ਮੇਰੀ ਲੱਗਦੀ ਕਿਸੇ ਨਾ ਦੇਖੀ ਟੁੱਟਦੀ ਨੂੰ ਜੱਗ ਜਾਣਦਾ: ਮਾਮਲਾ ਅਕਾਲੀ ਦਲ ਭਾਜਪਾ ਗਠਜੋੜ ਦਾ
ਅਸ਼ੋਕ ਵਰਮਾ
ਬਠਿੰਡਾ,2 ਅਪਰੈਲ2024: ਸ਼ੋਮਣੀ ਅਕਾਲੀ ਦਲ ਅਤੇ ਭਾਜਪਾ ’ਚ ਗੱਠਜੋੜ ਨਾਂ ਹੋਣ ਦਾ ਮਾਮਲਾ ਪਿਛਲੇ ਦਿਨਾਂ ਤੋਂ ਵੱਡੀ ਚਰਚਾ ਦਾ ਵਿਸ਼ਾ ਬਣਦਾ ਆ ਰਿਹਾ ਹੈ ਪਰ ਹਕੀਕਤ ਇਹ ਹੈ ਕਿ ਇਸ ਸਿਆਸੀ ਜੱਫੀ ’ਚ ਦਰਾੜ ਪਾੜ ਪੈਣ ਕਾਰਨ ਦੋਵਾਂ ਧਿਰਾਂ ਨੂੰ ਹੀ ਨੁਕਸਾਨ ਉਠਾਉਣਾ ਪਿਆ ਹੈ। ਇਸ ਦਾ ਨਜ਼ਾਰਾ ਦੋਵੇਂ ਪਾਰਟੀਆਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ ਜਲੰਧਰ ਜਿਮਨੀ ਚੋਣ ’ਚ ਦੇਖ ਚੁੱਕੀਆਂ ਹਨ ਫਿਰ ਵੀ ਇਹ ਦੂਰੀ ਖਤਮ ਨਹੀਂ ਕੀਤੀ ਜਾ ਸਕੀ ਹੈ। ਸਾਲ 2022 ਦੀਆਂ ਚੋਣਾਂ ਦੌਰਾਨ ਅਕਾਲੀ ਦਲ 10 ਹਜ਼ਾਰ ਤੋਂ ਘੱਟ ਦੇ ਫਰਕ ਨਾਲ 11 ਅਤੇ ਭਾਜਪਾ 3 ਸੀਟਾਂ ਤੇ ਹਾਰੀ ਸੀ। ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਇੰਨ੍ਹਾਂ ਚੋਣਾਂ ਦੌਰਾਨ 9 ਵਿਧਾਨ ਸਭਾ ਹਲਕੇ ਅਜਿਹੇ ਸਾਹਮਣੇ ਆਏ ਸਨ ਜਿੱਥੇ ਜਿੱਤਣ ਵਾਲੇ ਉਮੀਦਵਾਰ ਨਾਲੋਂ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਜਿਆਦਾ ਵੋਟਾਂ ਪਈਆਂ ਸਨ।
ਇੰਨ੍ਹਾਂ 9 ਹਲਕਿਆਂ ਚੋਂ 5 ਵਿੱਚ ਆਪ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ ਜਦੋਂਕਿ 4 ਤੇ ਕਾਂਗਰਸੀ ਉਮੀਦਵਾਰ ਸਫਲ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਭਾਵੇਂ ਆਮ ਆਦਮੀ ਪਾਰਟੀ ਦੀ ਸੁਨਾਮੀ ਕਾਰਨ ਬਹੁਮੱਤ ਲਈ ਲੁੜੀਂਦੀਆਂ 59 ਸੀਟਾਂ ਤੇ ਪੁੱਜਣਾ ਮੁਸ਼ਕਲ ਸੀ ਪਰ ਨੰਬਰ ਦੋ ਤੇ ਰਹਿਕੇ ਗਠਜੋੜ ਤਹਿਤ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਹਾਸਲ ਕੀਤੀ ਜਾ ਸਕਦੀ ਸੀ। ਇਸ ਤਰਾਂ ਕਰਨ ਨਾਲ ਗਠਜੋੜ ਦੇ ਉਮੀਦਵਾਰਾਂ ਗਿਣਤੀ 15 ਹੋ ਜਾਂਦੀ ਅਤੇ ਕਾਂਗਰਸ ਦੀਆਂ 18 ਚੋਂ ਚ ਸੀਟਾਂ ਘਟਕੇ 14 ਰਹਿ ਜਾਣੀਆਂ ਸਨ। ਡੇਰਾ ਬਾਬਾ ਨਾਨਕ ’ਚ ਕਾਂਗਰਸੀ ਉਮੀਦਵਾਰ ਨੂੰ 52 ਹਜ਼ਾਰ 555 ਵੋਟਾਂ ਦੇ ਮੁਕਾਬਲੇ ਅਕਾਲੀ ਦਲ ਭਾਜਪਾ ਦੀਆਂ ਵੋਟਾਂ ਦੀ ਗਿਣਤੀ 54002 ਸੀ ਜਿੰਨ੍ਹਾਂ ਦਾ ਫਰਕ 1025 ਬਣਦਾ ਹੈ।
ਇਸੇ ਤਰਾਂ ਹੀ ਗੁਰਦਾਸਪੁਰ ’ਚ ਕਾਂਗਰਸ ਦੇ ਜੇਤੂ ਉਮੀਦਵਾਰ ਨੂੰ ਮਿਲੀਆਂ ਵੋਟਾਂ ਦਾ ਅੰਕੜਾ43 ਹਜ਼ਾਰ 743 ਸੀ ਜਦੋਂਕਿ ਗਠਜੋੜ ਨੂੰ 46 ਹਜ਼ਾਰ 227 ਵੋਟਾਂ ਪਈਆਂ ਸਨ ਜਿੰਨ੍ਹਾਂ ਦਾ ਫਰਕ 2484 ਹੈ। ਜਲੰਧਰ ਛਾਉਣੀ ਹਲਕੇ ’ਚ ਕਾਂਗਰਸ ਨੂੰ 40 ਹਜ਼ਾਰ 816 ਵੋਟ ਮਿਲੇ ਅਤੇ ਗਠਜੋੜ ਦਾ ਅੰਕੜਾ 43 ਹਜ਼ਾਰ 333 ਰਿਹਾ ਜੋਕਿ ਜੇਤ ਉਮੀਦਵਾਰੂ ਨਾਲੋਂ 2517 ਵੱਧ ਹੈ। ਸੁਜ਼ਾਨਪੁਰ ਹਲਕੇ ’ਚ ਕਾਂਗਰਸੀ ਉਮੀਦਵਾਰ ਨੂੰ 49 ਹਜ਼ਾਰ 916 ਵੋਟਾਂ ਦੇ ਮੁਕਾਬਲੇ ਗਠਜੋੜ ਨੂੰ 50 ਹਜ਼ਾਰ 279 ਵੋਟਾਂ ਪਈਆਂ ਸਨ ਜਿੰਨ੍ਹਾਂ ਦਾ ਆਪਸੀ ਫਰਕ 3363 ਵੋਟਾਂ ਦਾ ਹੈ। ਇਸ ਸੀ ਕਾਂਗਰਸ ਪਾਰਟੀ ਦਾ ਜਦੋਂਕਿ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਪੰਜ ਹਲਕਿਆਂ ’ਚ ਵੀ ਅਕਾਲੀਦਲ ਭਾਜਪਾ ਨਾਲ ਇਹੋ ਭਾਣਾ ਵਾਪਰਿਆ ਹੈ। ਗੜ੍ਹਸ਼ੰਕਰ ਹਲਕਾ ਅਜਿਹਾ ਹੈ ਜਿੱਥੇ ਦੋਵਾਂ ਧਿਰਾਂ ਨੂੰ ਵੱਡੀ ਮਾਰ ਪਈ ਹੈ।
