ਪੁਲਿਸ ਦਾ ਕਾਨੂੰਨੀ ਡੰਡਾ, ਨਾਮੀ ਡਾਕਟਰ ਤੇ ਸ਼ਿਕੰਜਾ: ਮਾਮਲਾ ਥਰਮਲ ਦੀ ਜਮੀਨ ਹੜੱਪਣ ਦਾ
ਅਸ਼ੋਕ ਵਰਮਾ
ਬਠਿੰਡਾ,8 ਅਪਰੈਲ 2024: ਬਠਿੰਡਾ ਪੁਲਿਸ ਨੇ ਗੁਰੂ ਨਾਨਕ ਦੇਵ ਪਲਾਂਟ ਦੀ 11 ਹਜ਼ਾਰ 731 ਗਜ਼ ਜਮੀਨ ਦੀ ਜਾਅਲੀ ਦਸਤਾਵੇਜ਼ਾਂ ਦੇ ਅਧਾਰ ਤੇ ਰਜਿਸਟਰੀ ਕਰਵਾਕੇ ਕਬਜਾ ਕਰਨ ਦੇ ਦੋਸ਼ਾਂ ਤਹਿਤ ਸ਼ਹਿਰ ਦੇ ਇੱਕ ਨਾਮੀ ਡਾਕਟਰ ਤੋਂ ਇਲਾਵਾ ਇੱਕ ਪ੍ਰਾਪਰਟੀ ਡੀਲਰ ਸਮੇਤ ਚਾਰ ਜਣਿਆ ਖਿਲਾਫ ਠੱਗੀ ਤੇ ਸਾਜਿਸ਼ ਆਦਿ ਦੇ ਦੋਸ਼ਾਂ ਤਹਿਤ ਸ਼ਿਕੰਜਾ ਕਸ ਦਿੱਤਾ ਹੈ। ਬਠਿੰਡਾ ਪੁਲਿਸ ਨੇ ਇਹ ਕਾਰਵਾਈ ਡਿਪਟੀ ਕਮਿਸ਼ਨਰ ਵੱਲੋਂ ਕਰਵਾਈ ਜਾਂਚ ਦੇ ਅਧਾਰ ਤੇ ਕੀਤੀ ਹੈ । ਥਾਣਾ ਸਿਵਲ ਲਾਈਨ ਪੁਲਿਸ ਨੇ ਇਸ ਕੇਸ ’ਚ ਰਜਿਸ਼ਟਰੇਸ਼ਨ ਐਕਟ 1908 ਦੀ ਧਾਰਾ 82, ਧਾਰਾ 420 ,447 ,465 ,467,468,471 ਤੇ 120 ਬੀ ਤਹਿਤ ਗਜਿੰਦਰ ਸਿੰਘ ਸ਼ੇਖਾਵਤ ਪੁੱਤਰ ਹਨੂੰਮਾਨ ਸਿੰਘ ਸ਼ੇਖਾਵਤ ਵਾਸੀ ਗਲੀ ਨੰਬਰ 3 ਬੀਬੀ ਵਾਲਾ ਰੋਡ ਬਠਿੰਡਾ,ਅਸ਼ੋਕ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਹਾਜੀ ਰਤਨ ਬਠਿਡਾ ਅਤੇ ਦੋ ਸਕੇ ਭਰਾਵਾਂ ਗੁਰਵਿੰਦਰ ਸਿੰਘ ਤੇ ਹਰਜਿੰਦਰ ਸਿੰਘ ਪੁੱਤਰਾਨ ਸੋਹਣ ਸਿੰਘ ਨੂੰ ਨਾਮਜਦ ਕੀਤਾ ਹੈ।
ਚੰਡੀਗੜ੍ਹ ਗੰਗਾਨਗਰ ਨੈਸ਼ਨਲ ਹਾਈਵੇਅ ਤੇ ਸਥਿਤ ਥਰਮਲ ਪਲਾਂਟ ਦੀ ਇਸ ਬੇਸ਼ਕੀਮਤੀ ਜਮੀਨ ਦਾ ਮੌਜੂਦਾ ਮੁੱਲ ਕਰੋੜਾਂ ਰੁਪਏ ਦੱਸਿਆ ਜਾ ਰਿਹਾ ਹੈ। ਪੁਲਿਸ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਅਤੇ ਤੱਥ ਇਕੱਠੇ ਕਰਨ ’ਚ ਜੁਟ ਗਈ ਹੈ। ਜਾਣਕਾਰੀ ਅਨੁਸਾਰ ਇਸ ਜਮੀਨ ਤੇ ਕਬਜੇ ਦਾ ਖੁਲਾਸਾ ਡਿਪਟੀ ਕਮਿਸ਼ਨਰ ਨੂੰ ਲਿਖੇ ਇੱਕ ਗੁੰਮਨਾਮ ਪੱਤਰ ਕਾਰਨ ਹੋਇਆ ਸੀ। ਪੱਤਰ ਦੇ ਅਧਾਰ ਤੇ ਤੱਤਕਾਲੀ ਡੀਸੀ ਸ਼ੌਕਤ ਅਹਿਮਦ ਪਰੇ ਨੇ ਕਮੇਟੀ ਬਣਾਕੇ ਪੜਤਾਲ ਕਰਵਾਈ ਸੀ। ਡਿਪਟੀ ਕਮਿਸ਼ਨਰ ਨੇ ਪੜਤਾਲੀਆ ਰਿਪੋਰਟ ਮਿਲਣ ਤੋਂ ਬਾਅਦ 25 ਜਨਵਰੀ 2024 ਨੂੰ ਐਸਐਸਪੀ ਬਠਿੰਡਾ ਨੂੰ ਇਸ ਜਾਂਚ ਦੇ ਅਧਾਰ ਤੇ ਐਫਆਈਆਰ ਦਰਜ ਕਰਨ ਲਈ ਕਿਹਾ ਸੀ। ਹੁਣ ਦੋ ਮਹੀਨਿਆਂ ਤੋਂ ਵੀ ਜਿਆਦਾ ਵਕਤ ਲੰਘ ਜਾਣ ਪਿਛੋਂ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਲੰਘੇ ਸ਼ਨੀਵਾਰ ਨੂੰ ਡਾਕਟਰ ਗਜਿੰਦਰ ਸਿੰਘ ਸ਼ੇਖਾਵਤ,ਅਸ਼ੋਕ ਕੁਮਾਰ ,ਗੁਰਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।
ਵੇਰਵਿਆਂ ਅਨੁਸਾਰ ਗੁੰਮਨਾਮ ਪੱਤਰ ਲਿਖਣ ਵਾਲੇ ਨੇ ਡਿਪਟੀ ਕਮਿਸ਼ਨਰ ਨੂੰ ਭੇਜੀ ਸ਼ਕਾਇਤ ’ਚ ਦੱਸਿਆ ਸੀ ਕਿ ਹਰਜਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਤਰਫੋਂ ਇੱਕ ਰਜਿਸਟਰੀ ਪ੍ਰਮਾਣ ਪੱਤਰ ਨੰਬਰ 2021-22/23/1/12825 ਮਿਤੀ 28 ਫਰਵਰੀ 2022 ਬਾਬਤ ਮਕਾਨ ਨੰਬਰ ਐਮਸੀਬੀ-ਜ਼ੈਡ-6-18697 ਤੇ 11 ਹਜ਼ਾਰ 731 ਮੁਰੱਬਾ ਗਜ਼ ਜ਼ਮੀਨ ਡਾਕਟਰ ਗਜਿੰਦਰ ਸਿੰਘ ਸ਼ੇਖਾਵਤ ਵਾਸੀ ਬਠਿੰਡਾ ਦੇ ਹੱਕ ’ਚ ਕਰਵਾਈ ਸੀ। ਸ਼ਕਾਇਤ ’ਚ ਦੱਸਿਆ ਸੀ ਕਿ ਇਹ ਜਮੀਨ ਕਿਸੇ ਦੀ ਨਿੰਜੀ ਜਾਇਦਾਦ ਨਹੀਂ ਬਲਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਮਲਕੀਅਤ ਹੈ। ਸ਼ਕਾਇਤ ਮੁਤਾਬਕ ਇਸ ਜਮੀਨ ਦਾ ਮਲਕੀਅਤਨਾਮਾ 4611 ਨੰਬਰ ਤਹਿਤ 22 ਜੁਲਾਈ 2016 ਨੂੰ ਫਰਜ਼ੀ ਢੰਗ ਤਰੀਕਿਆਂ ਨਾਲ ਗੁਰਵਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਨੇ ਆਪਣੇ ਨਾਮ ਕਰਵਾ ਲਿਆ ਸੀ ਜੋ ਬਾਅਦ ’ਚ ਵਸੀਕਾ ਨੰਬਰ2021-22/23/1/12825 ਮਿਤੀ 28 ਫਰਵਰੀ2022 ਨੂੰ ਗਜਿੰਦਰ ਸਿੰਘ ਸ਼ੇਖਾਵਤ ਦੇ ਹੱਕ ’ਚ ਕਰਵਾ ਦਿੱਤਾ ਗਿਆ।
