇ ਤੋਂ ਪ੍ਰਭਾਵਿਤ ਹੈ ਜਿਸ ਕਰਕੇ ਚੋਣਾਂ ਮੌਕੇ ਰਾਜਨੀਤਕ ਆਗੂ ਚੋਣਾਂ ਮੌਕੇ ਡੇਰਿਆਂ ਦੇ ਗੇੜੇ ਮਾਰਨ ਲੱਗ ਜਾਂਦੇ ਹਨ।
ਪੰਜਾਬ ਦੇ ਕਈ ਡੇਰੇ ਤਾਂ ਐਨੇ ਜਿਆਦਾ ਪ੍ਰਭਾਵਸ਼ਾਲੀ ਹਨ ਜਿੰਨ੍ਹਾਂ ਦੇ ਸ਼ਰਧਾਲੂਆਂ ਦੀਆਂ ਵੋਟਾਂ ਸਿਆਸੀ ਤੌਰ ਤੇ ਪਾਸਾ ਪਲਟਣ ਦੀ ਸਮਰੱਥਾ ਰੱਖਦੀਆਂ ਹਨ। ਪੰਜਾਬ ਵਿੱਚ ਜਿਸ ਤਰ੍ਹਾਂ ਦੀ ਸਿਆਸੀ ਸਥਿਤੀ ਚੱਲ ਰਹੀ ਹੈ ਉਸ ਨੂੰ ਦੇਖਦਿਆ ਹੋਇਆਂ ਕੱਲੀ ਕੱਲੀ ਵੋਟ ਦੀ ਪੂਰੀ ਅਹਿਮੀਅਤ ਮੰਨੀ ਜਾ ਰਹੀ ਹੈ। ਖੁਦ ਸਿਆਸੀ ਲੀਡਰਾਂ ਦਾ ਵੀ ਮੰਨਣਾ ਹੈ ਕਿ ਜਿਸ ਤਰ੍ਹਾਂ ਦੇ ਹਾਲਾਤ ਹਨ ਉਸ ਨੂੰ ਦੇਖਦਿਆਂ ਚੋਣਾਂ ਦੌਰਾਨ ਡੇਰਿਆਂ ਦੇ ਵੋਟ ਬੈਂਕ ਦੀ ਭੂਮਿਕਾ ਮਹੱਤਵਪੂਰਨ ਰਹੇਗੀ। ਹਾਲਾਂਕਿ ਪੰਜਾਬ ’ਚ ਡੇਰਿਆਂ ਦੀ ਕਮੀ ਨਹੀਂ ਹੈ ਫਿਰ ਵੀ ਦੋ ਦਰਜਨ ਦੇ ਕਰੀਬ ਡੇਰੇ ਅਜਿਹੇ ਹਨ ਜਿੰਨ੍ਹਾਂ ਦਾ ਸ਼ਰਧਾਲੂਆਂ ’ਚ ਚੋਖਾ ਪ੍ਰਭਾਵ ਹੈ। ਇੰਨ੍ਹਾਂ ’ਚ ਮੁੱਖ ਤੌਰ ਤੇ ਡੇਰਾ ਸੱਚਾ ਸੌਦਾ ਸਿਰਸਾ, ਡੇਰਾ ਰਾਧਾ ਸੁਆਮੀ ਬਿਆਸ, ਡੇਰਾ ਸੱਚ ਖੰਡ ਬੱਲਾਂ, ਨਿਰੰਕਾਰੀ ਮਿਸ਼ਨ, ਨੂਰਮਹਿਲ ਸਥਿਤ ਦਿਵਿਆ ਜੋਤੀ ਜਾਗਰਣ ਸੰਸਥਾ ਅਤੇ ਡੇਰਾ ਰੂਮੀ ਵਾਲਾ ਸ਼ਾਮਲ ਹਨ।
ਦਰਅਸਲ ਡੇਰੇ ਵਿੰਗੇ ਟੇਢੇ ਢੰਗ ਨਾਲ ਕਦੇ ਪਰਦੇ ਪਿੱਛੇ ਰਾਜਨੀਤੀਵਾਨਾਂ ਦੀ ਸਹਾਇਤਾ ਕਰਦੇ ਆ ਰਹੇ ਹਨ ਪਰ ਡੇਰਿਆਂ ਦੀ ਚਰਚਾ ਸਭ ਤੋਂ ਵੱਧ ਸਾਲ 2007 ’ਚ ਹੋਣੀ ਸ਼ੁਰੂ ਹੋਈ ਸੀ ਜਦੋਂ ਡੇਰਾ ਸੱਚਾ ਸੌਦਾ ਸਿਰਸਾ ਨੇ ਆਪਣਾ ਸਿਆਸੀ ਵਿੰਗ ਕਾਇਮ ਕਰਕੇ ਕਾਂਗਰਸ ਨੂੰ ਖੱਲ੍ਹੀ ਹਮਾਇਤ ਦਿੱਤੀ ਸੀ। ਉਸ ਮਗਰੋਂ ਦੋ ਵਾਰ ਡੇਰਾ ਅਕਾਲੀ ਦਲ ਦੇ ਹੱਕ ’ਚ ਭੁਗਤਿਆ ਸੀ। ਡੇਰਾ ਸਿਰਸਾ ਦਾ ਮਾਲਵੇ ਦੇ 40 ਤੋਂ 43 ’ਚ ਜਬਰਦਸਤ ਪ੍ਰਭਾਵ ਹੈ ਜਦੋਂਕਿ ਮਾਲਵਾ ਪੱਟੀ ਦੇ ਬਾਕੀ ਹਲਕੇ ਵੀ ਡੇਰੇ ਦੇ ਅਸਰ ਤੋਂ ਮੁਕਤ ਨਹੀਂ ਹਨ। ਡੇਰੇ ਦੇ ਜਲੰਧਰ ਅਤੇ ਹਸ਼ਿਆਰਪੁਰ ਜਿਲ੍ਹੇ ’ਚ ਵੀ ਪੈਰੋਕਾਰ ਹਨ। ਤਕਰੀਬਨ ਸਾਲ ਭਰ ਪਹਿਲਾਂ ਡੇਰਾ ਸਿਰਸਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੇ ਡੇਰੇ ਦਾ ਸਿਆਸੀ ਵਿੰਗ ਭੰਗ ਕਰ ਦਿੱਤਾ ਸੀ ਜਿਸ ਤੋਂ ਬਾਅਦ ਇਹ ਪਹਿਲੀਆਂ ਵੱਡੀਆਂ ਚੋਣਾਂ ਹੋਣ ਜਾ ਰਹੀਆਂ ਹਨ।
ਪੰਜਾਬ ’ਚ ਇੱਕ ਹੋਰ ਵੱਡਾ ਡੇਰਾ ਰਾਧਾ ਸੁਆਮੀ ਬਿਆਸ ਹੈ ਜੋ ਸਿਆਸੀ ਸਰਗਰਮੀਆਂ ਤੋਂ ਦੂਰੀ ਬਣਾਕੇ ਰੱਖਦਾ ਹੈ ਫਿਰ ਵੀ ਨੇਤਾ ਡੇਰੇ ’ਚ ਫੇਰੀਆਂ ਪਾਉਂਦੇ ਦੇਖੇ ਜਾ ਸਕਦੇ ਹਨ। ਡੇਰਾ ਬਿਆਸ ਦਾ ਵੱਡੀ ਗਿਣਤੀ ਵਿਧਾਨ ਸਭਾ ਹਲਕਿਆਂ ’ਚ ਮਜਬੂਤ ਅਧਾਰ ਹੈ। ਡੇਰਾ ਬਿਆਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ,ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ,ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਵੀ ਆ ਚੁੱਕੇ ਹਨ। ਮਹਾਰਾਣੀ ਪ੍ਰਨੀਤ ਕੌਰ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਹਲਕੇ ਤੋਂ ਉਮੀਦਵਾਰ ਤੇ ਮੰਤਰੀ ਕੁਲਦੀਪ ਧਾਲੀਵਾਲ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਆਸ਼ੀਰਵਾਦ ਹਾਲ ਹੀ ਵਿੱਚ ਲੈਕੇ ਗਏ ਹਨ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੀ ਸਮੇਂ ਸਮੇਂ ਤੇ ਡੇਰੇ ’ਚ ਆਉਂਦੇ ਰਹਿੰਦੇ ਹਨ।
ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਡੇਰਾ ਰਾਧਾ ਸੁਆਮੀ ਅਤੇ ਡੇਰਾ ਸੱਚ ਖੰਡ ਬੱਲਾਂ ਅਤੇ ’ਚ ਪੁੱਜਕੇ ਆਸ਼ੀਰਵਾਦ ਲਿਆ ਸੀ। ਜਲੰਧਰ ਜਿਲ੍ਹੇ ’ਚ ਸਥਿਤ ਰਵੀਦਾਸ ਬਰਾਦਰੀ ਦੇ ਡੇਰਾ ਸੱਚ ਖੰਡ ਬੱਲਾਂ ਦਾ ਦੁਆਬੇ ’ਚ ਵੱਡਾ ਪ੍ਰਭਾਵ ਹੈ। ਚੋਣਾਂ ਮੌਕੇ ਵੱਡੇ ਲੀਡਰ ਇਸ ਡੇਰੇ ’ਚ ਆਸ਼ੀਰਵਾਦ ਲੈਣ ਲਈ ਆਉਂਦੇ ਹਨ। ਦਿਵਿਆ ਜੋਤੀ ਜਾਗ੍ਰਤੀ ਦੇ ਬਠਿੰਡਾ,ਜਲੰਧਰ,ਬਠਿੰਡਾ,ਸ੍ਰੀ ਮੁਕਤਸਰ ਸਾਹਿਬ, ਨਵਾਂ ਸ਼ਹਿਰ ,ਕਪੂਰਥਲਾ ਅਤੇ ਤਰਨਤਾਰਨ ਜਿਲਿ੍ਹਆਂ ’ਚ ਸ਼ਰਧਾਲੂ ਹਨ। ਨਿਰੰਕਾਰੀ ਮਿਸ਼ਨ ਦਾ ਪਟਿਆਲਾ ਅਤੇ ਬਠਿੰਡਾ ’ਚ ਵੱਡਾ ਅਧਾਰ ਹੈ ਜਦੋਂਕਿ ਕਈ ਹਿੱਸਿਆਂ ’ਚ ਸ਼ਰਧਾਲੂਆਂ ਦੀ ਗਿਣਤੀ ਵਰਨਣਯੋਗ ਹੈ। ਡੇਰਾ ਜਗਤਗਿਰੀ ਆਸ਼ਰਮ ਦਾ ਪਠਾਨਕੋਟ, ਡੇਰਾ ਬਾਬਾ ਭਨਿਆਰਾ ਵਾਲਾ ਦਾ ਰੋਪੜ ਅਤੇ ਸਵਾਮੀ ਬ੍ਰਹਮਾਨੰਦ ਭੂਰੀ ਵਾਲੇ ਡੇਰੇ ਦੇ ਨਵਾਂ ਸ਼ਹਿਰ ਜਿਲ੍ਹੇ ’ਚ ਸ਼ਰਧਾਲੂ ਹਨ।
ਡੇਰਿਆਂ ਦੀ ਭੂਮਿਕਾ ਰਹੇਗੀ ਅਹਿਮ
ਪੰਜਾਬ ’ਚ 13 ਲੋਕ ਸਭਾ ਹਲਕਿਆਂ ‘ਚ ਇੱਕ ਜੂਨ ਨੂੰ ਵੋਟਾਂ ਪੈਣਗੀਆਂ ਇਸ ਹਿਸਾਬ ਨਾਲ ਅਜੇ ਦੋ ਮਹੀਨੇ ਬਾਕੀ ਹਨ ਜਿਸ ਦੌਰਾਨ ਨੇਤਾਵਾਂ ਵੱਲੋਂ ਵੋਟਾਂ ਲਈ ਭੱਜਦੌੜ ਕੀਤੀ ਜਾਏਗੀ।ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਆਮ ਦਿਨਾਂ ਦੌਰਾਨ ਨੇਤਾ ਡੇਰਿਆਂ ਵਿੱਚ ਆਉਂਦੇ ਹਨ ਤਾਂ ਇਸ ਨੂੰ ਸਧਾਰਨ ਦੌਰਾ ਸਮਝਿਆ ਜਾਂਦਾ ਹੈ ਪਰ ਲੋਕ ਸਭਾ ਚੋਣਾਂ ਮੌਕੇ ਅਜਿਹੇ ਦੌਰਿਆਂ ਦੀ ਮਹੱਤਤਾ ਸਿਆਸੀ ਤੌਰ ਤੇ ਕਾਫੀ ਵਧ ਜਾਂਦੀ ਹੈ। ਉਨ੍ਹਾਂ ਮੰਨਿਆ ਕਿ ਇਸ ਸਿਆਸੀ ਯੁੱਧ ਦਾ ਨਤੀਜਾ ਕੀ ਨਿਕਲਦਾ ਹੈ ਇਹ ਤਾਂ 4 ਜੂਨ ਨੂੰ ਪਤਾ ਲੱਗੇਗਾ ਪਰ ਇਸ ਚੋਣ ਜੰਗ ਦੌਰਾਨ ਡੇਰਿਆਂ ਭੂਮਿਕਾ ਅਹਿਮ ਰਹਿਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।