ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਭਾਜਪਾ ਤੋਂ ਹੋਈ ਬਾਗੀ, ਵੀਡੀਓ ਵੀ ਵੇਖੋ
ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਲੜਨ ਦੇ ਸੰਕੇਤ ਦਿੱਤੇ
ਰੋਹਿਤ ਗੁਪਤਾ
ਗੁਰਦਾਸਪੁਰ, 2 ਅਪ੍ਰੈਲ 2024 : ਭਾਜਪਾ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਗੁਰਦਾਸਪੁਰ ਤੋਂ ਦਿਨੇਸ਼ ਸਿੰਘ ਬੱਬੂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਇਸ ਵਾਰ ਗੁਰਦਾਸਪੁਰ ਦੇ ਲੋਕਾਂ ਨੂੰ ਪੂਰੀ ਉਮੀਦ ਸੀ ਕਿ ਭਾਜਪਾ ਕਵਿਤਾ ਖੰਨਾ ਨੂੰ ਮੈਦਾਨ ਵਿੱਚ ਉਤਾਰੇਗੀ ਪਰ ਦਿਨੇਸ਼ ਸਿੰਘ ਬੱਬੂ ਦੇ ਨਾਂ ਦੇ ਐਲਾਨ ਤੋਂ ਬਾਅਦ ਕਵਿਤਾ ਖੰਨਾ ਦੇ ਬਾਗੀ ਸੁਰ ਵੇਖਣ ਨੂੰ ਮਿਲ ਰਹੇ ਹਨ, ਜਿਸ ਕਾਰਨ ਭਾਜਪਾ ਦੇ ਸਿਆਸੀ ਡੇਰੇ 'ਚ ਹਲਚਲ ਮਚ ਗਈ ਹੈ।
ਕਵਿਤਾ ਖੰਨਾ ਜੋ ਕਿ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਪਿਛਲੇ ਕਈ ਸਾਲਾਂ ਤੋ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਸਰਗਰਮ ਹੈ , ਦੇ ਹੁਣ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੇ ਸੰਪਰਕ ਵਿੱਚ ਹੋਣ ਦੀ ਚਰਚਾ ਵੀ ਜੋਰ ਸ਼ੋਰ ਨਾਲ ਚੱਲ ਰਹੀ ਹੈ। ਲੋਕ ਸਭਾ ਹਲਕੇ ਦੇ ਰਾਜਨੀਤਿਕ ਗਲਿਆਰਿਆਂ ਵਿੱਚ ਚਰਚਾ ਹੈ ਕਿ ਭਾਜਪਾ ਵਿਨੋਦ ਖੰਨਾ ਵੱਲੋਂ ਕੀਤੇ ਗਏ ਕੰਮਾਂ ਦਾ ਫਾਇਦਾ ਨਹੀਂ ਚੁੱਕ ਸਕੀ ਪਰ ਆਮ ਆਦਮੀ ਪਾਰਟੀ ਇਹ ਮੌਕਾ ਨਹੀਂ ਗਵਾਏਗੀ। ਦੂਜੇ ਪਾਸੇ ਕਵਿਤਾ ਖੰਨਾ ਨੇ ਪ੍ਰੈਸ ਕਾਨਫਰੰਸ ਰਾਹੀਂ ਭਾਜਪਾ ਪ੍ਰਤੀ ਆਪਣੀ ਨਾਰਾਜਗੀ ਜਾਹਰ ਕਰ ਦਿੱਤੀ ਹੈ ਅਤੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਗੁਰਦਾਸਪੁਰ ਹਲਕੇ ਤੋਂ ਚੋਣ ਲੜਨ ਦਾ ਫੈਸਲਾ ਬਦਲਿਆ ਨਹੀਂ ਹੈ
ਇਸ ਸਬੰਧੀ ਗੱਲਬਾਤ ਕਰਦਿਆਂ ਕਵਿਤਾ ਖੰਨਾ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਵਿਨੋਦ ਖੰਨਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਦੀ ਸੇਵਾ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਵਿਨੋਦ ਖੰਨਾ ਦੇ ਚਲੇ ਜਾਣ ਤੋਂ ਬਾਅਦ ਲੋਕਾਂ ਨੇ ਉਸ ਨੂੰ ਬਹੁਤ ਪਿਆਰ ਦਿੱਤਾ ਹੈ। ਗੁਰਦਾਸਪੁਰ ਹਲਕਾ ਮੇਰਾ ਪਰਿਵਾਰ ਹੈ।ਮੈਂ ਇੱਥੇ ਕਵਿਤਾ ਅਤੇ ਵਿਨੋਦ ਖੰਨਾ ਫਾਊਂਡੇਸ਼ਨ ਦੀ ਸਥਾਪਨਾ ਵੀ ਕੀਤੀ ਹੈ। ਉਨਾਂ ਕਿਹਾ ਕਿ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਰਾਜਨੀਤੀ ਦੇ ਪਲੇਟਫਾਰਮ ਨੂੰ ਲੋਕਾਂ ਦੀ ਸੇਵਾ ਲਈ ਵਰਤਿਆ ਜਾ ਸਕਦਾ ਹੈ, ਇਸ ਲਈ ਮੈਂ ਫੈਸਲਾ ਕੀਤਾ ਹੈ ਕਿ ਜਿਸ ਤਰ੍ਹਾਂ ਵਿਨੋਦ ਜੀ ਨੇ ਲੋਕਾਂ ਦੀ ਸੇਵਾ ਕੀਤੀ ਹੈ, ਮੈਂ ਇਸੇ ਤਰ੍ਹਾਂ ਕਰਦੀ ਰਹਾਂਗੀ।ਜਦੋਂ ਉਨ੍ਹਾਂ ਨੂੰ ਕਿਸੇ ਹੋਰ ਪਾਰਟੀ ਵਿੱਚ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਫੈਸਲਾ ਅਜੇ ਨਹੀਂ ਲਿਆ ਹੈ ਪਰ ਮੈਂ ਇੰਨਾ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ 70 ਤੋਂ 80 ਫੀਸਦੀ ਲੋਕ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਲਈ ਸੰਸਦ ਮੈਂਬਰ ਬਣਾਂ। ਉਹਨਾਂ ਕਿਹਾ ਕਿ ਮੈਂ ਕਿਸ ਪਾਰਟੀ ਵੱਲ ਜਾਵਾਂਗੀ ਇਹ ਫੈਸਲਾ ਹਜੇ ਬਾਕੀ ਹੈ ਪਰ ਕਵਿਤਾ ਖੰਨਾ ਦੀਆਂ ਗੱਲਾਂ ਤੋਂ ਸੰਕੇਤ ਮਿਲਦਾ ਹੈ ਕਿ ਉਹ ਚੋਣ ਜਰੂਰ ਲੜਨਗੇ।