ਇਸ ਤਰਾਂ ਇੰਨ੍ਹਾਂ ਲੋਕਾਂ ਨੇ ਮਿਲੀਭੁਗਤ ਅਤੇ ਸਿਆਸੀ ਪਹੁੰਚ ਦੇ ਚਲਦਿਆਂ ਪੰਜਾਬ ਸਰਕਾਰ ਦੀ ਕਰੋੜਾਂ ਦੀ ਜਮੀਨ ਹੜੱਪ ਲਈ। ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਬਠਿੰਡਾ ਨੇ ਸਾਲ 2104 ’ਚ ਪੱਤਰ ਜਾਰੀ ਕਰਕੇ ਆਦੇਸ਼ ਦਿੱਤੇ ਸਨ ਕਿ ਜਦੋਂ ਕਿਸੇ ਵਸੀਅਤ ਨੂੰ ਪਾਰਟੀਆਂ ਵੱਲੋਂ ਮੁਲਾਂਕਣ ਰਜਿਸਟਰ ਦੇ ਅਧਾਰ ਤੇ ਰਜਿਸ਼ਟਰੇਸ਼ਨ ਲਈ ਪੇਸ਼ ਕੀਤਾ ਜਾਂਦਾ ਹੈ ਤਾਂ ਸਬੰਧਤ ਪਾਰਟੀਆਂ ਜਮੀਨ ਦੇ ਮਾਲਿਕਾਨਾ ਹੱਕ ਦੀ ਤਸਦੀਕ ਲਈ ਪੁਰਾਣੀ ਰਜਿਸਟਰੀ ਜਾਂ ਉਸ ਜਮੀਨ ਆਦਿ ਦੀ ਮਲਕੀਅਤ ਦੇ ਸਬੰਧ ’ਚ ਘੱਟੋ ਘੱਟ 20 ਸਾਲ ਪੁਰਾਣਾ ਸਬੂਤ ਪੇਸ਼ ਕਰਕੇ ਰਜਿਸਟਰੀ ਕਰਵਾ ਸਕਦਾ ਹੈ। ਇਸ ਮਾਮਲੇ ’ਚ ਇੰਨ੍ਹਾਂ ਨਿਯਮਾਂ ਦਾ ਵੀ ਪਾਲਣਾ ਨਹੀਂ ਕੀਤੀ ਹੈ ਅਤੇ ਗਜਿੰਦਰ ਸਿੰਘ ਸ਼ੇਖਾਵਤ ਦੇ ਹੱਕ ’ਚ 28 ਫਰਵਰੀ 2022 ਨੂੰ ਵਸੀਕਾ ਨੰਬਰ 12825 ਤਸਦੀਕ ਕਰਵਾ ਦਿੱਤਾ ।ਇਸ ਮੌਕੇ ਮਾਲ ਰਿਕਾਰਡ ਆਦਿ ਦੀ ਕੋਈ ਜਮਾਂਬੰਦੀ ਵੀ ਸ਼ਾਮਲ ਨਹੀਂ ਕੀਤੀ ਗਈ।
ਐਸਡੀਐਮ ਦੀ ਜਾਂਚ ’ਚ ਖੁੱਲਿਆ ਭੇਦ
ਡਿਪਟੀ ਕਮਿਸ਼ਨਰ ਬਠਿੰਡਾ ਨੂੰ ਭੇਜੀ ਗੁੰਮਨਾਮ ਸ਼ਿਕਾਇਤ ਦੀ ਪੜਤਾਲ ਕਰਨ ਦੀ ਜਿੰਮੇਵਾਰੀ ਡੀਸੀ ਨੇ ਐਸਡੀਐਮ ਬਠਿੰਡਾ ਨੂੰ ਦਿੱਤੀ ਸੀ। ਪੜਤਾਲ ਉਪਰੰਤ ਐਸਡੀਐਮ ਨੇ ਪੱਤਰ ਨੰਬਰ 850 ਰਾਹੀਂ 19 ਅਕਤੂਬਰ 2023 ਨੂੰ ਡਿਪਟੀ ਕਮਿਸ਼ਨਰ ਦਫਤਰ ਨੂੰ ਜਾਣਕਾਰੀ ਦਿੱਤੀ ਕਿ ਇਹ ਜਮੀਨ ਵਾਕਿਆ ਹੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਹੈ ਜਿਸ ਦੀ ਗਲ੍ਹਤ ਢੰਗ ਨਾਲ ਰਜਿਸਟਰੀ ਕਰਵਾਈ ਗਈ ਹੈ।
