ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ’ਚ ਮਿਲੇਗਾ ਘਰ ਦਾ ਖਾਣਾ, ਪੜ੍ਹੋ ਕਿਵੇਂ ਲੰਘੇਗਾ ਦਿਨ
ਨਵੀਂ ਦਿੱਲੀ, 2 ਅਪ੍ਰੈਲ, 2024: ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਿਹਾੜ ਜੇਲ੍ਹ ਵਿਚ ਬੰਦ ਹਨ। ਸੋਮਵਾਰ ਨੂੰ ਰਾਉਜ਼ ਅਵੈਨਿਊ ਕੋਰਟ ਨੇ ਉਹਨਾਂ ਨੂੰ 15 ਅਪ੍ਰੈਲ ਤੱਕ ਜੇਲ੍ਹ ਭੇਜ ਦਿੱਤਾ ਗਿਆ ਸੀ। ਅਦਾਲਤ ਨੇ ਕੇਜਰੀਵਾਲ ਨੂੰ ਘਰ ਦਾ ਬਣਿਆ ਖਾਣਾ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਹ ਆਪਣੇ ਨਾਲ ਘਰੋਂ ਗੱਦਾ, ਸਰਾਹਣਾ ਤੇ ਰਜਾਈ ਵੀ ਲੈ ਕੇ ਜਾ ਸਕਣਗੇ। ਉਹਨਾਂ ਨਾਲ ਮੁਲਾਕਾਤ ਲਈ ਛੇ ਲੋਕਾਂ ਨੂੰ ਇਜਾਜ਼ਤ ਹੋਵੇਗੀ। ਇਹਨਾਂ ਛੇ ਲੋਕਾਂ ਵਿਚ ਕੇਜਰੀਵਾਲ ਨੇ ਪਤਨੀ, ਬੇਟੇ ਅਤੇ ਬੇਟੀ ਦਾ ਨਾਂ ਵੀ ਦਿੱਤਾ ਹੈ।
ਕੇਜਰੀਵਾਲ ਨੂੰ ਜੇਲ੍ਹ ਨੰਬਰ 2 ਵਿਚ ਰੱਖਿਆ ਗਿਆ ਹੈ ਜਿਥੇ ਉਹ ਇਕੱਲੇ ਰਹਿਣਗੇ। ਉਹਨਾਂ ਨੂੰ ਟੀ ਵੀ ਪ੍ਰਦਾਨ ਕੀਤਾ ਗਿਆ ਹੈ। ਉਹਨਾਂ ਦੀ ਬੈਰਕ ਦੇ ਬਾਹਰ 4 ਪੁਲਿਸ ਮੁਲਾਜ਼ਮ ਹਰ ਵੇਲੇ ਤਾਇਨਾਤ ਰਹਿਣਗੇ ਤੇ ਉਹ 24 ਘੰਟੇ ਸੀ ਸੀ ਟੀ ਵੀ ਦੀ ਨਿਗਰਾਨੀ ਵਿਚ ਰਹਿਣਗੇ।
ਜੇਲ੍ਹ ਵਿਚ ਕੇਜਰੀਵਾਲ ਨੂੰ ਰੋਜ਼ ਸਵੇਰੇ 6.30 ਵਜੇ ਉਠਣਾ ਪਵੇਗਾ। 6.40 ਵਜੇ ਉਹਨਾਂ ਨੂੰ ਨਾਸ਼ਤੇ ਵਿਚ ਚਾਹ ਤੇ ਬਰੈਡ ਮਿਲੇਗੀ। ਦੁਪਹਿਰ ਦੇ ਖਾਣੇ ਵਿਚ ਜੇਲ੍ਹ ਵਿਚ ਚਪਾਤੀ, ਦਾਲ ਤੇ ਦਾਲ ਮਿਲਦੀ ਹੈ ਪਰ ਕੇਜਰੀਵਾਲ ਨੂੰ ਘਰ ਦਾ ਖਾਣਾ ਮਿਲੇਗਾ। ਦੁਪਹਿਰ ਵੇਲੇ ਕੇਜਰੀਵਾਲ ਨੂੰ ਬੈਰਕ ਵਿਚ ਵਾਪਸ ਜਾਣਾ ਪਵੇਗਾ ਤੇ ਦੁਪਹਿਰ 3 ਵਜੇ ਤੱਕ ਉਥੇ ਰਹਿਣਗੇ। ਇਸ ਮਗਰੋਂ ਟੀ ਬਰੇਕ ਹੋਵੇਗੀ ਤੇ 4 ਵਜੇ ਤੱਕ ਉਹ ਵਕੀਲਾਂ ਨਾਲ ਮੁਲਾਕਾਤ ਕਰ ਸਕਣਗੇ। ਸ਼ਾਮ 6.30 ਵਜੇ ਰਾਤ ਦਾ ਖਾਣਾ ਮਿਲੇਗਾ। ਜੇਲ੍ਹ ਵਿਚ ਉਹ ਸਿਰਫ ਸਰਕਾਰੀ ਚੈਨਲ ਹੀ ਵੇਖ ਸਕਣਗੇ।