ਕਿਸਾਨਾਂ ਨੇ ਗਰਮ ਕੀਤੀ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਸਿੱਲੀ ਸਿੱਲੀ ਹਵਾ
ਅਸ਼ੋਕ ਵਰਮਾ
ਰਾਮਪੁਰਾ,8 ਅਪ੍ਰੈਲ 2024:ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਧੱਕੇ ਨਾਲ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰਨ ਵਿਰੁੱਧ ਭਾਜਪਾ ਆਗੂਆਂ ਦੇ ਚੋਣ ਪ੍ਰਚਾਰ ਦੌਰਾਨ ਉਹਨਾਂ ਦਾ ਵਿਰੋਧ ਕੀਤੇ ਜਾਣ ਦੇ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨਾਂ ਨੇ ਰਾਮਪੁਰਾ ਸ਼ਹਿਰ ਵਿਖੇ ਹੰਸ ਰਾਜ ਹੰਸ ਦਾ ਜ਼ਬਰਦਸਤ ਵਿਰੋਧ ਕੀਤਾ। ਭਾਜਪਾ ਆਗੂ ਹੰਸ ਰਾਜ ਹੰਸ ਦੀ ਆਮਦ ਤੇ ਕਿਸਾਨ ਇੰਨੇ ਭੜਕੇ ਹੋਏ ਸਨ ਕਿ ਉਨਾਂ ਨੂੰ ਕਾਬੂ ਕਰਨ ਦੌਰਾਨ ਪੁਲਿਸ ਦੇ ਛੱਕੇ ਛੁੱਟ ਗਏ। ਕਿਸਾਨਾਂ ਨੂੰ ਰੋਕਣ ਦੇ ਯਤਨ ਦੌਰਾਨ ਪੁਲਿਸ ਅਤੇ ਕਿਸਾਨਾਂ ਵਿਚਕਾਰ ਧੱਕਾ ਮੱਕੀ ਵੀ ਹੋਈ।
ਦਰਅਸਲ ਅੱਜ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਅਤੇ ਲੋਕ ਗਾਇਕ ਹੰਸਰਾਜ ਹੰਸ ਨੇ ਰਾਮਪੁਰਾ ਵਿੱਚ ਚੋਣ ਪ੍ਰਚਾਰ ਲਈ ਆਉਣਾ ਸੀ। ਹੰਸਰਾਜ ਹੰਸ ਦੀ ਆਮਦ ਮੌਕੇ ਕਿਸਾਨਾਂ ਵੱਲੋਂ ਕੀਤੇ ਜਾਣ ਵਾਲੇ ਸੰਭਾਵੀ ਵਿਰੋਧ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਭਾਰੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਹੋਈ ਸੀ। ਪੰਜਾਬ ਪੁਲਿਸ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਨੇ ਦੰਗਾ ਰੋਕੋ ਬਲਵੀ ਮੌਕੇ ਤੇ ਲਿਆਂਦਾ ਹੋਇਆ ਸੀ। ਇਸ ਤੋਂ ਇਲਾਵਾ ਹੰਸ ਰਾਜ ਹੰਸ ਦੇ ਆਉਣ ਵਾਲੀ ਥਾਂ ਤੇ ਪੁਲਿਸ ਨੇ ਬੈਰੀਕੇਡਿੰਗ ਕਰਕੇ ਸੁਰੱਖਿਆ ਕਰੜੀ ਕੀਤੀ ਹੋਈ ਸੀ। ਜਦੋਂ ਕਿਸਾਨਾਂ ਨੂੰ ਹੰਸ ਦੀ ਦੇ ਆਉਣ ਦੀ ਭਿਣਕ ਪੈ ਗਈ ਤਾਂ ਉਹਨਾਂ ਨੇ ਮੌਕੇ ਤੇ ਜਾ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ । ਪੁਲਿਸ ਨੇ ਕਿਸਾਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਜਗ੍ਹਾ ਤੇ ਨਾਅਰੇਬਾਜ਼ੀ ਕਰਦੇ ਰਹੇ।
