ਅਰੋੜਾ ਨੇ ਈਐਸਆਈਸੀ ਹਸਪਤਾਲ ਵਿੱਚ ਅਪਗ੍ਰੇਡ ਕਰਨ ਲਈ ਚੱਲ ਰਹੇ ਕੰਮ ਦੀ ਕੀਤੀ ਸਮੀਖਿਆ
ਲੁਧਿਆਣਾ, 2 ਅਪ੍ਰੈਲ, 2024: ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਚੱਲ ਰਹੇ ਅਪਗ੍ਰੇਡੇਸ਼ਨ ਦੇ ਕੰਮ ਨੂੰ ਦੇਖਣ ਲਈ ਮੰਗਲਵਾਰ ਨੂੰ ਈਐਸਆਈਸੀ ਹਸਪਤਾਲ, ਲੁਧਿਆਣਾ ਦਾ ਦੌਰਾ ਕੀਤਾ। ਉਨ੍ਹਾਂ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ ਅਤੇ ਕੁਝ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਡਾਕਟਰੀ ਦੇਖਭਾਲ ਬਾਰੇ ਵੀ ਪੁੱਛਿਆ।
ਅਰੋੜਾ ਦੇ ਲਗਾਤਾਰ ਯਤਨਾਂ ਸਦਕਾ ਕੇਂਦਰ ਸਰਕਾਰ ਨੇ ਲਗਭਗ 828.51 ਲੱਖ ਰੁਪਏ ਦੀ ਲਾਗਤ ਨਾਲ 300 ਬਿਸਤਰਿਆਂ ਵਾਲੇ ਈ.ਐੱਸ.ਆਈ.ਸੀ ਹਸਪਤਾਲ, ਲੁਧਿਆਣਾ ਵਿਖੇ ਸਹੂਲਤਾਂ ਨੂੰ ਅਪਗ੍ਰੇਡ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਵਿਕਾਸ ਕਾਰਜਾਂ ਵਿੱਚ ਆਈਸੀਯੂ ਦਾ ਨਵੀਨੀਕਰਨ (73.03 ਲੱਖ ਰੁਪਏ), ਫਾਇਰ ਫਾਈਟਿੰਗ ਵਰਕਸ (467.76 ਲੱਖ ਰੁਪਏ), ਮੈਡੀਕਲ ਗੈਸ ਪਾਈਪਲਾਈਨ ਦਾ ਵਿਸਤਾਰ (49.73 ਲੱਖ ਰੁਪਏ) ਅਤੇ 240 ਟੀਆਰ ਸੈਂਟਰਲ ਏਸੀ ਪਲਾਂਟ (228.99 ਲੱਖ ਰੁਪਏ) ਦੀ ਵਿਵਸਥਾ ਸ਼ਾਮਲ ਹੈ। ਵਾਪਕੋਸ ਲਿਮਟਿਡ ਅਤੇ ਸੀਪੀਡਬਲਿਊਡੀ ਜਲੰਧਰ ਡਿਵੀਜ਼ਨ ਚੱਲ ਰਹੇ ਕੰਮਾਂ ਲਈ ਨਿਰਮਾਣ ਏਜੰਸੀਆਂ ਹਨ।
ਅੱਜ ਆਪਣੇ ਦੌਰੇ ਦੌਰਾਨ ਉਨ੍ਹਾਂ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ: ਭੈਰਵੀ ਦੇਸ਼ਮੁੱਖ ਅਤੇ ਹਸਪਤਾਲ ਦੇ ਹੋਰ ਸਟਾਫ਼ ਮੈਂਬਰਾਂ ਨਾਲ ਮੀਟਿੰਗ ਕੀਤੀ | ਅਰੋੜਾ ਨੂੰ ਦੱਸਿਆ ਗਿਆ ਕਿ ਆਈ.ਸੀ.ਯੂ ਦੇ ਨਵੀਨੀਕਰਨ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਫਾਇਰ ਫਾਈਟਿੰਗ ਵਰਕਸ ਦਾ ਕੰਮ ਕਰੀਬ 50 ਫੀਸਦੀ ਪੂਰਾ ਹੋ ਚੁੱਕਾ ਹੈ। ਅਰੋੜਾ ਨੂੰ ਦੱਸਿਆ ਗਿਆ ਕਿ ਫਾਇਰ ਫਾਈਟਿੰਗ ਵਰਕਸ ਦਾ ਕੰਮ ਇਸ ਸਾਲ ਅਗਸਤ ਤੱਕ ਮੁਕੰਮਲ ਕਰ ਲਿਆ ਜਾਵੇਗਾ। ਪਰ ਅਰੋੜਾ ਨੇ ਇਸ ਕੰਮ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਮੈਡੀਕਲ ਗੈਸ ਪਾਈਪ ਲਾਈਨ ਦੇ ਵਿਸਥਾਰ ਦਾ ਸੱਠ ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। 240 ਟੀਆਰ ਸੈਂਟਰਲ ਏਸੀ ਪਲਾਂਟ ਦੀ ਵਿਵਸਥਾ ਦੇ ਸਬੰਧ ਵਿੱਚ ਅਰੋੜਾ ਨੂੰ ਦੱਸਿਆ ਗਿਆ ਕਿ ਇੱਕ ਸੋਧਿਆ ਅਨੁਮਾਨ ਤਿਆਰ ਕੀਤਾ ਗਿਆ ਹੈ।
ਇਸ ਮੌਕੇ ਅਰੋੜਾ ਨੇ ਈਐਸਆਈਸੀ ਦੇ ਡਾਇਰੈਕਟਰ ਜਨਰਲ ਰਾਜਿੰਦਰ ਕੁਮਾਰ ਨੂੰ ਮੋਬਾਈਲ 'ਤੇ ਫ਼ੋਨ ਕਰਕੇ ਹਸਪਤਾਲ ਦੇ ਵਡੇਰੇ ਹਿੱਤ ਵਿੱਚ ਹਸਪਤਾਲ ਵਿੱਚ ਚੱਲ ਰਹੇ ਨਵੀਨੀਕਰਨ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ ਦੀ ਬੇਨਤੀ ਕੀਤੀ। ਈਐਸਆਈਸੀ ਦੇ ਡੀਜੀ ਨੇ ਅਰੋੜਾ ਨੂੰ ਭਰੋਸਾ ਦਿਵਾਇਆ ਕਿ ਉਹ ਖੁਦ ਹਰ ਕੰਮ ਦੀ ਨਿਗਰਾਨੀ ਕਰ ਰਹੇ ਹਨ ਅਤੇ ਇਸ ਵਿੱਚ ਤੇਜ਼ੀ ਲਿਆਉਣ ਦੀ ਪੂਰੀ ਕੋਸ਼ਿਸ਼ ਕਰਨਗੇ।
ਅਰੋੜਾ ਨੇ ਹਸਪਤਾਲ ਦੇ ਬੈੱਡ 300 ਤੋਂ ਵਧਾ ਕੇ 500 ਕਰਨ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਈਐਸਆਈਸੀ ਹਸਪਤਾਲ ਲੁਧਿਆਣਾ ਨੂੰ 300 ਬਿਸਤਰਿਆਂ ਤੋਂ 500 ਬਿਸਤਰਿਆਂ ਤੱਕ ਵਧਾਉਣ ਦੀ ਤਜਵੀਜ਼ ਵਿਚਾਰ ਅਧੀਨ ਹੈ। ਮੌਜੂਦਾ ਇਮਾਰਤਾਂ ਦੀ ਸਮਰੱਥਾ ਵਧਾਉਣ ਲਈ ਮੁਲਾਂਕਣ ਪਹਿਲਾਂ ਹੀ ਚੱਲ ਰਿਹਾ ਹੈ।