ਅਧਿਕਾਰੀਆਂ ਖਿਲਾਫ ਜਾਂਚ ਦੀ ਸਿਫਾਰਸ਼
ਪੜਤਾਲੀਆ ਅਧਿਕਾਰੀ ਨੇ ਥਰਮਲ ਜਮੀਨ ਮਾਮਲੇ ’ਚ ਉਸ ਵਕਤ ਦੇ ਕਾਨੂੰਨਗੋ ਦੀ ਜਾਂਚ ਕਰਨ ਦੀ ਸਿਫਾਰਸ਼ ਕੀਤੀ ਹੈ ਜਿਸ ਨੇ ਇਹ ਗਲ੍ਹਤ ਰਿਪੋਰਟ ਭੇਜੀ ਸੀ ਕਿ ਪਾਵਰਕਾਮ ਦੀ ਕੋਈ ਜਮੀਨ ਸੜਕ ਦੇ ਦੂਜੇ ਪਾਸੇ ਨਹੀਂ ਹੈ। ਪੜਤਾਲ ਕਰਨ ਵਾਲੇ ਅਫਸਰ ਨੇ ਤਹਿਸੀਲਦਾਰ ਲਖਵਿੰਦਰ ਸਿੰਘ ਜੋ ਦੋਵਾਂ ਰਜਿਸ਼ਟਰਡ ਵਸੀਅਤਾਂ ਦੇ ਸਬ ਰਜਿਸ਼ਟਰਾਰ ਸੀ ਦੀ ਭੂਮਿਕਾ ਸਬੰਧੀ ਵੀ ਜਾਂਚ ਕਰਨ ਲਈ ਕਿਹਾ ਹੈ। ਪੜਤਾਲ ਦੌਰਾਨ ਨਗਰ ਨਿਗਮ ਦੇ ਅਧਿਕਾਰੀ ਨੂੰ ਵੀ ਸ਼ੱਕ ਦੇ ਘੇਰੇ ’ਚ ਰੱਖਿਆ ਗਿਆ ਹੈ। ਪੁਲਿਸ ਪ੍ਰਸ਼ਾਸ਼ਨ ਨੇ ਡੀਏ ਲੀਗਲ ਤੋਂ ਵੀ ਕਾਨੂੰਨੀ ਸਲਾਹ ਲਈ ਸੀ ਜਿਸ ਤੋਂ ਬਾਅਦ ਐਸਐਸਪੀ ਨੇ 6 ਅਪਰੈਲ 2024 ਨੂੰ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਸਨ।
ਐਫਆਈਆਰ ਝੂਠੀ-ਸ਼ੇਖਾਵਤ
ਡਾਕਟਰ ਸ਼ੇਖਾਵਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋਕੇ ਇਸ ਐਫਆਈਆਰ ਨੂੰ ਝੂਠੀ ਦੱਸਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਤੋਂ ਇਸ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਨੇ ਇਸ ਮਾਮਲੇ ’ਚ ਤੱਤਕਾਲੀ ਡਿਪਟੀ ਕਮਿਸ਼ਨਰ ਤੇ ਦੋਸ਼ ਵੀ ਲਾਏ ਅਤੇ ਇਸ ਕੇਸ ਨੂੰ ਸਿਆਸੀ ਤੇ ਪ੍ਰਸ਼ਾਸ਼ਕੀ ਸਾਜਿਸ਼ ਕਰਾਰ ਦਿੱਤਾ। ਅੱਜ ਵੀ ਜਦੋਂ ਡਾਕਟਰ ਸ਼ੇਖਾਵਤ ਨਾਲ ਸੰਪਰਕ ਕੀਤਾ ਤਾਂ ਅੱਗਿਓਂ ਬੋਲਣ ਵਾਲੇ ਨੇ ਕਿਹਾ ਡਾਕਟਰ ਸੈਂਟਰ ’ਚ ਨਹੀਂ ਅਤੇ ਫੋਨ ਕੱਟ ਦਿੱਤਾ।