ਇਸੇ ਦੌਰਾਨ ਭਾਰੀ ਫੋਰਸ ਦੀ ਤਾਇਨਾਤੀ ਦੇ ਬਾਵਜੂਦ ਕਿਸਾਨਾਂ ਨੇ ਬੈਰੀਕੇਡ ਪੱਟ ਦਿੱਤੇ ਅਤੇ ਹੰਸਰਾਜ ਹੰਸ ਦੇ ਠਹਿਰਨ ਵਾਲੀ ਥਾਂ ਦੇ ਬਿਲਕੁਲ ਨਜ਼ਦੀਕ ਪੁੱਜ ਗਏ। ਜਦੋਂ ਕੋਈ ਵਾਹ ਨਾ ਚੱਲੀ ਤਾਂ ਕਿਸਾਨਾਂ ਨੂੰ ਹਟਾਉਣ ਲਈ ਪੁਲਿਸ ਨੂੰ ਬਲ ਪ੍ਰਯੋਗ ਕਰਨਾ ਪਿਆ।ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਵੀ ਭਾਜਪਾ ਆਗੂ ਆਪਣਾ ਚੋਣ ਪ੍ਰਚਾਰ ਕਰਨਗੇ ਉਹਨਾਂ ਵੱਲੋਂ ਇਸੇ ਤਰ੍ਹਾਂ ਵਿਰੋਧ ਕੀਤਾ ਜਾਂਦਾ ਰਹੇਗਾ। ਇਸ ਮੌਕੇ ਹਾਜ਼ਰ ਕਿਸਾਨ ਆਗੂਆਂ ਨੇ ਦੋਸ਼ ਲਾਏ ਕਿ ਉਹ ਆਪਣਾ ਸ਼ਾਂਤੀ ਪੂਰਵਕ ਵਿਰੋਧ ਕਰ ਰਹੇ ਸਨ ਪਰ ਪੰਜਾਬ ਪੁਲਿਸ ਨੇ ਉਹਨਾਂ ਤੇ ਲਾਠੀਆਂ ਬੁਰਾਈਆਂ ਅਤੇ ਡੰਡੇ ਮਾਰੇ ਹਨ। ਦੂਜੇ ਪਾਸੇ ਪੁਲਿਸ ਕਿਸੇ ਕਿਸਮ ਦੇ ਲਾਠੀ ਚਾਰਜ ਜਾਂ ਧੱਕਾ ਮੁੱਕੀ ਤੋਂ ਇਨਕਾਰ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਮੋਦੀ ਸਰਕਾਰ ਉਹਨਾਂ ਨੂੰ ਦਿੱਲੀ ਨਹੀਂ ਜਾਣ ਦੇ ਰਹੀ ਹੈ ਤਾਂ ਉਹ ਭਾਜਪਾ ਆਗੂਆਂ ਨੂੰ ਪੰਜਾਬ ਵਿੱਚ ਕਿਸ ਤਰ੍ਹਾਂ ਆਜ਼ਾਦਾਨਾ ਤੌਰ ਤੇ ਘੁੰਮਣ ਦੇਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਤੋਂ ਬਾਅਦ ਉਹਨਾਂ ਨੂੰ ਲਾਗੂ ਕਰਨ ਤੋਂ ਭੱਜ ਗਈ ਹੈ ਇਸ ਲਈ ਇਸੇ ਤਰ੍ਹਾਂ ਵਿਰੋਧ ਜਾਰੀ ਰੱਖਿਆ ਜਾਏਗਾ।
ਕਿਸਾਨ ਆਗੂਆਂ ਨੇ ਇਸ ਲਾਠੀ ਚਾਰਜ ਦਾ ਠੀਕਰਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਸਿਰ ਫੋੜ ਦਿੱਤਾ ਹੈ। ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਅਤੇ ਪ੍ਰੈੱਸ ਸਕੱਤਰ ਜਸਵੀਰ ਸਿੰਘ ਬੁਰਜ ਸੇਮਾ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਕੇਂਦਰ ਦੀ ਭਾਜਪਾ ਹਕੂਮਤ ਦੇ ਜਬਰ ਹਾਲੇ ਵਿਰੁੱਧ ਧਰਨਾ ਪ੍ਰਦਰਸ਼ਨ ਤੇ ਭੁੱਖ ਹੜਤਾਲ ਕਰ ਰਹੀ ਹੈ ਦੂਜੇ ਪਾਸੇ ਉਹਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੋਵੇਂ ਪਾਰਟੀਆਂ ਸਮੇਤ ਸਾਰੀਆਂ ਹੀ ਵੋਟ ਪਾਰਟੀਆਂ ਕਿਸਾਨ ਵਿਰੋਧੀ ਹਨ ਜਿਸ ਦਾ ਦੋ ਪਾਰਟੀਆਂ ਦਾ ਅਸਲ ਵਿੱਚ ਆਮ ਆਦਮੀ ਪਾਰਟੀ ਦਾ ਭਾਜਪਾ ਪ੍ਰਤੀ ਨਕਲੀ ਵਿਰੋਧ ਦਾ ਅਸਲੀ ਚਿਹਰਾ ਸਾਹਮਣੇ ਆ ਚੁੱਕਿਆ ਹੈ।