ਇਸ ਹਲਕੇ ’ਚ ਆਪ ਉਮੀਦਵਾਰ ਨੂੰ 32 ਹਜ਼ਾਰ 341 ਵੋਟਾਂ ਪਈਆਂ ਜਦੋਂਕਿ ਗਠਜੋੜ ਦਾ ਅੰਕੜਾ 50 ਹਜ਼ਾਰ 165 ਸੀ ਜਿਸ ਦਾ 17 ਹਜ਼ਾਰ824 ਵੋਟਾਂ ਦਾ ਵੱਡਾ ਫਰਕ ਬਣਦਾ ਹੈ।ਜਲੰਧਰ ਕੇਂਦਰੀ ਹਲਕੇ ’ਚ ਆਪ ਉਮੀਦਵਾਰ ਨੂੰ ਪਈਆਂ33 ਹਜ਼ਾਰ 11 ਦੇ ਮੁਕਾਬਲੇ ਗਠਜੋੜ ਨੂੰ 38 ਹਜ਼ਾਰ 90 ਵੋਟ ਪਏ ਜਿੰਨ੍ਹਾਂ ਦਾ ਆਪਸੀ ਫਰਕ 5ਹਜ਼ਾਰ 889 ਹੈ। ਡੇਰਾ ਬਸੀ ਹਲਕੇ ’ਚ ਆਪ ਨੂੰ 70 ਹਜ਼ਾਰ 32 ਵੋਟਾਂ ਪਈਆਂ ਜਦੋਂ ਕਿ ਅਕਾਲੀ ਭਾਜਪਾ ਦੇ ਵੋਟ 74 ਹਜ਼ਾਰ 694 ਬਣਦੇ ਹਨ ਜੋਕਿ ਜੇਤੂ ਨਾਲੋਂ 4662 ਵੱਧ ਹਨ। ਲੁਧਿਆਣਾ ਸੈਂਟਰਲ ਹਲਕੇ ’ਚ ਜੇਤੂ ਆਪ ਦੀਆਂ 32 ਹਜ਼ਾਰ 789 ਵੋਟਾਂ ਦੇ ਮੁਕਾਬਲੇ ਗਠਜੋੜ ਦੀਆਂ3416 ਜਿਆਦਾ 36 ਹਜ਼ਾਰ 205 ਵੋਟਾਂ ਸਨ।ਬਲਾਚੌਰ ਹਲਕੇ ’ਚ ਆਪ ਉਮੀਦਵਾਰ ਦਾ ਅੰਕੜਾ 39 ਹਜਾਰ 633 ਅਤੇ ਗਠਜੋੜ ਦਾ 40 ਹਜ਼ਾਰ 658 ਸੀ ਜਿੰਨ੍ਹਾਂ ਦਾ ਫਰਕ 1 ਹਜ਼ਾਰ 25 ਹੈ।
ਇੰਨ੍ਹਾਂ ਚੋਣਾਂ ਦੌਰਾਨ ਪੰਜ ਹਜ਼ਾਰ ਤੋਂ ਘੱਟ ਦੇ ਫਰਕ ਨਾਲ ਅਕਾਲੀ ਦਲ ਆਦਮਪੁਰ ,ਗਿੱਦੜਬਾਹਾ,ਨਕੋਦਰ ,ਬਲਾਚੌਰ ਅਤੇ ਡੇਰਾ ਬਾਬਾ ਨਾਨਕ ‘ਚ ਹਰਿਆ । ਏਦਾਂ ਹੀ ਅਕਾਲੀ ਉਮੀਦਵਾਰ 5 ਤੋਂ 10 ਹਜਾਰ ਦੇ ਫਰਕ ਨਾਲ ਭੁਲੱਥ ਅਜਨਾਲਾ, ਗੁਰਦਾਸਪੁਰ ,ਫਤਿਹਗੜ੍ਹ ਚੂੜੀਆਂ ਅਤੇ ਰਾਜ ਸਾਂਸੀ ਹਲਕਿਆਂ ’ਚ ਹਾਰੇ ਹਨ। ਏਦਾਂ ਹੀ ਭਾਜਪਾ ਪੰਜ ਹਜਾਰ ਤੋਂ ਘੱਟ ਦੇ ਫਰਕ ਨਾਲ ਲੁਧਿਆਣਾ ਸੈਂਟਰਲ ਅਤੇ ਸੁਜਾਨਪੁਰ ਹਲਕੇ ’ਚ ਹਾਰੀ ਜਦੋਂਕਿ 5 ਤੋਂ 10 ਹਜਾਰ ਦੇ ਫਰਕ ਨਾਲ ਜਲੰਧਰ ਉੱਤਰੀ ਸੀਟ ਗਵਾਈ। ਇੰਨ੍ਹਾਂ ਚੋਣਾਂ’ਚ ਭਾਜਪਾ ਦਾ ਭਾਈਵਾਲ ਸੰਯੁਕਤ ਅਕਾਲੀ ਦਲ ਅਮਰਗੜ੍ਹ ਹਲਕੇ ’ਚ 10 ਹਜ਼ਾਰ ਤੋਂ ਘੱਟ ਦੇ ਫਰਕ ਨਾਲ ਹਾਰਿਆ ਹੈ। ਕਾਂਗਰਸ 5 ਹਜਾਰ ਤੋਂ ਘੱਟ ਵੋਟਾਂ ਤੇ ਭੋਆ, ਗੜ੍ਹਸ਼ੰਕਰ,ਜਲੰਧਰ ਕੇਂਦਰੀ ਤੇ ਪੱਛਮੀ ,ਕਰਤਾਰਪੁਰ ਅਤੇ ਉੜਮੁੜ ਹਲਕਿਆਂ ’ਚ ਹਾਰੀ ਜਦੋਂਕਿ 5 ਤੋਂ 10 ਹਜ਼ਾਰ ਦੇ ਫਰਕ ਨਾਲ 7 ਹਲਕਿਆਂ ’ਚ ਹਾਰ ਹੋਈ ।
