ਡਫਲੀ ਵਜਾ ਕੇ ਵੋਟਰਾਂ ਨੂੰ ਕਿਹਾ- ਭਾਈ ਵੋਟ ਜਰੂਰ ਪਾਇਓ
-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਨੇ ਬੱਸ ਸਟੈਂਡ ਹੁਸ਼ਿਆਰਪੁਰ ’ਚ ਯਾਤਰੀਆਂ ਨੂੰ ਵੋਟ ਪਾਉਣ ਦਾ ਦਿਵਾਇਆ ਪ੍ਰਣ
-ਨਾਟਕੀ ਅੰਦਾਜ਼ ’ਚ ਸਵਾਰੀਆਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਕੀਤਾ ਜਾਗਰੂਕ
ਹੁਸ਼ਿਆਰਪੁਰ, 1 ਅਪ੍ਰੈਲ 2024- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਅਗਵਾਈ ਵਿਚ ਪੂਰੇ ਜ਼ਿਲੇ ਵਿਚ ਵੋਟਰਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਲਈ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ ਅਤੇ ਹਰੇਕ ਵਿਧਾਨ ਸਭਾ ਖੇਤਰ ਵਿਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਹਾਇਕ ਰਿਟਰਨਿੰਗ ਅਧਿਕਾਰੀਆਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਲੜੀ ਵਿਚ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਨੇ ਇਕ ਅਲੱਗ ਅੰਦਾਜ਼ ਵਿਚ ਵੋਟ ਜਾਗਰੂਕਤਾ ਦੀ ਅਲਖ ਜਗਾਈ ਹੈ। ਉਨ੍ਹਾਂ ਬੱਸ ਸਟੈਂਡ ਹੁਸ਼ਿਆਰਪੁਰ ਵਿਚ ਜਿਥੇ ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਦੀ ਅਪੀਲ ਕੀਤੀ ਉਥੇ ਬੱਸ ਸਟੈਂਡ ’ਤੇ ਸਵਾਰੀਆਂ ਨੂੰ ਵੀ ਅਨੋਖੇ ਅੰਦਾਜ਼ ਵਿਚ ਵੋਟ ਪ੍ਰਤੀ ਜਾਗਰੂਕ ਕੀਤਾ।
ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਨੇ ਵੱਖ-ਵੱਖ ਬੱਸਾਂ ’ਚ ਚੜ੍ਹ ਕੇ ਨਾਟਕੀ ਅੰਦਾਜ਼ ਵਿਚ ਡਫਲੀ ਵਜਾ ਕੇ ਸਵਾਰੀਆਂ ਨੂੰ 1 ਜੂਨ 2024 ਨੂੰ ਆਪਣੇ ਵੋਟ ਦੇ ਅਧਿਕਾਰ ਦਾ ਜ਼ਰੂਰ ਪ੍ਰਯੋਗ ਕਰਨ ਦੀ ਅਪੀਲ ਕੀਤੀ ਅਤੇ ਉਨ੍ਹਾਂ ਵੋਟ ਪਾਉਣ ਦਾ ਪ੍ਰਣ ਵੀ ਦਿਵਾਇਆ। ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਵੱਲੋਂ ਵੋਟ ਜਾਗਰੂਕਤਾ ਲਈ ਅਪਣਾਇਆ ਗਿਆ ਇਹ ਅਨੋਖਾ ਅੰਦਾਜ਼ ਸਾਰੇ ਯਾਤਰੀਆਂ ਨੇ ਪਸੰਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ 1 ਜੂਨ 2024 ਨੂੰ ਆਪਣੇ ਵੋਟ ਦਾ ਜ਼ਰੂਰ ਪ੍ਰਯੋਗ ਕਰਨਗੇ।
ਪ੍ਰੀਤ ਕੋਹਲੀ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੇ ਨਿਰਦੇਸ਼ਾਂ ’ਤੇ ਜ਼ਿਲ੍ਹੇ ਵਿਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਸਵੀਪ ਗਤੀਵਿਧੀਆਂ ਲਗਾਤਾਰ ਜਾਰੀ ਹਨ ਅਤੇ ਇਨ੍ਹਾਂ ਗਤੀਵਿਧੀਆਂ ਰਾਹੀਂ ਹਰ ਵਰਗ ਤੱਕ ਪਹੁੰਚਿਆ ਜਾ ਰਿਹਾ ਹੈ, ਤਾਂ ਜੋ ਲੋਕ ਸਭਾ ਚੋਣਾਂ 2024 ਦੌਰਾਨ ਜ਼ਿਲ੍ਹੇ ਵਿਚ ਮਤਦਾਨ ਪ੍ਰਤੀਸ਼ਤ ਨੂੰ ਵੱਧ ਤੋਂ ਵੱਧ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਵਿਧਾਨ ਸਭਾ ਖੇਤਰ ਦੇ ਵੀ ਸਵੀਪ ਨੋਡਲ ਅਫ਼ਸਰ ਵੱਖ-ਵੱਖ ਸਥਾਨਾਂ ’ਤੇ ਜਾ ਕੇ ਲੋਕਾਂ ਨੂੰ ਵੋਟ ਜਾਗਰੂਕਤਾ ਦੇ ਪ੍ਰਤੀ ਜਾਗਰੂਕ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਵੋਟਰਾਂ ਨੂੰ ਜਾਗਰੂਕ ਕਰਨ ਦੇ ਵੱਖ-ਵੱਖ ਯਤਨਾਂ ਦਾ ਸਕਾਰਾਤਮਕ ਨਤੀਜੇ ਆਉਣਗੇ।