ਅਰੋੜਾ ਨੂੰ ਜਾਣੂ ਕਰਵਾਇਆ ਗਿਆ ਕਿ ਆਦਰਸ਼ ਚੋਣ ਜ਼ਾਬਤੇ ਕਾਰਨ ਡਾਕਟਰਾਂ ਦੀ ਭਰਤੀ ਵਿੱਚ ਕੁਝ ਰੁਕਾਵਟ ਆ ਰਹੀ ਹੈ, ਇਸ ਲਈ ਉਨ੍ਹਾਂ ਨੇ ਹਸਪਤਾਲ ਦੇ ਐਮਐਸ ਡਾਕਟਰ ਭੈਰਵੀ ਦੇਸ਼ਮੁੱਖ ਦੀ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਦਾ ਪ੍ਰਬੰਧ ਕੀਤਾ।
ਡਾ: ਭੈਰਵੀ ਦੇਸ਼ਮੁੱਖ ਨੇ ਕਿਹਾ ਕਿ ਮੈਡੀਕਲ-ਕਾਨੂੰਨੀ ਮਾਮਲਿਆਂ ਨਾਲ ਨਜਿੱਠਣ ਲਈ ਹਸਪਤਾਲ ਦੇ ਅਹਾਤੇ ਵਿੱਚ ਪੁਲਿਸ ਚੌਕੀ ਸਥਾਪਤ ਕਰਨ ਦੀ ਲੋੜ ਹੈ। ਇਸ 'ਤੇ ਅਰੋੜਾ ਨੇ ਡਾ: ਦੇਸ਼ਮੁਖ ਨੂੰ ਲਿਖਤੀ ਰੂਪ 'ਚ ਭੇਜਣ ਲਈ ਕਿਹਾ ਤਾਂ ਜੋ ਉਹ ਇਹ ਮਾਮਲਾ ਪੁਲਿਸ ਕਮਿਸ਼ਨਰ ਲੁਧਿਆਣਾ ਕੋਲ ਉਠਾ ਸਕਣ | ਅਰੋੜਾ ਨੇ ਡਾ: ਦੇਸ਼ਮੁਖ ਨੂੰ ਬੈੱਡ ਆਕੂਪੈਂਸੀ ਰੇਟ (ਬੀਓਆਰ) ਵਧਾਉਣ ਲਈ ਕਿਹਾ ਕਿਉਂਕਿ ਆਈਸੀਯੂ ਅਤੇ ਹੋਰ ਸਹੂਲਤਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਦੇ ਸਮੇਂ ਵਿੱਚ ਹਸਪਤਾਲ ਦਾ ਬੀਓਆਰ 59 ਤੋਂ ਵੱਧ ਕੇ 64 ਫੀਸਦੀ ਹੋ ਗਿਆ ਹੈ। ਅਰੋੜਾ ਨੇ ਸਾਰੇ ਮਰੀਜ਼ਾਂ ਨੂੰ ਦੂਜੇ ਹਸਪਤਾਲਾਂ ਵਿੱਚ ਰੈਫਰ ਕਰਨ ਦੀ ਬਜਾਏ ਹਸਪਤਾਲ ਵਿੱਚ ਹੀ ਇਲਾਜ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ਼ ਗੰਭੀਰ ਮਰੀਜ਼ਾਂ ਨੂੰ ਹੀ ਦੂਜੇ ਹਸਪਤਾਲਾਂ ਵਿੱਚ ਰੈਫ਼ਰ ਕੀਤਾ ਜਾਣਾ ਚਾਹੀਦਾ ਹੈ। ਹਸਪਤਾਲ ਵਿੱਚ ਸਟਾਫ਼ ਦੀ ਕਮੀ ਦੇ ਮੁੱਦੇ 'ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।
ਇਸ ਦੌਰਾਨ ਅਰੋੜਾ ਨੇ ਹਸਪਤਾਲ ਦੀਆਂ ਸਹੂਲਤਾਂ ਅਤੇ ਬੈੱਡ ਦੀ ਸਮਰੱਥਾ ਨੂੰ ਅਪਗ੍ਰੇਡ ਕਰਨ ਦੇ ਉਨ੍ਹਾਂ ਦੇ ਪ੍ਰਸਤਾਵ 'ਤੇ ਸਹਿਮਤੀ ਦੇਣ ਲਈ ਪੂਰਨ ਸਹਿਯੋਗ ਦੇਣ ਲਈ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਭੂਪੇਂਦਰ ਯਾਦਵ ਅਤੇ ਈਐਸਆਈਸੀ ਦੇ ਡਾਇਰੈਕਟਰ ਜਨਰਲ ਰਾਜਿੰਦਰ ਕੁਮਾਰ ਦਾ ਇੱਕ ਵਾਰ ਫਿਰ ਧੰਨਵਾਦ ਕੀਤਾ।