ਬਹੁਤਾ ਝਾੜੂ ਕਾਂਗਰਸ ਤੇ ਫਿਰਿਆ
ਇੰਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਵੱਧ ਨੁਕਸਾਨ ਝੱਲਣਾ ਪਿਆ । ਆਪ ਨੂੰ ਬਹੁਮੱਤ ਲਈ 59 ਸੀਟਾਂ ਦੀ ਲੋੜ ਸੀ ਪਰ ਉਸ ਨੇ 63 ਹਲਕੇ ਤਾਂ ਇਕੱਲੀ ਕਾਂਗਰਸ ਤੋਂ ਖੋਹਣ ’ਚ ਸਫਲਤਾ ਹਾਸਲ ਕੀਤੀ ਸੀ। ਅਕਾਲੀ ਦਲ ਤੋਂ 10 ਅਤੇ ਲੋਕ ਇਨਸਾਫ ਪਾਰਟੀ ਦੀਆਂ 2 ਸੀਟਾਂ ਤੇ ਕਬਜਾ ਜਮਾਇਆ। ਦਿਲਚਸਪੀ ਵਾਲੀ ਗੱਲ ਹੈ ਕਿ ਇਸ ਮੌਕੇ ਆਮ ਆਦਮੀ ਪਾਰਟੀ ਨੇ ਸਾਲ 2017 ’ਚ ਜਿੱਤੇ 20 ਚੋਂ 18 ਹਲਕਿਆਂ ਤੇ ਵੀ ਚੜ੍ਹਤ ਬਰਕਰਾਰ ਰੱਖੀ ਹੈ। ਆਪ ਦੀਆਂ ਦੋ ਸੀਟਾਂ ਚੋਂ ਭੁਲੱਥ ’ਚ ਕਾਂਗਰਸ ਅਤੇ ਬੰਗਾ ’ਚ ਅਕਾਲੀ ਦਲ ਜਿੱਤਿਆ। ਭਾਜਪਾ ਦੋ ਪੁਰਾਣੀਆਂ ’ਚ ਹਾਰੀ ਪਰ ਦੋ ਕਾਂਗਰਸ ਤੋਂ ਖੋਹਣ ’ਚ ਸਫਲ ਰਹੀ।
ਇੰਨ੍ਹਾਂ ਚੋਣਾਂ ਦੇ ਦਿਲਚਸਪ ਤੱਥ
ਸਾਲ 2022 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ 92 ਹਲਕਿਆਂ ’ਚ ਧਮਾਕੇਦਾਰ ਜਿੱਤ ਹਾਸਲ ਕੀਤੀ ਅਤੇ ਕਾਂਗਰਸ 18 ਹਲਕਿਆਂ ਅਤੇ ਅਕਾਲੀ ਦਲ 3 ਸੀਟਾਂ ਹੀ ਜਿੱਤ ਸਕਿਆ ਸੀ। ਦਿਲਚਸਪ ਪਹਿਲੂ ਹੈ ਕਿ ਭਾਵੇਂ ਸੀਟਾਂ ਜਿੰਨੀਆਂ ਮਰਜੀ ਹੋਣ ਦੂਸਰੇ ਨੰਬਰ ਤੇ ਆਉਣ ’ਚ ਅਕਾਲੀ ਦਲ ਅਤੇ ਕਾਂਗਰਸ ਬਾਰਬਰ ਰਹੀ ਹੈ। ਦੋਵੇਂ ਹੀ ਪਾਰਟੀਆਂ 47-47 ਹਲਕਿਆਂ ’ਚ ਉੱਪ ਜੇਤੂ ਰਹੀਆਂ ਹਨ। ਭਾਰਤੀ ਜੰਤਾ ਪਾਰਅਂ 8 ਹਲਕਿਆਂ ’ਚ ਦੂਸਰੇ ਨੰਬਰ ਤੇ ਰਿਹਾ ਜਦੋਂਕਿ ਪੀਐਲਸੀ ਸੰਯੁਕਤ ਅਕਾਲੀ ਦਲ ਅਤੇ ਅਜਾਦ 1-1 ਹਲਕੇ ’ਚ ਦੂਸਰੇ ਸਥਾਨ ਤੇ ਰਹੇ ਸਨ।