ਬਾਬਾ ਰਾਮਦੇਵ ਨੇ ਸੁਪਰੀਮ ਕੋਰਟ ਤੋਂ ਮੰਗੀ ਮਾਫੀ
ਨਵੀਂ ਦਿੱਲੀ, 2 ਅਪ੍ਰੈਲ 2024 : ਅੰਗਰੇਜ਼ੀ ਦਵਾਈਆਂ ਦੀ ਨਿੰਦਾ ਕਰਨ ਅਤੇ ਆਯੁਰਵੇਦ ਨੂੰ ਉਤਮ ਦਸਣ ਉਤੇ ਪਈ ਭਸੂੜੀ ਕਾਰਨ ਬਾਬਾ ਰਾਮਦੇਵ ਨੂੰ ਅੱਜ ਸੁਪਰੀਮ ਕੋਰਟ ਵਿਚ ਖੁਦ ਪੇਸ਼ ਹੋ ਕੇ ਸਫ਼ਾਈ ਦੇਣੀ ਪਈ ਅਤੇ ਮਾਫੀ ਵੀ ਮੰਗਣੀ ਪਈ। ਦਰਅਸਲ ਪਤੰਜਲੀ ਆਯੁਰਵੇਦ ਨੂੰ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਫਟਕਾਰ ਲਗਾਈ ਸੀ ਅਤੇ ਯੋਗ ਗੁਰੂ ਰਾਮਦੇਵ ਅਤੇ ਕੰਪਨੀ ਦੇ ਐਮਡੀ ਆਚਾਰੀਆ ਬਾਲਕ੍ਰਿਸ਼ਨ ਨੂੰ ਪੇਸ਼ੀ ਲਈ ਸੰਮਨ ਜਾਰੀ ਕੀਤਾ ਸੀ।
ਅੱਜ ਰਾਮਦੇਵ ਅਤੇ ਬਾਲਕ੍ਰਿਸ਼ਨ ਦੋਵੇਂ ਸੁਪਰੀਮ ਕੋਰਟ ਪਹੁੰਚੇ। ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਬਾਬਾ ਰਾਮਦੇਵ ਦੇ ਵਕੀਲ ਨੇ ਕਿਹਾ ਕਿ ਅਸੀਂ ਅਜਿਹੇ ਇਸ਼ਤਿਹਾਰ ਲਈ ਮੁਆਫੀ ਮੰਗਦੇ ਹਾਂ। ਯੋਗ ਗੁਰੂ ਰਾਮਦੇਵ ਖੁਦ ਅਦਾਲਤ 'ਚ ਆਏ ਹਨ।
ਬਾਬਾ ਰਾਮਦੇਵ ਦੇ ਵਕੀਲ ਨੇ ਕਿਹਾ, 'ਅਸੀਂ ਇਸ ਅਦਾਲਤ ਤੋਂ ਭੱਜਣ ਵਾਲੇ ਨਹੀਂ ਹਾਂ। ਪਤੰਜਲੀ ਦੇ ਵਕੀਲ ਨੇ ਗੁੰਮਰਾਹਕੁੰਨ ਇਸ਼ਤਿਹਾਰ ਬਾਰੇ ਕਿਹਾ ਕਿ ਸਾਡੇ ਮੀਡੀਆ ਵਿਭਾਗ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦੀ ਜਾਣਕਾਰੀ ਨਹੀਂ ਸੀ। ਇਸੇ ਲਈ ਅਜਿਹਾ ਇਸ਼ਤਿਹਾਰ ਚੱਲਿਆ।
ਦਰਅਸਲ, ਨਵੰਬਰ 2023 ਵਿੱਚ ਹੀ ਸੁਪਰੀਮ ਕੋਰਟ ਨੇ ਪਤੰਜਲੀ ਨੂੰ ਗੁੰਮਰਾਹਕੁੰਨ ਦਾਅਵੇ ਕਰਨ ਵਾਲੇ ਇਸ਼ਤਿਹਾਰਾਂ ਨੂੰ ਵਾਪਸ ਲੈਣ ਦਾ ਹੁਕਮ ਦਿੱਤਾ ਸੀ।
ਇਸ ਦੌਰਾਨ ਜਸਟਿਸ ਅਮਾਨਉੱਲ੍ਹਾ ਨੇ ਇਹ ਵੀ ਕਿਹਾ ਕਿ ਬਾਬਾ ਰਾਮਦੇਵ ਨੇ ਯੋਗ ਦੇ ਮਾਮਲੇ ਵਿੱਚ ਬਹੁਤ ਵਧੀਆ ਕੰਮ ਕੀਤਾ ਹੈ। ਪਰ ਐਲੋਪੈਥੀ ਦਵਾਈਆਂ ਬਾਰੇ ਅਜਿਹੇ ਦਾਅਵੇ ਕਰਨਾ ਠੀਕ ਨਹੀਂ ਹੈ।